
ਹੁਸ਼ਿਆਰਪੁਰ, 13 ਅਪ੍ਰੈਲ : ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਵਾਰਡ ਨੰਬਰ 14 ਵਿੱਚ ਦੇਸ਼ ਭਗਤ ਕਾਲਜ ਤੋਂ ਨਿਊ ਫਤਿਹਗੜ੍ਹ ਤੱਕ ਲੋਕਾਂ ਦੀ ਸਹੂਲਤ ਲਈ 8 ਲੱਖ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਸੜਕ ਦਾ ਉਦਘਾਟਨ ਕੀਤਾ। ਇਸ ਸੜਕ ਦੇ ਨਿਰਮਾਣ ਨਾਲ ਇਲਾਕੇ ਦੇ ਵਸਨੀਕਾਂ ਨੂੰ ਆਉਣ-ਜਾਣ ਵਿੱਚ ਵੱਡੀ ਸਹੂਲਤ ਮਿਲੇਗੀ ਅਤੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋ ਗਿਆ ਹੈ।
ਇਸ ਮੌਕੇ ਵਿਧਾਇਕ ਜਿੰਪਾ ਨੇ ਕਿਹਾ ਕਿ ਇਲਾਕੇ ਦੇ ਵਿਕਾਸ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਜਾਰੀ ਹੈ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕ ਨਿਰਮਾਣ ਨਾਲ ਨਾ ਸਿਰਫ਼ ਆਵਾਜਾਈ ਨੂੰ ਸੁਵਿਧਾ ਮਿਲੇਗੀ ਸਗੋਂ ਸਥਾਨਕ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਵੀ ਸੁਧਾਰ ਹੋਵੇਗਾ।
ਪ੍ਰੋਗਰਾਮ ਦੌਰਾਨ ਵਾਰਡ ਨੰਬਰ 14 ਦੇ ਕੌਂਸਲਰ ਬਲਵਿੰਦਰ ਬਿੰਦੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਉਨ੍ਹਾਂ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੜਕ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ, ਜੋ ਹੁਣ ਪੂਰੀ ਹੋ ਗਈ ਹੈ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਚੰਦਨ ਲੱਕੀ, ਨਰੇਸ਼ ਕੁਮਾਰ, ਸੇਵਾ ਸਿੰਘ, ਹਰਿੰਦਰ ਸਿੰਘ, ਜਤਿੰਦਰ ਕੁਮਾਰ ਮਹਿਤਾ, ਹਰਜੀਤ ਕੌਰ ਸਮੇਤ ਹੋਰ ਪਤਵੰਤੇ ਅਤੇ ਇਲਾਕਾ ਵਾਸੀ ਵੀ ਹਾਜ਼ਰ ਸਨ। ਸਾਰਿਆਂ ਨੇ ਇਸ ਵਿਕਾਸ ਕਾਰਜ ਲਈ ਖੁਸ਼ੀ ਪ੍ਰਗਟ ਕੀਤੀ ਅਤੇ ਵਿਧਾਇਕ ਦਾ ਧੰਨਵਾਦ ਕੀਤਾ।