Thursday, February 12Malwa News
Shadow

ਸੁਰੱਖਿਅਤ ਇੰਟਰਨੈੱਟ ਦਿਵਸ ਮੌਕੇ ਡੀ.ਆਈ.ਓ. ਗੁਰਦਾਸਪੁਰ ਵੱਲੋਂ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਬਾਰੇ ਕੀਤਾ ਗਿਆ ਜਾਗਰੂਕ

ਗੁਰਦਾਸਪੁਰ, 12 ਫਰਵਰੀ (      )  ਡਿਜੀਟਲ ਸੁਰੱਖਿਆ ਅਤੇ ਇੰਟਰਨੈੱਟ ਦੀ ਜ਼ਿੰਮੇਵਾਰਾਨਾ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਸੂਚਨਾ ਅਫ਼ਸਰ (ਡੀ.ਆਈ.ਓ.) ਗੁਰਦਾਸਪੁਰ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਗੁਰਦਾਸਪੁਰ ਵਿਖੇ ਵਿਸ਼ੇਸ਼ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ।

 ‘ਸੁਰੱਖਿਅਤ ਇੰਟਰਨੈੱਟ ਦਿਵਸ 2026’ ਦੇ ਸਬੰਧ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ 100 ਤੋਂ ਵੱਧ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਭਾਗ ਲਿਆ।

ਸੈਸ਼ਨ ਦੀ ਅਗਵਾਈ ਕਰਦਿਆਂ ਡੀ.ਆਈ.ਓ. ਗੁਰਦਾਸਪੁਰ ਕਰਨ ਸੋਨੀ ਨੇ ਅਜੋਕੇ ਡਿਜੀਟਲ ਯੁੱਗ ਵਿੱਚ “ਸਾਈਬਰ ਹਾਈਜੀਨ” ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇੰਟਰਨੈੱਟ ਸਿੱਖਿਆ ਅਤੇ ਜਾਣਕਾਰੀ ਦਾ ਮਹੱਤਵਪੂਰਨ ਸਰੋਤ ਹੈ, ਪਰ ਇਸ ਦੀ ਗਲਤ ਜਾਂ ਅਸਾਵਧਾਨ ਵਰਤੋਂ ਨੌਜਵਾਨਾਂ ਨੂੰ ਕਈ ਤਰ੍ਹਾਂ ਦੇ ਸਾਈਬਰ ਖ਼ਤਰਿਆਂ ਦਾ ਸ਼ਿਕਾਰ ਬਣਾ ਸਕਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ।

ਸੈਸ਼ਨ ਦੌਰਾਨ ਵੱੱਖ ਵੱਖ ਮੁੱਖ ਨੁਕਤਿਆਂ ‘ਤੇ ਚਰਚਾ ਕੀਤੀ ਗਈਯ ਮਜ਼ਬੂਤ ਸੁਰੱਖਿਆ ਪ੍ਰਬੰਧ, ਗੁੰਝਲਦਾਰ ਅਤੇ ਵਿਲੱਖਣ, ਪਾਸਵਰਡ ਬਣਾਉਣ ਅਤੇ ਮਲਟੀ-ਫੈਕਟਰ ਅਥੈਂਟੀਕੇਸ਼ਨ (MFA) ਦੀ ਵਰਤੋਂ ਕਰਨ ਬਾਰੇ ਜਾਣਕਾਰੀ ਦਿੱਤੀ ਗਈ।

ਇਸੇ ਤਰ੍ਹਾਂ ਸੁਰੱਖਿਅਤ ਬ੍ਰਾਊਜ਼ਿੰਗ ਅਭਿਆਸ: ਅਣਪਛਾਤੇ ਸਰੋਤਾਂ ਤੋਂ ਸੌਫਟਵੇਅਰ ਜਾਂ ਐਪਸ ਡਾਊਨਲੋਡ ਨਾ ਕਰਨ ਅਤੇ ਡਿਵਾਈਸਾਂ ਨੂੰ ਸਮੇਂ-ਸਮੇਂ ‘ਤੇ ਅਪਡੇਟ ਰੱਖਣ ਦੀ ਸਲਾਹ ਦਿੱਤੀ ਗਈ।

ਇਸ ਮੌਕੇ ਸੋਸ਼ਲ ਮੀਡੀਆ ਪ੍ਰਾਈਵੇਸੀ ਬਾਰੇ ਜਾਣਕਾਰੀ ਦਿੱਤੀ ਗਈ। ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ ‘ਤੇ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਬਚਣ ਅਤੇ ਪ੍ਰਾਈਵੇਸੀ ਸੈਟਿੰਗਾਂ ਦੀ ਸਹੀ ਵਰਤੋਂ ਕਰਨ ‘ਤੇ ਜ਼ੋਰ ਦਿੱਤਾ ਗਿਆ ਤਾਂ ਜੋ ਪਛਾਣ ਚੋਰੀ ਵਰਗੇ ਅਪਰਾਧਾਂ ਤੋਂ ਬਚਿਆ ਜਾ ਸਕੇ।

ਇਸ ਮੌਕੇ ਸ਼ਿਕਾਇਤ ਦਰਜ ਕਰਨ ਦੀ ਪ੍ਰਕਿਰਿਆ ਬਾਰੇ ਦੱਸਿਆ ਗਿਆ।ਸਾਈਬਰ ਅਪਰਾਧ ਦੀ ਸੂਰਤ ਵਿੱਚ ਰਾਸ਼ਟਰੀ ਹੈਲਪਲਾਈਨ ਨੰਬਰ 1930 ਅਤੇ ਅਧਿਕਾਰਤ ਪੋਰਟਲwww.cybercrime.gov.in ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।

ਡੀ.ਆਈ.ਓ. ਵੱਲੋਂ ਅਸਲ ਜ਼ਿੰਦਗੀ ਦੀਆਂ ਉਦਾਹਰਣਾਂ ਰਾਹੀਂ ਸਾਈਬਰ ਹਮਲਿਆਂ ਦੇ ਤਰੀਕਿਆਂ ਅਤੇ ਉਨ੍ਹਾਂ ਤੋਂ ਬਚਾਅ ਦੇ ਉਪਾਵਾਂ ਬਾਰੇ ਆਸਾਨ ਭਾਸ਼ਾ ਵਿੱਚ ਸਮਝਾਇਆ ਗਿਆ। ਸੈਸ਼ਨ ਦੇ ਅੰਤ ਵਿੱਚ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ।

ਸਕੂਲ ਦੇ ਪ੍ਰਿੰਸੀਪਲ ਨੇ ਡੀ.ਆਈ.ਓ. ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਵਿਦਿਆਰਥੀਆਂ ਨੂੰ ਡਿਜੀਟਲ ਦੁਨੀਆ ਵਿੱਚ ਸੁਰੱਖਿਅਤ ਰਹਿਣ ਲਈ ਮੱਦਦਗਾਰ ਸਾਬਤ ਹੁੰਦੇ ਹਨ।

ਸਮਾਗਮ ਦੇ ਆਖਰ ਵਿੱਚ ਵਿਦਿਆਰਥੀਆਂ ਵੱਲੋਂ ਸਾਈਬਰ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਹੋਰਾਂ ਨੂੰ ਵੀ ਜਾਗਰੂਕ ਕਰਨ ਦਾ ਸੰਕਲਪ ਲਿਆ ਗਿਆ।