
ਵਕਤ ਨਾਲ ਹਰ ਚੀਜ਼ ਬਦਲਦੀ ਰਹਿੰਦੀ ਹੈ । ਇਹ ਸਿਲਸਿਲਾ ਆਦਿ ਕਾਲ ਤੋਂ ਤੁਰਿਆ ਆ ਰਿਹਾ ਹੈ । ਬਨਸਪਤੀ, ਮੌਸਮ, ਜੀਵ ਜੰਤੂ ਸਭਿਆਤਾਵਾਂ, ਹੱਥਿਆਰ, ਲੜਾਈਆਂ ਅਤੇ ਇਨ੍ਹਾਂ ਦੇ ਢੰਗ ਤਰੀਕੇ ਸਭ ਬਦਲ ਰਹੇ ਹਨ । ਜੇਕਰ ਇੰਝ ਨਾ ਹੁੰਦਾ ਤਾਂ ਆਪਾਂ ਅੱਜ ਵੀ ਜੰਗਲਾਂ ਅਤੇ ਪਹਾੜਾਂ ਦੀਆਂ ਕੁੰਦਰਾਂ ਵਿਚ ਰਹਿ ਰਹੇ ਹੁੰਦੇ । ਨਹੀਂ ਬਦਲਿਆ ਤਾਂ ਉਹ ਹੈ ਆਪਸੀ ਪਿਆਰ : ਹਾਂ ਇਸ ਵਿਚ ਖੜੋਤ ਜ਼ਰੂਰ ਆਈ ਹੈ । ਇਸ ਦੇ ਉਲਟ ਨਫ਼ਰਤ ਵਿਚ ਬੇਹਿਸਾਬਾ ਵਾਧਾ ਹੋਇਆ ਹੈ ।
ਮੱਲਾਂ ਮਾਰਨ ਵਾਲੇ ਹੁਣ ਵੀ ਭਾਰੂ ਹਨ । ਲੜਾਈਆਂ ਪਹਿਲਾਂ ਕਬੀਲਿਆਂ ਤੱਕ ਸੀਮਤ ਸਨ, ਹੁਣ ਆਲਮੀ ਜੰਗਾਂ ਹਨ : ਆਪਾਂ ਦੋ ਹੰਢਾ ਚੁਕੇ ਹਾਂ, ਤੀਜੀ ਪ੍ਰਮਾਣੂ ਜੰਗ ਦੀ ਉਡੀਕ ਵਿਚ ਹਾਂ ।
ਪਹਿਲਾਂ ਲੜਾਈਆਂ ਆਹਮੋ-ਸਾਹਮਣੇ ਦੀਆਂ ਹੁੰਦੀਆਂ ਸਨ, ਦਿਨ ਵੇਲੇ । ਸੂਰਜ ਛਿਪਣ ਤੇ ਰੁਕ ਜਾਂਦੀ ਸੀ, ਅਗਲੇ ਦਿਨ ਫ਼ਿਰ ਬਿਗਲ ਵਜਦੇ, ਰਣ ਸਿੰਗੇ ਗੂੰਜਦੇ ਅਤੇ ਸੂਰਮੇ ਭਿੜ ਜਾਂਦੇ । ਰਾਤਾਂ ਨੂੰ ਜਖ਼ਮੀ ਸੰਭਾਲਦੇ, ਸੂਹੀਏ, ਪੈੜਾਂ ਨਪਦੇ । ਇਸੇ ਤਰਾਂ ਪਹਿਲਾਂ ਹਥਿਆਰ ਪੱਥਰ ਦੇ ਹੁੰਦੇ ਸਨ, ਫ਼ਿਰ ਧਾਤ ਦੇ, ਫ਼ਿਰ ਅੱਜ ਦੇ ਬੰਦੂਕ ਤੋਂ ਪ੍ਰਮਾਣੂ ਬੰਬ ਤਕ । ਕਦੇ ਲਾਰਡ ਇੰਦਰ ਦਾ ਮਾਰੂ ਹਥਿਆਰ ‘ ਵਜਰਾ ’ ਅਤੇ ਕਦੇ ਭਗਵਾਨ ਕ੍ਰਿਸ਼ਨ ਦਾ ਸੁਦਰਸ਼ਨ ਚਕਰ/ਅਮੋਗ । ਦੂਜੇ ਪਾਸੇ ਬਰਛੇ, ਤੀਰ, ਕਟਾਰਾਂ, ਤਲਵਾਰਾਂ ਫ਼ਿਰ ਤੋੜੇਦਾਰ ਬੰਦੂਕਾਂ, ਤੋਪਾਂ ਤੇ ਪਤਾ ਨਹੀਂ ਕਈ ਕੁਝ ਹੋਰ ।
ਆਉ ਹੁਣੇ ਹੁਣੇ ਹੋਈ ਹਿੰਦ-ਪਾਕ ਜੰਗ : ‘ ਔਪਰੇਸ਼ਨ ਸਿਧੂੰਰ ’ ਜੋ ਰੁਕੀ ਹੋਈ ਐ, ਪਰ ਮੁਕੀ ਨਹੀਂ ਵੱਲ ਖਿਆਲ ਕਰੀਏ । ਇਸ ਦੇ ਮੁੱਕਣ ਦੀ ਉਮੀਦ ਵੀ ਨਹੀਂ । ਪਾਕਿਸਤਾਨ ਵਲੋਂ 1947 ‘ਚ ਛੇੜੀ ਜੰਗ ਅੱਜ ਵੀ ਸਿਧੇ-ਅਸਿਧੇ ਤਰੀਕੇ ਚਲ ਰਹੀ ਹੈ । ਇਸੇ ‘ਚੋਂ ਪੈਦਾ ਹੋਈਆਂ ਹਨ : 1965 ਅਪਰੈਲ-ਮਈ ‘ਚ ਰਾਣ ਕੱਛ ਦੀਆਂ ਝੜਪਾਂ, 65’ ਦੀ ਮੇਨ ਜੰਗ, 1971 ਦੀ ਵਡ ਅਕਾਰੀ ਜੰਗ, 1999 ਦੀ ਸੀਮਤ ਕਾਰਗਿਲ ਸੀਮਤ ਜੰਗ ਤੇ ਹੁਣ ‘ ਸਿਧੂੰਰ ’।
