
ਤਰਨ ਤਾਰਨ, 15 ਜੁਲਾਈ :
ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ), ਚੰਡੀਗੜ੍ਹ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ, ਤਰਨ ਤਾਰਨ ਵਿਖੇ ਕਰਵਾਏ ਜਾ ਰਹੇ ਸੱਤ ਦਿਨਾਂ ਦੇ ਯੁਵਾ ਆਪਦਾ ਮਿਤਰ ਯੋਜਨਾ ਸਿਖਲਾਈ ਪ੍ਰੋਗਰਾਮ ਦੇ ਤੀਜੇ ਦਿਨ ਐੱਨ.ਐੱਸ.ਐੱਸ ਵਲੰਟੀਅਰਾਂ ਨੂੰ ਖੋਜ-ਬਚਾਅ ਅਤੇ ਬੇਸਿਕ ਲਾਈਫ ਸਪੋਰਟ ਸੰਬੰਧੀ ਵਿਸਤ੍ਰਿਤ ਪ੍ਰਯੋਗਾਤਮਕ ਸਿਖਲਾਈ ਦਿੱਤੀ ਗਈ।
ਸਿਖਲਾਈ ਮਗਸੀਪਾ ਚੰਡੀਗੜ੍ਹ ਦੀ ਟੀਮ ਅੰਕੁਰ ਸ਼ਰਮਾ, ਸਚਿਨ ਸ਼ਰਮਾ ਆਯੁਸ਼ ਠਾਕੁਰ, ਜਾਨਸਨ, ਮਿਸ ਕੋਮਲ ਅਤੇ ਮਿਸ ਪ੍ਰੇਰਣਾ ਵੱਲੋਂ ਕਰਵਾਈ ਗਈ।
ਤਕਨੀਕੀ ਸੈਸ਼ਨਾਂ ਦੌਰਾਨ ਵਲੰਟੀਅਰਾਂ ਨੂੰ ਖੋਜ-ਬਚਾਅ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ ਅਤੇ ਇਮਾਰਤਾਂ ਦੇ ਢਹਿ ਜਾਣ ਦੇ ਵੱਖ-ਵੱਖ ਰੂਪਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਮਲਬੇ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਬਚਾਉਣ ਦੀਆਂ ਆਧੁਨਿਕ ਤਕਨੀਕਾਂ ਅਤੇ ਰੈਸਕਿਊ ਟੀਮ ਦੀ ਸੁਰੱਖਿਆ ਸਬੰਧੀ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਵੀ ਸਾਂਝੇ ਕੀਤੇ ਗਏ।
ਪ੍ਰਯੋਗਾਤਮਕ ਸਿਖਲਾਈ ਦੌਰਾਨ ਵਲੰਟੀਅਰਾਂ ਨੂੰ ਅਭਿਆਸ ਕਰਵਾਇਆ ਗਿਆ, ਜਿਸ ਨਾਲ ਉਨ੍ਹਾਂ ਨੇ ਸੰਕਟ ਸਮੇਂ ਪ੍ਰਭਾਵਸ਼ਾਲੀ ਖੋਜ ਅਤੇ ਬਚਾਅ ਕਾਰਜਾਂ ਦੀਆਂ ਵਿਧੀਆਂ ਨੂੰ ਅਮਲੀ ਰੂਪ ਵਿੱਚ ਸਿੱਖਿਆ।
ਇਸ ਤੋਂ ਇਲਾਵਾ ਬੇਸਿਕ ਲਾਈਫ ਸਪੋਰਟ ਦੇ ਸੈਸ਼ਨ ਵਿੱਚ ਵਲੰਟੀਅਰਾਂ ਨੂੰ ਬਾਲਗ ਅਤੇ ਸ਼ਿਸ਼ੂ ਲਈ ਹੰਗਾਮੀ ਸਥਿਤੀ ਵਿੱਚ ਜਾਨ ਬਚਾਉਣ ਵਾਲੀਆਂ ਮੁੱਢਲੀਆਂ ਤਕਨੀਕਾਂ ਦੀ ਪ੍ਰਯੋਗਾਤਮਕ ਸਿਖਲਾਈ ਦਿੱਤੀ ਗਈ।
ਐੱਨ.ਐੱਸ.ਐੱਸ ਵਲੰਟੀਅਰਾਂ ਨੇ ਪੂਰੇ ਉਤਸ਼ਾਹ ਨਾਲ ਸਿਖਲਾਈ ਵਿੱਚ ਹਿੱਸਾ ਲੈਂਦਿਆਂ ਵੱਖ-ਵੱਖ ਮੌਕ ਡ੍ਰਿਲਾਂ ਅਤੇ ਪ੍ਰਯੋਗਾਤਮਕ ਗਤੀਵਿਧੀਆਂ ਵਿੱਚ ਸਰਗਰਮ ਭਾਗੀਦਾਰੀ ਕੀਤੀ। ਇਹ ਪ੍ਰੋਗਰਾਮ ਨੌਜਵਾਨਾਂ ਨੂੰ ਆਫ਼ਤ ਪ੍ਰਬੰਧਨ, ਖੋਜ ਅਤੇ ਬਚਾਅ, ਮੁੱਢਲੀ ਚਿਕਿਤਸਾ ਅਤੇ ਐਮਰਜੈਂਸੀ ਪ੍ਰਤੀਕਿਰਿਆ ਦੇ ਖੇਤਰ ਵਿੱਚ ਸਮਰੱਥ ਬਣਾਉਂਦਿਆਂ ਉਨ੍ਹਾਂ ਵਿੱਚ ਲੀਡਰਸ਼ਿਪ, ਆਤਮ-ਵਿਸ਼ਵਾਸ ਅਤੇ ਸਮਾਜ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ।
—————–