Friday, November 7Malwa News
Shadow

ਐਨਐਚਐਮ ਮੁਲਾਜ਼ਮ ਸਰਕਾਰ ਦੀ ਇਟ ਨਾਲ ਇਟ ਖੜਕਾ ਦੇਣਗੇ -ਡਾਕਟਰ ਸਿਮਰਪਾਲ ,ਸੁਮੀਤ ਬਜਾਜ

ਮੋਗਾ : ਐਨ ਐਚ ਐਮ ਮੋਗਾ ਦੇ ਸੀਨੀਅਰ ਆਗੂ ਡਾਕਟਰ ਸਿਮਰਪਾਲ ਅਤੇ ਕੈਸ਼ੀਅਰ ਸੁਮੀਤ ਬਜਾਜ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੁਧਿਆਣਾ ਵਿਖੇ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਦੀ ਇਕ ਹੰਗਾਮੀ ਮੀਟਿੰਗ ਹੋਈ । ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਐੱਨਐੱਚਐੱਮ ਆਗੂਆਂ ਨੇ ਦੱਸਿਆ ਕੇ 19 ਜਿਲਿਆਂ ਤੋਂ ਲਗਭਗ 80 ਐਨਐਚਐਮ ਆਗੂਆਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ । ਇਸ ਮੀਟਿੰਗ ਦਾ ਮੁੱਖ ਏਜ਼ੰਡਾ ਲੁਧਿਆਣਾ ਜ਼ਿਮਨੀ ਚੋਣਾਂ ਮੌਕੇ ਐਨਐਚਐਮ ਮੁਲਾਜ਼ਮਾਂ ਵੱਲੋਂ ਕੀਤੇ ਜਾਣ ਵਾਲੇ ਸੰਘਰਸ਼ ਦੀ ਰੂਪ-ਰੇਖਾ ਤੈਅ ਕਰਨਾ ਸੀ ।
ਇਸ ਮੌਕੇ ਐਨਐਚਐਮ ਮੁਲਾਜ਼ਮਾਂ ਵਲੋਂ ਸਰਬਸੰਮਤੀ ਨਾਲ ਐੱਨਐੱਚਐੱਮ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਜੋ ਕਿ ਐੱਨਐੱਚਐੱਮ ਮੁਲਾਜ਼ਮਾਂ ਵਲੋਂ ਵਿੱਢੇ ਗਏ ਸੰਘਰਸ਼ ਦੀ ਰਹਿਨੁਮਾਈ ਕਰੇਗੀ । ਉਹਨਾਂ ਦੱਸਿਆ ਕਿ ਐੱਨਐੱਚਐੱਮ ਦੇ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ । ਜਿੰਨਾ ਵਿੱਚ ਲਗਭਗ 50ਤੋਂ ਵੱਧ ਕੈਟੇਗਰੀਆਂ ਕੰਮ ਕਰ ਰਹੀਆਂ ਹਨ । ਪਰੰਤੂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਮੁਲਾਜ਼ਮਾਂ ਦਾ ਸਿਰਫ ਸ਼ੋਸ਼ਣ ਹੀ ਕੀਤਾ ਹੈ ਤੇ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕਾਂ ਤੋਂ ਵਾਂਝੇ ਰੱਖਿਆ, ਵੱਖ-ਵੱਖ ਸਰਕਾਰਾਂ ਨੇ ਇਹਨਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਕੀਤੇ ਪਰ ਅਫ਼ਸੋਸ ਦੀ ਗੱਲ ਹੈ ਕਿ ਕੋਈ ਵੀ ਸਰਕਾਰ ਆਪਣੇ ਵਾਅਦੇ ਤੇ ਖਰੀ ਨਹੀਂ ਉੱਤਰੀ ।
ਇਥੇ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਅੱਜ ਦੀ ਸਰਕਾਰ ਦੇ ਮੌਜੂਦਾ ਕੈਬਿਨਟ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਐਨ ਐਚ ਮੁਲਾਜ਼ਮਾਂ ਦੁਆਰਾ ਕਾਂਗਰਸ ਸਰਕਾਰ ਵਿਰੁੱਧ ਕੀਤੀਆਂ ਰੈਲੀਆਂ ਵਿੱਚ ਸ਼ਾਮਲ ਹੋ ਕੇ ਸਰਕਾਰ ਬਣਦੇ ਸਾਰ ਹੀ ਪੱਕਾ ਕਰਨ ਦੇ ਵਾਅਦੇ ਕੀਤੇ ਗਏ ਸੀ ਅਤੇ ਸਰਕਾਰ ਬਣਨ ਉਪਰੰਤ ਸਮੇਂ- ਸਮੇਂ ਤੇ ਵਿਭਾਗ ਦੇ ਅਧਿਕਾਰੀਆਂ ਨਾਲ ਦਰਜਨਾਂ ਮੀਟਿੰਗਾਂ ਕਰਨ ਦੇ ਬਾਅਦ ਵੀ ਮੌਜੂਦਾ ਸਰਕਾਰ ਵੱਲੋਂ ਸਿਰਫ ਟਾਈਮ ਟਪਾਉਣ ਦੀ ਨੀਤੀ ਹੀ ਅਪਣਾਈ ਜਾ ਰਹੀ ਹੈ । ਬੜੇ ਅਫ਼ਸੋਸ ਦੀ ਗੱਲ ਹੈ ਕਿ ਜਿਸ ਸਰਕਾਰ ਨੂੰ ਬਣਾਉਣ ਲਈ ਸਮੂਹ ਐਨ ਐਚ ਐਮ ਮੁਲਾਜ਼ਮਾਂ ਨੇ ਅਹਿਮ ਭੂਮਿਕਾ ਨਿਭਾਈ ਅੱਜ ਸਰਕਾਰ ਦੇ ਲਗਭਗ 3 ਸਾਲ ਪੂਰੇ ਹੋਣ ਦੇ ਬਾਵਜ਼ੂਦ ਵੀ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੂੰ ਨਾਂ ਤੇ ਪੱਕਾ ਕੀਤਾ ਗਿਆ ਅਤੇ ਨਾਂ ਹੀ ਕਿਸੇ ਮੁਲਾਜ਼ਮ ਦੀਆਂ ਤਨਖਾਵਾਂ ਵਿੱਚ ਕਿਸੇ ਤਰੀਕੇ ਦਾ ਕੋਈ ਵਾਧਾ ਕੀਤਾ ਗਿਆ ।
ਓਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਐਨਐਚਐਮ ਮੁਲਾਜ਼ਮਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ । ਪਰ ਹੁਣ ਐਨਐਚਐਮ ਮੁਲਾਜ਼ਮ ਇਸ ਧੱਕੇਸ਼ਾਹੀ ਨੂੰ ਹੋਰ ਬਰਦਾਸ਼ਤ ਨਹੀਂ ਕਰਨਗੇ, ਸੋ ਆਉਣ ਵਾਲੇ ਲੁਧਿਆਣਾ ਜਿਮਨੀ ਚੋਣ ਦੇ ਸੰਬੰਧ ਵਿੱਚ ਮੀਟਿੰਗ ਦੌਰਾਨ ਗਠਿਤ ਕੀਤੀ ਗਈ ਟਾਸਕ ਫੋਰਸ ਵਲੋਂ ਦੋ ਅਹਿਮ ਪ੍ਰੋਗਰਾਮ ਉਲੀਕੇ ਗਏ ਨੇ ਜਿਸਦੀ ਜਾਣਕਾਰੀ ਇਸ ਪ੍ਰਕਾਰ ਹੈ :-

  1. ਮਿਤੀ 13/06/2025 ਦਿਨ ਸ਼ੁੱਕਰਵਾਰ ਨੂੰ ਸਮੂਹ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮ ਆਪਣੇ-ਆਪਣੇ ਜ਼ਿਲੇ/ਬਲਾਕ ਉੱਤੇ ਇਕੱਠੇ ਹੋ ਕੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ । ਇਸ ਦਿਨ ਨੈਸ਼ਨਲ ਹੈਲਥ ਮਿਸ਼ਨ ਮੁਲਾਜ਼ਮਾਂ ਵਲੋਂ ਹਰ ਕਿਸਮ ਦਾ ਆਨਲਾਈਨ/ਆਫਲਾਈਨ ਕੰਮ ਪੂਰਨ ਰੂਪ ਵਿੱਚ ਠੱਪ ਰੱਖਿਆ ਜਾਵੇਗਾ
  2. ਮਿਤੀ 15/06/2025 ਦਿਨ ਐਤਵਾਰ ਨੂੰ ਨੈਸ਼ਨਲ ਹੈਲਥ ਮਿਸ਼ਨ ਦੇ 9000 ਮੁਲਾਜ਼ਮ ਲੁਧਿਆਣਾ ਵਿਖੇ ਇਕ ਵੱਡੀ ਰੈਲੀ ਕਰਨਗੇ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਸਥਾਨਕ ਲੋਕਾਂ ਨੂੰ ਸਰਕਾਰ ਦੀਆਂ ਨਾਕਾਮੀਆਂ ਬਾਰੇ ਜਾਗਰੂਕ ਕਰਨਗੇ ।
    ਓਹਨਾਂ ਕਿਹਾ ਕਿ ਜੇ ਅਜੇ ਵੀ ਸਰਕਾਰ ਨੇ ਸਾਡੀਆਂ ਲੰਬੇ ਸਮੇਂ ਤੋ ਚਲਦੀਆਂ ਮੰਗਾਂ ਨੂੰ ਪ੍ਰਵਾਨ ਨਾਂ ਕੀਤਾ ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਏਗਾ ਜਿਸਦੀ ਨਿਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ ।
    ਇਸ ਮੀਟਿੰਗ ਵਿੱਚ ਅਵਤਾਰ ਸਿੰਘ ਮਾਨਸਾ ,ਸੁਖਜੀਤ ਕੰਬੋਜ ਰੋਪੜ, ਡਾ ਸੁਨੀਲ ਤਰਗੋਤਰਾ ਗੁਰਦਾਸਪੁਰ, ਗੁਰਪ੍ਰੀਤ ਭੁੱਲਰ ਮੁਕਤਸਰ ਸਾਹਿਬ, ਹਰਪਾਲ ਸੋਢੀ ਫਤਿਹਗੜ ਸਾਹਿਬ, ਦੀਪਸ਼ਿਖਾ ਕਸ਼ਪ ਮੋਹਾਲੀ, ਪ੍ਰਿਤਪਾਲ ਸਿੰਘ ਲੁਧਿਆਣਾ, ਰਜੇਸ਼ ਕੁਮਾਰ ਫਾਜਿਲਕਾ, ਸੁਰਿੰਦਰ ਕੰਬੋਜ,ਨਰਿੰਦਰ ਸਿੰਘ ਫਿਰੋਜ਼ਪੁਰ, ਰਮਨਵੀਰ ਕੌਰ ਬਠਿੰਡਾ, ਗੁਰਵਿੰਦਰ ਸਿੰਘ ਮੋਗਾ,ਅਵਤਾਰ ਸਿੰਘ ਅੰਮ੍ਰਿਤਸਰ,ਰਵਿੰਦਰ ਕੌਰ ਤਰਨਤਾਰਨ ,ਡਾ ਸੁਨੀਲ ਨਵਾਂਸ਼ਹਿਰ,ਡਾ ਜਤਿੰਦਰ ਸਿੰਘ ਮਲੇਰਕੋਟਲਾ,ਰਜਿੰਦਰ ਸਿੰਘ ਸੰਗਰੂਰ,ਡਾ ਵਿਪਿਨ ਜਲੰਧਰ ਹਾਜ਼ਰ ਸਨ।