ਸਮਝੌਤੇ ਔਖੇ ਹੁੰਦੇ ਨੇ, ਕਿਉਂਕਿ, ਇਸ ਵਿਚ ਕੁਝ ਪਾਉਣ ਲਈ, ਕੁਝ ਗਵਾਉਣਾਂ ਵੀ ਪੈਂਦਾ ਹੈ । ਇਹ ਸਿਆਸਤ ਹੈ ।
“ ਕਿਸੇ ਪੁਛਿਆ, ਜੰਗਾਂ ਕਿਉਂ ਹੁੰਦੀਆਂ ਨੇ ”? ਸਿਆਣੇ ਦਾ ਉਤਰ ਸੀ, “ ਲੜਦੇ ਫ਼ੌਜੀ ਨੇ, ਲੜਾਉਂਦੇ ਲੀਡਰ/ਹੁਕਮਰਾਨ ਨੇ ”। ਸਰਹੱਦ ਤੇ ਲੜਨ ਵਾਲੇ ਸੈਨਿਕ ਦੀ ਸਾਹਮਣੇ ਵਾਲੇ ਨਾਲ ਕੋਈ ਨਿਜੀ ਦੁਸ਼ਮਣੀ ਨਹੀਂ ਹੁੰਦੀ, ਨਾਂ ਹੀ ਉਹ ਜ਼ਮੀਨ, ਜਿਸ ਤੇ ਉਹ ਖੜਾ ਹੁੰਦਾ ਐ, ਪਰ ਫ਼ਿਰ ਵੀ ਲੜ੍ਹਦੇ ਨੇ, ਕਿਉਂ ? ਹੁਕਮਰਾਨ ਲੜਾਉਂਦੇ ਨੇ, ਉਹਨਾਂ ਦਾ ਆਪਣਾ ਕੁੱਝ ਨਹੀਂ ਜਾਂਦਾ । ਤਾਹੀਏ ਤਾਂ ਇਕ ਪੁਰਾਣੀ ਕਹਾਵਤ ਚੇਤੇ ਆਉਂਦੀ ਹੈ : “ ਬਹਾਦਰ ਸੂਰਮੇਂ ਉਦੋਂ ਹੀ ਯਾਦ ਆਉਂਦੇ ਨੇ, ਜਦ ਦੁਸ਼ਮਨ ਬਰੂਹਾਂ ਤੇ ਹੁੰਦਾ ਹੈ ”। ਲੜਾਈ ਖ਼ਤਮ-ਸੂਰਮੇਂ ਵਿਸਾਰ ਦਿਤੇ ਜਾਂਦੇ ਨੇ ।
ਮੈਂ ਖ਼ੁਦ ਤਿੰਨ ਜੰਗਾਂ ਲੜੀਆਂ ਨੇ । 65, 71 ਅਤੇ ਔਪਰੇਸ਼ਨ ਮੇਘਦੂਤ (13 ਅਪੈਲ 1984, ਵਿਸਾਖੀ ਵਾਲਾ ਦਿਨ) ਸਿਆਚਨ ਗਲੇਸ਼ੀਅਰ ਤੇ ਸਾਡਾ ਕਬਜਾ । ਪਿਉ ਬਰਮਾਂ ਫ਼ਰੰਟ ਤੇ ਰਿਹਾ ਅਤੇ ਪੁਤ ਸਿਆਚਨ ਅਤੇ ਕਾਰਗਿਲ ਜੰਗ ਵਿਚ-ਪਹੁੰਚਣ ਵਾਲੀ ਪਹਿਲੀ ਬਟਾਲੀਅਨ ।
ਤਿੰਨ ਜੰਗਾਂ ਮੈਂ ਘਰੇ ਬੈਠੇ ਵੇਖੀਆਂ ਨੇ । 1962 ਹਿੰਦ ਚੀਨ ਜੰਗ ਵੇਲੇ ਕਾਲਜ ਦਾ ਵਿਦਿਆਰਥੀ ਸਾਂ । ਅਖ਼ਬਾਰਾਂ/ਰੇਡੀਓ ਅਤੇ ਅਖ਼ਬਾਰਾਂ ਦੇ ਜਰੀਏ । ਨੇਤਾਵਾਂ ਦੇ ਭਾਸ਼ਨ ਅਤੇ ਸਾਡੇ ਵਰਗੇ ਗਭਰੂਆਂ ਦੇ ਕੱਢੇ ਜਲੂਸ, ਨਾਹਰੇ, ਜਨਤਾਂ ਵਲੋਂ ਇਕੱਠੇ ਕੀਤੇ ਚੰਦੇ/ਕਪੜੇ/ਗਹਿਣੇ, ਫ਼ੌਜੀਆਂ ਨੂੰ ਰੋਕ ਕੇ ਚਾਹ ਆਦਿ । 65 ਅਤੇ 71 ਲੜੀਆਂ ਅਤੇ ਜੰਗ ਮਗਰੋਂ ਪਹਿਲੀ ਛੁੱਟੀ ਵਿਚ ਘਰੇ ਆਕੇ ਇਲਾਕੇ ‘ਚ ਜੰਗੀ ਹਾਲਾਤ ਦੀਆਂ ਕਹਾਣੀਆਂ ਸੁਣੀਆਂ । ਉਨ੍ਹਾਂ ਵੇਲਿਆਂ ‘ਚ ਅੱਜ ਦੇ ਡਰਾਮੇ ਨਹੀਂ ਸੀ ਹੁੰਦੇ, ਮੀਡੀਆ ਅਤੇ ਟੀ.ਵੀ ਤੇ ਲਗਾਤਾਰ ਭਕਾਈ ਗਾਇਬ ਸੀ । ਕਾਰਗਿਲ ਦੇ ਇਲਾਕੇ ‘ਚ ਨੌਕਰੀ ਕੀਤੀ ਸੀ, ਇਸ ਲਈ ਮੀਡੀਆ (ਹਰ ਕਿਸਮ) ਦੀਆਂ ਕਹਾਣੀਆਂ ਨੂੰ ਪਰਖਦਾ ਤੇ ਪੜਦਾ ਰਿਹਾ, ਤੇ ਹੁਣ ‘ ਔਪਰੇਸ਼ਨ ਸਿਧੂੰਰ ’ ਤੁਹਾਡੇ ਨਾਲ ।
