ਪਟਿਆਲਾ, 10 ਜਨਵਰੀ : ਨਗਰ ਨਿਗਮ ਪਟਿਆਲਾ ਦੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਪਿਛੋਂ ਅੱਜ ਸਰਵਸੰਮਤੀ ਨਾਲ ਨਵੇਂ ਚੁਣੇ ਗਏ ਕੁੰਦਨ ਗੋਗੀਆ ਨੂੰ ਮੇਅਰ ਚੁਣ ਲਿਆ ਗਿਆ ਹੈ। ਇਸ ਤੋਂ ਇਲਾਵਾ ਹਰਿੰਦਰ ਕੋਹਲੀ ਨੂੰ ਸਰਵਸੰਮਤੀ ਨਾਲ ਡਿਪਟੀ ਮੇਅਰ ਚੁਣਿਆ ਗਿਆ।
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਆਪ ਦੇ ਨਵੇਂ ਆਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ, ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਅਤੇ ਹੋਰ ਆਪ ਆਗੂ ਵੀ ਹਾਜਰ ਸਨ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਲੋਕ ਪੱਖੀ ਨੀਤੀਆਂ ਦਾ ਹੀ ਸਿੱਟਾ ਹੈ ਕਿ ਨਗਰ ਕੌਂਸਲ ਚੋਣਾ ਦੌਰਾਨ ਆਪ ਨੂੰ ਭਾਰੀ ਜਿੱਤ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਨਗਰ ਨਿਗਮ ਪਟਿਆਲਾ ਦੇ ਤਿੰਨੇ ਆਹੁਦੇਦਾਰਾਂ ਦੀ ਚੋਣ ਸਰਵਸੰਮਤੀ ਨਾਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਆਪ ਦੇ ਕੌਂਸਲਰਾਂ ਦੀ ਏਕਤਾ ਅਤੇ ਸਮਰਪਨ ਦੀ ਭਾਵਨਾ ਤੋਂ ਪਤਾ ਲੱਗਦਾ ਹੈ ਕਿ ਹੁਣ ਪੰਜਾਬ ਵਿਚ ਪੂਰੀ ਤਰਾਂ ਪਾਰਦਰਸ਼ੀ ਅਤੇ ਇਮਾਨਦਾਰੀ ਨਾਲ ਕੰਮ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੇਵਲ ਆਮ ਆਦਮੀ ਪਾਰਟੀ ਹੀ ਹੈ ਜੋ ਆਮ ਵਰਕਰਾਂ ਨੂੰ ਉੱਚ ਆਹੁਦਿਆਂ ‘ਤੇ ਬਿਰਾਜਮਾਨ ਕਰਦੀ ਹੈ। ਹੁਣ ਤੱਕ ਬਾਕੀ ਸਿਆਸੀ ਪਾਰਟੀਆਂ ਵਲੋਂ ਤਾਂ ਪਰਿਵਾਦ ਨੂੰ ਹੀ ਹੁਲਾਰਾ ਦਿੱਤਾ ਜਾਂਦਾ ਰਿਹਾ ਹੈ। ਨਗਰ ਨਿਗਮ ਪਟਿਆਲਾ ਦੀਆਂ 53 ਸੀਟਾਂ ਵਿਚੋਂ 43 ਸੀਟਾਂ ‘ਤੇ ਆਪ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ।
ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਵਰਗੀਆਂ ਪਾਰਟੀਆਂ ਦਾ ਇਹ ਭਰਮ ਵੀ ਟੁੱਟ ਗਿਆ ਹੈ ਕਿ ਸ਼ਹਿਰੀ ਖੇਤਰਾਂ ਵਿਚ ਆਪ ਦਾ ਆਧਾਰ ਘੱਟ ਹੈ। ਹੁਣ ਸਾਬਤ ਹੋ ਗਿਆ ਹੈ ਕਿ ਸ਼ਹਿਰਾਂ ਦੇ ਲੋਕ ਵੀ ਆਮ ਆਦਮੀ ਪਾਰਟੀ ਦੇ ਸਾਫ ਸੁਥਰੇ ਪ੍ਰਸਾਸ਼ਨ ਤੋਂ ਪੂਰੀ ਤਰਾਂ ਖੁਸ਼ ਹਨ।