
ਸ੍ਰੀ ਮੁਕਤਸਰ ਸਾਹਿਬ, 03 ਅਕਤੂਬਰ:- ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਬਾਬਤ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਖਰੀਦ ਸਬੰਧੀ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਦੀ ਮੰਡੀ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਉਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਏ.ਡੀ.ਸੀ. ਜਨਰਲ) ਗੁਰਪ੍ਰੀਤ ਸਿੰਘ ਥਿੰਦ ਵੀ ਮੌਜੂਦ ਸਨ।
ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਝੋਨੇ ਦੀ ਖਰੀਦ ਲਈ ਸਰਕਾਰ ਵਲੋਂ ਝੋਨੇ ਵਿੱਚ ਨਮੀ ਦੀ ਵੱਧ ਤੋਂ ਵੱਧ ਮਾਤਰਾ 17 ਫੀਸਦੀ ਨਿਰਧਾਰਿਤ ਕੀਤੀ ਗਈ ਹੈ ਅਤੇ ਇਸ ਮਾਪਦੰਡ ਵਿੱਚ ਆਉਣ ਵਾਲੇ ਦਾਣੇ-ਦਾਣੇ ਦੀ ਨਿਰਵਿਘਨ ਖਰੀਦ ਯਕੀਨੀ ਬਣਾਈ ਜਾਵਾਂਗੀ। ਉਨ੍ਹਾਂ ਕਿਹਾ ਕਿ ਇਸ ਵਾਰ ਬਾਰਦਾਨਾ, ਲੇਬਰ ਅਤੇ ਢੋਆ ਦੁਆਈ ਦੇ ਪ੍ਰਬੰਧ ਮੁਕੰਮਲ ਹਨ।
ਵਿਧਾਇਕ ਨੇ ਕਿਹਾ ਕਿ ਮੰਡੀ ਬੋਰਡ ਵਲੋਂ ਮੰਡੀਆਂ ਵਿੱਚ ਫੜ੍ਹਾਂ ਦੀ ਸਫਾਈ, ਪੀਣ ਦੇ ਪਾਣੀ, ਬਿਜਲੀ, ਛਾਂ, ਨਮੀ ਮਾਪਣ ਵਾਲੇ ਯੰਤਰ ਆਦਿ ਦੇ ਮੁਕੰਮਲ ਪ੍ਰਬੰਧ ਹਨ। ਮੰਡੀਆਂ ਵਿਚੋਂ ਖਰੀਦ ਕੀਤੇ ਝੋਨੇ ਦੀ ਚੁਕਾਈ 72 ਘੰਟਿਆਂ ਦੇ ਅੰਦਰ ਅੰਦਰ ਕੀਤੀ ਜਾਵੇਗੀ ਅਤੇ ਤੈਅ ਸਮੇਂ ਮੁਤਾਬਕ ਕਿਸਾਨਾਂ ਨੂੰ ਅਦਾਇਗੀ ਕੀਤੀ ਜਾਵੇਗੀ।
ਹਲਕਾ ਵਿਧਾਇਕ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕੀ ਅਤੇ ਸਾਫ਼ ਫਸਲ ਲਿਆਉਣ ਤਾਂ ਜੋ ਉਹਨਾਂ ਨੂੰ ਨਮੀ ਘਟਣ ਤੱਕ ਮੰਡੀਆਂ ਵਿਚ ਰੁਕਣਾ ਨਾ ਪਵੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੱਚਾ ਆੜਤੀਆ ਐਸੋਸੀਏਸ਼ਨ ਜਗਸੀਰ ਕੁਮਾਰ ਚਰਨਾ, ਕੱਚਾ ਆੜਤੀਆ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਇਕਬਾਲ ਸਿੰਘ ਵੜਿੰਗ, ਕੱਚਾ ਆੜਤੀ ਐਸੋਸੀਏਸ਼ਨ ਬਰੀਵਾਲਾ ਦੇ ਪ੍ਰਧਾਨ ਅਜੇ ਗਰਗ, ਮਾਰਕੀਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਸਰਜੀਤ ਸਿੰਘ ਸੰਧੂ ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।