ਫ਼ੌਜੀ, ਜਮੀਨ, ਮੌਸਮ ਅਤੇ ਇਲਾਕੇ ਮੁਤਾਬਿਕ ਤੌਰ ਤਰੀਕੇ ਵਰਤਦੇ ਹਨ । ਪਰ ਪਿੱਛੇ ਪਿੰਡ/ਗਿਰਾਂ ਬਾਰੇ ਸੋਚਣ ਦਾ ਉਨਾਂ ਕੋਲ ਵਕਤ ਹੀ ਨਹੀਂ ਹੁੰਦਾ । ਐਥੇ ਬੈਠਾ ਜਦੋਂ ਦੋਵਾਂ ਥਾਵਾਂ ਦੇ ਹਾਲਤਾ ਨੂੰ ਵਿਚਾਰਦਾ ਹਾਂ ਤਾਂ ਕਈ ਗਲਾਂ ਉਹੜਦੀਆਂ ਹਨ । ਜੰਗ ਵਿਚ ਸਾਨੂੰ ਸਿਰਫ਼ ਦੁਸ਼ਮਨ ਦਿਸਦਾ ਹੈ, ਅਸੀਂ ਨਾਮ, ਨਮਕ ਅਤੇ ਨਿਸ਼ਾਨ ਲਈ ਲੜਦੇ ਹਾਂ । ਆਹ ਦੇਸ਼ ਪਿਆਰ ਦੀਆਂ ਗੱਲਾਂ, ਇਥੇ ਹੀ ਚੰਗੀਆਂ ਲਗਦੀਆਂ ਨੇ ਉਥੇ ਤਾਂ ਸਿਰਫ਼ ਜਾਂ ਤੂੰ ਨਹੀਂ ਜਾਂ ਮੈਂ ਨਹੀਂ । ਪਰ ਮੇਰੇ ਇਲਾਕੇ ਫ਼ਰੀਦਕੋਟ ‘ਚ ਹਰ ਹੋ ਚੁਕੀ ਜੰਗ ਵਿਚ ਲੋਕਾਂ ਦਾ ਸਹਿਯੋਗ, ਸਿਵਲ ਪ੍ਰਸ਼ਾਸ਼ਨ ਦਾ ਵਤੀਰਾ, ਫ਼ੌਜ ਅਤੇ ਸਿਵਲ ਦਾ ਆਪਸੀ ਸਹਿਯੋਗ ਹਮੇਸ਼ਾ ਵਧੀਆ ਤੋਂ ਵਧੀਆ ਹੀ ਹੁੰਦਾ ਆਇਆ ਹੈ । ਮੇਰੇ ਇਲਾਕੇ ਦੇ ਲੋਕ ਬਹਾਦਰ ਨੇ ਹਰ ਵਰਗ-ਹਰ ਕਠਨਾਈ ‘ਚ ਤਕੜਾ ਹੋ ਨਿਬੜਿਆ ਐ । ਇਸ ਤੋਂ ਅਗੇ ਚਲਣ ਤੋਂ ਪਹਿਲਾਂ ਮੈਂ ਹੋ ਚੁਕੀਆਂ ਜੰਗਾਂ ਅਤੇ ਐਥੋ ਦੀ ਕਹਾਣੀਆਂ ਦੀ ਗਲ ਕਰਦਾ ਚਲਾਂ ।
’65 ਦੀ ਜੰਗ ਮੈਂ ਮੂਹਰੇ ਹੋ ਕੇ ਲੜੀ । ਅਸਲ ਵਿਚ ਇਹ ਸ਼ੁਰੂ ਹੀ ਮੇਰੀ ਯੂੰਨਿਟ ਤੇ ਪਾਕਿਸਤਾਨ ਦੇ ਹਮਲੇ ਤੋਂ ਹੋਈ । ਇਕ ਸਤੰਬਰ 1965, ਰਣ ਖ਼ੇਤਰ ਛੰਬ, ਦਰਿਆ ਝਨਾਂਬ ਤੋਂ ਪਾਰ, ਮੁਨੱਵਰ ਤਵੀਂ ਤੋਂ ਅਗੇ ਪਾਕਿਸਤਾਨ ਵਲ ਸੁੰਦਰਬਣੀ ਤੱਕ ਪੂਰੇ ਖ਼ੇਤਰ ‘ਚ ਇਕ ਹੀ ਬ੍ਰਿਗੇਡ ਸੀ, ਮਾਮੂਲੀ ਤੋਪਖਾਨਾ । ਅਸੀਂ ਵਕਤ ਦੀ ਸੀਜ-ਫ਼ਾਇਰ ਲਾਈਨ (CFL) ਤੋਂ ਸਿਰਫ਼ ਹਜ਼ਾਰ ਕੁ ਗਜ ਤੇ ਸਾਂ । ਅੱਗੇ ਕੋਈ ਕੁਦਰਤੀ ਰੁਕਾਵਿਟ ਨਹੀਂ, ਖਬੇ ਦਰਿਆ, ਪਿੱਛੇ ਨਦੀ-ਸਜੇ ਨੀਮ ਪਹਾੜੀ ਇਲਾਕਾ । ਸਾਡੀ ਮਦਦ ਲਈ 14 ਟੈਂਕ ਤੇ ਕੁਝ ਤੋਪਖਾਨਾ । ਹਮਲਾਵਰ ਇਕ ਬ੍ਰਿਗੇਡ ਪਲੱਸ, 70 ਟੈਂਕ ਅਤੇ ਰੈਕੀ ਐਂਡ ਸਪੋਰਟ ਬਟਾਲੀਅਨ ਦੀਆਂ ਟੁਕੜੀਆਂ-ਬੇਹਿਸਾਬ ਕਹਿਰ ਢਾਉਣ ਵਾਲਾ ਤੋਪਖਾਨਾ, ਸੁਵੇਰੇ 4 ਵਜੇ ਅੱਗ ਵਰਗੀ ਲਾਲੀ ਨਾਲ, ਅੰਬਰੋ ਵਰਦ੍ਹੀ ਅੱਗ ਅਤੇ ਮਾਰੋ ਮਾਰ ਦਾ ਪਲ ਪਲ ਚੇਤੇ ‘ਚ ਸੰਭਾਲਿਆ ਹੋਇਆ ਐ । ਫ਼ੇਰ ਜਖ਼ਮੀ ਹੋਕੇ, 4-5 ਮਹੀਨੇ ਹਸਪਤਾਲਾਂ ‘ਚ ਲਾਕੇ, ਜਦੋਂ ਛੁੱਟੀ ਆਇਆ (ਸਿਕ ਲੀਵ) ਤਾਂ ਐਥੋਂ ਦੀ ਕਹਾਣੀਆਂ ਵੀ ਸਾਂਭੀਆ ਨੇ । ਫ਼ਰੀਦਕੋਟੀਏ ਤਕੜੇ ਨਿਕਲੇ-ਹਾਲਾਂਕਿ ਸਾਰਾ ਪੰਜਾਬ ਹੀ ਉਠ ਖੜਾ ਹੋਇਆ । ਲੋਕ ਪਹਿਲੀ ਵਾਰ ਜੰਗ ਵੇਖ ਰਹੇ ਸਨ । ਹਾਲਤ ਇਸ ਤਰਾਂ ਸਨ ਹਰ ਕੱਚੇ ਵਿਹੜੇ ਵਾਲੇ ਘਰਾਂ ਨੇ ਘਰੇ ਅਤੇ ਦੂਜਿਆਂ ਨੇ ਨੇੜ ਖਾਲੀ ਥਾਵਾਂ ਤੇ ਮੋਰਚੇ ਪੁਟੇ ਹੋਏ ਸਨ । ਸਾਇਰਨ ਵਜਦੇ ਲੋਕ ਭੱਜ ਕੇ ਮੋਰਚਿਆਂ ‘ਚ ਜਾ ਵੜਦੇ-ਜਾਨ ਬਚਾਉਣ ਖ਼ਾਤਰ । ਬਲੈਕ ਆਊਟ ਪਹਿਲੀ ਵਾਰ ਸੁਣਿਆ ਸੀ । ਲੋਕ ਪਹਿਲਾਂ ਤਾਂ ਹਸਦੇ ਸਨ, ਪਰ ਜਦੋਂ ਸਮਝ ਆਈ ਤਾਂ ਪੂਰਾ ਸਹਿਯੋਗ । ਜੇਕਰ ਕਿਸੇ ਦੇ ਘਰੋਂ ਝੀਤ ਵਿਚ ਦੀ ਲੋਅ ਵੀ ਦਿਸ ਜਾਂਦੀ ਤਾਂ ਮਰਨ ਮਾਰਨ ਤੱਕ ਜਾਂਦੇ, ਕਹਿੰਦੇ, “ ਆਪ ਤਾਂ ਮਰੇਂਗਾ ਨਾਲ ਸਾਨੂੰ ਵੀ ਮਰਵਾਂਏਗਾ ”। ਹਰ ਨਵਾਂ ਬੰਦਾ ਦੁਸ਼ਮਨ ਦਾ ਜਸੂਸ ਲਗਦਾ । ਜਦੋਂ ਇਕ ਸਤੰਬਰ ਦੀ ਸ਼ਾਮ ਨੂੰ ਮਿਲਟਰੀ ਏਰੀਆਂ ਵਿਚ ਬੰਬ ਡਿਗਿਆ ਤਾਂ ਭਾਜੜਾਂ ਪੈ ਗਈਆਂ । ਸ਼ੁਕਰ ਐ ਉਹ ਬੰਬ ਫਟਿਆ ਨਹੀਂ । ਉਦੋਂ ਤੋਂ ਫ਼ਰੀਦਕੋਟ ਹਮੇਸ਼ਾ ਹੀ ਨਿਸ਼ਾਨੇ ਤੇ ਰਿਹਾ ਐ । ਐਤਕੀਂ ਵੀ । ਪਿੰਡਾਂ ਦੇ ਠੀਕਰੀ ਪਹਿਰੇ, ਪੁਲੀਸ ਦੀ ਗਸ਼ਤ, ਸਭ ਮਦਦ ਕਰ ਰਹੀ ਸੀ । ਪਿਛੋਂ ਆਕੇ ਬੈਠੀਆਂ ਫ਼ੌਜੀ ਯੂੰਨਿਟਾਂ ਅਤੇ ਹੈਡ ਕੁਆਰਟਰਾਂ ਦਾ ਤਾਲਮੇਲ ਬਹੁਤ ਕਮਾਲ ਦਾ ਸੀ । ਕਸ਼ਮੀਰ ਲਈ ਨਿਯੁਕਤ ਯੂ ਐਨ ਅਬਜਰਵਰ ਵੀ ਗੇੜਾ ਮਾਰਦੇ ਫ਼ਿਰਦੇ ਸਨ । ਜੰਗ ਮਗਰੋਂ ਕਈਆਂ ਨੂੰ ਰਾਜਾ ਫ਼ਰੀਦਕੋਟ ਲੰਚ ਤੇ ਸਦ ਲੈਂਦਾ ਸੀ । ਖ਼ਬਰ ਮਿਲੀ ਕਿ ਪਾਕਿਸਤਾਨ ਨੇ ਕਾਫ਼ੀ ਸਾਰੇ ਛਾਤਾਧਾਰੀ ਫ਼ੌਜੀ, ਸਿਵਲ ਕਪੜਿਆਂ ਵਿਚ ਪੰਜਾਬ ‘ਚ ਉਤਾਰੇ ਹਨ, ਸਾਡੀਆਂ ਲਾਈਨਜ ਆਫ਼ ਕੰਮਨੀਕੇਸ਼ਨ ਕਟਣ ਲਈ । ਫ਼ੇਰ ਕੀਹ ਸੀ, ਹਰ ਗਲੀ ਮੁਹੱਲੇ, ਪਿੰਡ ਗਭਰੂਆਂ ਐਥੋਂ ਤੱਕ ਔਰਤਾਂ ਵੀ ਟੋਲੀਆਂ ਬਣਾ ਕੇ ਰਾਖੀ ਕਰਦੇ । ਖ਼ਬਰ ਪੈਂਣ ਤੇ ਫੜ ਕੇ ਕੁੱਟਣ ਭੱਜ ਪੈਂਦੇ । ਕਈ ਫੜੇ, ਭੰਨੇ ਅਤੇ ਫ਼ਿਰ ਪੁਲੀਸ ਰਾਹੀਂ ਫ਼ੌਜ ਕੋਲ ਦੇ ਦਿਤੇ । ਸਿਆਚਨ-ਔਪਰੇਸ਼ਨ ਮੇਘਦੂਤ ਦਾ ਤਾਂ ਕਿਸੇ ਨੂੰ ਪਤਾ ਹੀ ਲਗਿਆ । ਇਸ ਦੇ ਲਾਂਚ ਬਾਰੇ ਤਾਂ ਫ਼ੌਜੀਆਂ ਨੂੰ ਵੀ ਨਹੀਂ ਸੀ ਪਤਾ । ਗੱਲ ਪੂਰੀ ਪੂਰੀ ਗੁੱਪਤ ਸੀ, ਪਤਾ ਸੀ, ਤਾਂ ਸਿਰਫ਼ ਪ੍ਰਧਾਨ ਮੰਤਰੀ ਗਾਂਧੀ, ਆਰਮੀ ਚੀਫ਼, ਉਤਰੀ ਕਮਾਂਡ ਦੇ ਮੁਖੀ, ਕੋਰ ਕਮਾਂਡਰ, ਤ੍ਰਿਸ਼ੂਲ ਡਿਵੀਜਨ ਦਾ ਜੀਓ ਸੀ, ਪਰਤਾਪੁਰ ਕਮਾਂਡਰ ਬ੍ਰਿਗੇਡੀਅਰ ਚੰਨਾ ਅਤੇ ਹਿਸਾ ਲੈਣ ਵਾਲੇ ਟਰੁੱਪਸ । ਇਹ ਰੇਸ ਸੀ ਵਕਤ ਨਾਲ, ਕਿ ਕੌਣ ਪਹਿਲਾਂ ਪਹੁੰਚਦਾ ਹੈ-ਅਸੀਂ ਕਿ ਪਾਕੀ । ਅਸੀਂ ਰੇਸ ਜਿਤ ਲਈ ਤੇ ਸਿਆਚਨ ਤੇ ਸਾਡਾ ਕਬਜਾ, ਜੇ ਦਿਹਾੜੀ ਵੀ ਲੇਟ ਹੋ ਜਾਂਦੇ ਤਾਂ ਪਤਾ ਨਹੀਂ ਕੀ ਹੁੰਦਾ ।
ਆਉ ਚਲੀਏ ’71 ਦੀ ਜੰਗ ਅਤੇ ਇਲਾਕੇ ਦੇ ਲੋਕਾਂ ਵਿਚ, ਯੋਗਦਾਨ ਬਾਰੇ ਪਤਾ ਲਾਉਣ । ਮੈਂ ਤਾਂ ਪੂਰਬੀ ਫ਼ਰੰਟ ਤੇ ਸਾਂ-ਕੁਸ਼ਤੀਆਂ ਸਾਈਡ ਤੇ । ਪਾਰ ਸਾਂ ਐਸੀ ਜਗ੍ਹਾ ਜਿਥੇ ਪੱਛਮੀ ਸੈਕਟਰ ਦਾ ਪਤਾ ਲਗਦਾ ਰਹਿੰਦਾ ਸੀ । ਪਹਿਲਾਂ ਏਅਰ ਫ਼ੋਰਸ ਨਾਲ ਸਾਂ, ਫ਼ਿਰ ਐਡਹਾਕ ਕੋਰ ਹੈ:ਕੁ ਨਾਲ ਲੈਫਟੀਨੈਂਟ ਜਨਰਲ ਰੈਣਾ ਕੋਰ ਕਮਾਂਡਰ ਸੀ, ਜੋ ਅਗੇ ਚਲ ਕੇ ਆਰਮੀ ਚੀਫ਼ ਬਣਿਆ, ਸਾਡਾ ਜੀ ਵਨ (GSO-1) ਸੀ ਲੈਫ਼ਟੀਨੈਂਟ ਕਰਨਲ ਰੌਡਰਿਕਸ, ਉਹ ਵੀ ਅਗੇ ਚਲ ਕੇ ਚੀਫ਼ ਬਣਿਆ ਅਤੇ ਮੈਂ ਉਹਦੀ ਸਿਧੀ ਕਮਾਂਡ ਹੇਠ ਲਦਾਖ਼ ਸਕਾਊਟਸ ਦਾ ਸੀ । ਜੰਗ ਮਗਰੋਂ ਛੁੱਟੀ ਆਇਆ ਤਾਂ ਬਹੁਤ ਕਹਾਣੀਆਂ ਸੁਣੀਆਂ-ਜੋ ਇਉਂ ਤੁਰਦੀਆਂ ਨੇ । ਜੰਗ ਦੇ ਪਹਿਲੇ ਦਿਨ ਸ਼ਾਮ ਦੇ ਛੀ ਵਜੇ-ਫ਼ਰੀਦਕੋਟ ਫ਼ਿਰ ਨਿਸ਼ਾਨੇ ਤੇ-ਉਦੋਂ ਇਥੇ ਏਅਰ ਓ ਪੀ ਦੀ ਯੂਨਿੰਟ ਸੀ ਅਤੇ ਏਅਰ ਫ਼ੋਰਸ ਦੀ ਕੰਮਨੀਕੇਸ਼ਨ ਯੂਨਿੰਟ । ਪੈ ਗਈਆਂ ਭਾਜੜਾਂ ਇਕ ਵੇਰ ਫ਼ੇਰ ਤੋਂ । ਪਰ ਬਾਬੇ ਦੀ ਧਰਤੀ ਕਰਕੇ ਬੰਬ ਫ਼ਿਰ ਨਾ ਫਟਿਆ । ਐਨੇ ‘ਚ ਇਲਾਕਾ ਸੰਭਲ ਗਿਆ । ਮਾਹੌਲ ਗਰਮ ਸੀ । ਬਹੁਤ ਸਾਰੀਆਂ ਰੀਜ਼ਰਵ ਫ਼ੌਜੀ ਟੁਕੜੀਆਂ ਐਥੇ ਆਸੇ ਪਾਸੇ ਲਗੀਆਂ ਹੋਈਆਂ ਸਨ। ਦੁਸ਼ਮਨ ਦੀ ਚਾਲ ਸਮਝ ਕੇ, ਕਾਂਊਟਰ ਮੂਵ ਲਈ ਸਾਡਾ ਆਰਮਡ ਡਿਵੀਜਨ ਕੋਟਕਪੂਰੇ ਲਗਿਆ ਸੀ । ਫਿਰੋਜ਼ਪੁਰ, ਹੁਸੈਨੀਵਾਲਾ ਹੈਡ ਵਰਕਸ ਲਈ ਚਲ ਰਹੀ ਲੜਾਈ ਕਰਕੇ ਖਾਲੀ ਹੋ ਗਿਆ ਸੀ । ਫ਼ਰੀਦਕੋਟ ਦੇ ਬਹੁਤ ਪਿੰਡਾਂ ਵਿਚ ਬਾਰਡਰ ਤੋਂ ਆਏ ਪਿੰਡ ਵਾਸੀ, ਕੱਚੇ ਤੌਰ ਤੇ ਟਿਕੇ ਸਨ, ਵਕਤ ਟਪਾਉਣ ਲਈ । ਫ਼ਾਜਿਲਕਾ ਖਾਲੀ ਸੀ, ਅਸੀਂ ਪਿੱਛੇ ਹਟੇ ਸਾਂ-ਸਤਰੰਜ ਦੀ ਚਾਲ ਸਮਝਣੀ ਔਖੀ ਸੀ-ਦੋਵੇਂ ਦੇਸ਼ਾਂ ਦੇ ਆਰਮਡ ਡਿਵੀਜਨ ਇਕ ਦੂਜੇ ਦੀ ਹਰਕਤ ਤੋਂ ਹਿਲਣੇ ਸਨ-ਪਰ ਹਿਲੇ ਨਹੀਂ । ਜੰਗਬੰਦੀ ਮਗਰੋਂ ਐਡਹਾਕ ਟੂ ਕੋਰ ਦਾ ਹੈ:ਕੁ ਵੀ ਬੀੜ ਚਾਹਿਲ ਵਿਚ ਆ ਟਿਕਿਆ । ਐਂਤਕੀ ਲੋਕਲ ਲੋਕਾਂ ਦੀ ਪੂਰੀ ਅਜਮਾਇਸ਼ ਹੋਈ । ਬਲੈਕ ਆਊਟ ਆਮ ਗੱਲ ਸੀ । ਸਾਇਰਨ ਤੇ ਮੋਰਚੇ ਮਲਣ ਦਾ ਸਿਵਲ ਜਨਤਾ ਦਾ ਅਭਿਆਸ ਹੋ ਚੁਕਾ ਸੀ । ਸਾਬਕਾ ਫ਼ੌਜੀ ਸ਼ਹਿਰ ਅਤੇ ਹੋਰ ਜਰੂਰੀ ਥਾਵਾਂ ਤੇ ਆਪੋ ਆਪਣੇ ਹਥਿਆਰਾਂ ਨਾਲ ਲਗੇ ਹੋਏ ਸਨ । ਹੋਰ ਤਾਂ ਹੋਰ ਸੀਨੀਅਰ ਡਿਵੀਜਨ NCC ਦੇ ਕੇਡਿਟ ਅਤੇ ਅਫ਼ਸਰ ਡਿਊਟੀਆਂ ਦੇ ਰਹੇ ਸਨ । ਬਰਜਿੰਦਰਾ ਕਾਲਜ ਵਿਚ ਅਮਨੀਸ਼ਨ ਡੰਪ ਸੀ ਅਤੇ ਗਾਰਡ ਕਰਦੇ ਸਨ, ਤਕੜੇ NCC ਦੇ ਮੁੰਡੇ ਰਫ਼ਲਾਂ ਲੈ ਕੇ 303 ਬੋਲਟ ਐਕਸ਼ਨ ।
ਗਲ ਕਰਦਾ ਆਂ, ਔਪਰੇਸ਼ਨ ਸਿਧੂੰਰ ਅਤੇ ਇਲਾਕਾ ਵਾਸੀਆਂ, ਸਿਵਲ ਪ੍ਰਸ਼ਾਸ਼ਨ ਅਤੇ ਫ਼ੌਜ ਦੀ । ਵਰਦੀ ਟੰਗੇ ਨੂੰ ਤਕਰੀਬਨ 28 ਸਾਲ ਹੋ ਗਏ ਨੇ । ਇਹ ਜੰਗ ਪਾਕਿਸਤਾਨ ਨਾਲ ਹੋਈਆਂ ਜੰਗਾਂ ਦੀ ਕੜੀ ਦੀ ਪੰਜਵੀਂ ਅਤੇ ਸਭ ਤੋਂ ਤਾਜ਼ਾ ਐ । ਇਹ ਹੋਰ ਹੀ ਕਿਸਮ ਦੀ ਜੰਗ ਰਹੀ । ਬਹੁਤ ਕੁਝ ਅਲੱਗ-ਭਾਂਵੇ ਇਸ ‘ਚ ਹੋ ਰਹੀਆਂ ਬਦਲੀਆਂ ਬਾਰੇ ਪੜਦੇ ਰਹੀਦਾ ਐ ਅਤੇ ਆਪਣੇ ਆਪ ਨੂੰ ਜਾਗਰੂਕ ਰੱਖੀਦਾ ਹੈ, ਪਰ ਫ਼ਿਰ ਵੀ ਬਹੁੱਤ ਸਾਰਾ ਨਵਾਂ ਸੀ । ਕਿਆਸ ਤੋਂ ਬਾਹਰ । ਪਹਿਲੀ ਗਲ ਤਾਂ ਇਹ ਕਿ ਇਹ ਬਹੁਤ ਹੀ ਅਚਾਨਕ ਅਤੇ ਛੋਟੀ ਹੋ ਨਿਬੜੀ । ਬੰਦੇ ਤਾਂ ਬਦਲਣੇ ਹੀ ਸਨ-ਐਸ ਵਾਰ ਤਕਨੀਕ, ਹਥਿਆਰ, ਰਣਨੀਤੀ, ਕੂਟਨੀਤੀ ਅਤੇ ਢੰਗ ਤਰੀਕੇ ਅੱਡਰੇ ਸਨ ।
ਇਸ ਵਾਰ ਜਮੀਨੀ ਫ਼ੌਜ ਵੀ ਪੂਰੀ ਤਰਾਂ ਹਰਕਤ ਵਿਚ ਨਹੀਂ ਆਈ । LOC ਤੇ ਵੀ ਦੂਰੋਂ ਹੀ ਇਕ ਦੂਜੇ ਨੂੰ ਕੁਟਿਆ । ਅਸੀਂ ਦੁਸ਼ਮਨ ਦੀਆਂ ਬਹੁਤ ਪੋਸਟਾਂ, ਇਕ ਵਾਰ ਤਾਂ ਤਹਿਸ-ਨਹਿਸ ਕਰ ਦਿਤੀਆਂ । ਪਹਿਲੀ ਵਾਰ ਅਸੀਂ ਦੁਸ਼ਮਨ ਦੇ ਧੁਰ ਅੰਦਰ ਪੁੱਜ ਗਏ-ਕੇਵਲ LOC ਪਾਰ ਹੀ ਨਹੀਂ ਸਗੋਂ ਕੌਮੀ ਸਰਹੱਦ ਦੇ ਵੀ ਪਾਰ । ਦੁਸ਼ਮਨ ਇਕ ਵਾਰ ਤਾਂ ਗੋਡੇ ਟੇਕ ਗਿਆ । ਜੰਗਬੰਦੀ ਮੰਗ ਲਈ । ਐਧਰ ਇਲਾਕਾ ਵਾਸੀ ਤਾਂ ਭੋਰਾ ਵੀ ਨਹੀਂ ਥਿੜਕੇ । ਜਿੰਦਗੀ ਆਮ ਵਾਂਗ ਚਲ ਰਹੀ ਸੀ । ਦਫ਼ਤਰੀ ਕੰਮ ਤੇ ਮਾੜਾ ਮੋਟਾ ਅਸਰ ਪੈਣਾ ਹੀ ਸੀ । ਜਿਲਾ ਪ੍ਰਸ਼ਾਸ਼ਨ ਪੱਬਾਂ ਭਾਰ ਸੀ । ਫ਼ੌਜ ਵਾਂਗ ਕੰਟਰੋਲ ਰੂਮ, 24X7 ਡਿਊਟੀਆਂ ਤੇ ਅਧਿਕਾਰੀ । ਪ੍ਰਬੰਧਕੀ ਸਟਾਫ਼, ਪੁਲੀਸ ਅਤੇ ਨਾਲ ਲਗਦਾ ਫ਼ੌਜੀ ਹੈ:ਕੁ ਪੂਰੀ ਤਰਾਂ ਇਕ ਮੁੱਕ ਸਨ । ਖੂਬਸੂਰਤ ਤਾਲ ਮੇਲ । ਮਿੰਟ ਮਿੰਟ ਦੀ ਖ਼ਬਰ-ਪਿੰਡਾਂ ਦੇ ਠੀਕਰੀ ਪਹਿਰੇ, ਪੁਲੀਸ ਦੀਆਂ ਮੋਬਾਈਲ ਟੀਮਾਂ ਹਰ ਜਗ੍ਹਾ ਅੱਖ ਰੱਖ ਰਹੀਆਂ ਸਨ । ਸਿਹਤ ਵਿਭਾਗ, ਅਣਕਿਆਸੇ ਮਰੀਜਾਂ (ਜਖ਼ਮੀ ਤੇ ਉਂਝ ਵੀ) ਲਈ, ਉਚੇਚਾ ਪ੍ਰਬੰਧ ਕਰੀ ਬੈਠਾ ਸੀ, ਜਿਲੇ ਦੇ ਸੀਨੀਅਰ ਅਫ਼ਸਰ, ਡੀ.ਸੀ, ਐਸ.ਐਸ.ਪੀ ਅਤੇ SDM ਆਦਿ ਪੂਰੇ ਇਲਾਕੇ ਵਿਚ ਨੈਟਵਰਕ ਰਾਹੀਂ ਜੁੜੇ ਹੋਏ ਸਨ । ਸਾਬਕਾ ਫ਼ੌਜੀ ਵਲੰਟਰੀ ਤੌਰ ਤੇ ਪਿੰਡਾਂ ‘ਚ ਨਿਗ੍ਹਾ ਰਖ ਰਹੇ ਸਨ । ਭਾਂਵੇ ਉਨ੍ਹਾਂ ਦੀ ਐਕਟਿਵ ਡਿਊਟੀ ਦੀ ਲੋੜ ਨਹੀਂ ਪਈ, ਪਰ ਉਨ੍ਹਾਂ ਨਾਲ ਜਿਲਾ ਹੈ:ਕੁ ਵਿਚ ਸਦ ਕੇ ਮੀਟਿੰਗ ਕੀਤੀ ਗਈ ਤਾਂ ਕਿ ਲੋੜ ਪੈਣ ਤੇ ਉਨ੍ਹਾਂ ਦੇ ਤਜੱਰਬੇ ਦਾ ਫ਼ਾਇਦਾ ਲਿਆ ਜਾ ਸਕੇ ।
ਇਲਾਕੇ ਦੇ ਲੋਕ ਆਤਿਸ਼ਬਾਜੀ ਵੇਖਣ ਲਈ ਜਰੂਰ ਇਕੱਠੇ ਹੁੰਦੇ ਵੇਖੇ-ਮਿਜਾਈਲਾਂ-ਹਵਾਂ ਵਿਚ ਫੁੰਡੀ ਦੀਆਂ । ਬਲੈਕ ਆਊਟ-ਪੂਰਾ ਅਤੇ ਬਗੈਰ ਕਿਸੇ ਦੇ ਕਹੇ । ਸਾਇਰਨ, ਸੁਣੇ ਨਹੀਂ ਜੇਕਰ ਵਜੇ ਸਨ । ਫ਼ਾਇਰ ਬ੍ਰਿਗੇਡ ਤਿਆਰ । ਲੋਕਲ ਯੂ ਟਿਊਬਰ ਵੱਖ ਵੱਖ ਥਾਵਾਂ ਦੇ ਰੰਗ ਦਿਖਾਉਂਦੇ ਰਹੇ । ਲੋਕਲ ਮਿਨੀ ਗਰੁੱਪ ਵੀ ਡਿੱਗ ਰਹੀਆਂ ਮਿਜਾਈਲਾਂ ਆਦਿ ਦੀ ਇਤਲਾਹ ਦੇ ਰਹੇ ਸਨ ਅਤੇ ਸਾਵਧਾਨ ਵੀ ਕਰਦੇ ਰਹੇ । ਲੋਕਲ ਫ਼ੌਜੀ ਹੈ:ਕੁ ਜਿਲਾ ਅਧਿਕਾਰੀਆਂ ਨਾਲ-ਹਰ ਵਕਤ ਖੜਾ ਸੀ ।
ਪੰਜਾਬੀ ਹਾਸੇ ਠੱਠੇ ਤੋਂ ਬਾਜ ਨਹੀਂ ਆਉਂਦੇ । ਇਹ ਵੀ ਚਲਦਾ ਰਿਹਾ । ਇਹ ਵੀ ਪੰਜਾਬੀਆਂ ਦੀ ਪਛਾਣ ਐ । ਫ਼ਰੀਦਕੋਟ ਛਾਉਣੀ ਦੇ ਲਾਗੇ ਦੋ ਗੁਆਂਢੀ ਕਿਸਾਨਾਂ ਦੀ ਗਲ ਬਾਤ ਸੁਣੋ :
ਪਹਿਲਾ : ਸੁਣਾ ਬਾਈ ਕੀ ਹਾਲ ਚਾਲ ਐ ? ਜੰਗ ਦੀ ਸੁਖ ਸਾਂਦ ਤੋਂ ਬਚੇ ਓ ।
ਦੂਜਾ: ਹਾਂ ਠੀਕ ਆ । ਕਲ ਯਾਰ, ਮੇਰੇ ਖੇਤ ਰਾਤ ਨੂੰ ਇਕ ਮਿਜਾਈਲ ਡਿਗ ਪਈ । ਮੈਨੂੰ ਨੇੜੇ ਦੀ ਮੋਟਰ ਤੇ ਪਏ ਨੇ ਦਸਿਆ ਸੀ ।
ਪਹਿਲਾ : ਤੂੰ ਕੀ ਕੀਤਾ ?
ਦੂਜਾ: ਕਰਨਾ ਕੀ ਸੀ, ਮੈਂ ਕਿਹਾ ਸੁਵੇਰੇ ਵੇਖ ਲਵਾਂਗੇ ।
ਪਹਿਲਾ : ਫ਼ਿਰ ਵੇਖੀ ਅਗਲੇ ਦਿਨ ?
ਦੂਜਾ: ਗਿਆ ਤਾਂ ਸੀ, ਪਰ ਪਾਰ ਦੇ ਖੇਤ ਆਲਾ ਚੱਕ ਕੇ ਲੈ ਗਿਆ ਅਤੇ ਕਬਾੜੀਏ ਨੂੰ ਵੇਚ ਕੇ ਕਾਫ਼ੀ ਪੈਸੇ ਵਟ ਲਏ, ਤੇ ਰਲ ਕੇ ਪਾਰਟੀ ਕਰ ਲਈ ।
ਪਹਿਲਾ : ਯਾਰ ਇਹ ਤਾਂ ਮਾੜਾ ਕੀਤਾ । ਡਿੱਗੀ ਤੇਰੇ ਖੇਤ ‘ਚ, ਚੱਕ ਕੇ ਉਹ ਲੈ ਗਿਆ ।
ਦੂਜਾ: ਖ਼ੈਰ ਇਹ ਤਾਂ ਐਡੀ ਗੱਲ ਨਹੀਂ, ਪਰ ਕੰਜ਼ਰ ਨੇ ਮੈਨੂੰ ਪਾਰਟੀ ਵਿਚ ਵੀ ਨਹੀਂ ਸਦਿਆ !!!
ਇਸ ਤਰਾਂ ਰਹੀ, ਮੇਰੇ ਇਲਾਕੇ ਵਿਚ ਔਪਰੇਸ਼ਨ ਸਿਧੂੰਰ ਵੇਲੇ ਜਿੰਦਗੀ-ਕੋਈ ਟੈਨਸ਼ਨ ਨਹੀਂ, ਹੌਂਸਲੇ ਬੁਲੰਦ, ਤਾਲਮੇਲ ਹਰ ਥਾਂ ਪੂਰਾ ਅਤੇ ਸਭ ਤੋਂ ਵੱਧ ਚੜ ਕੇ ਯੋਗਦਾਨ ਲੋਕਾਂ ਦਾ ।
ਕਰਨਲ ਬਲਬੀਰ ਸਿੰਘ ਸਰਾਂ (ਸੇਵਾ ਮੁਕਤ)
ਮੋਬਾ. 92165-50612