
ਹੁਸ਼ਿਆਰਪੁਰ, 24 ਅਪ੍ਰੈਲ: ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਸ਼ੁੱਕਰਵਾਰ ਨੂੰ ਸੀਵਰੇਜ ਟ੍ਰੀਟਮੈਂਟ ਪਲਾਂਟ ਪਿਪਲਾਂਵਾਲਾ, ਹੁਸ਼ਿਆਰਪੁਰ ਵਿੱਚ 30 ਐਮ.ਐਲ.ਡੀ. ਸੋਧੇ ਪਾਣੀ ਨੂੰ ਜ਼ਮੀਨਦੋਜ਼ ਨਾਲਿਆਂ ਰਾਹੀਂ ਖੇਤਾਂ ਦੀ ਸਿੰਚਾਈ ਲਈ ਵਰਤਣ ਵਾਲੇ ਮਹੱਤਵਪੂਰਨ ਪ੍ਰੋਜੈਕਟ ਦਾ ਉਦਘਾਟਨ ਕੀਤਾ। ਭੂਮੀ ਸੁਰੱਖਿਆ ਵਿਭਾਗ ਵੱਲੋਂ ਕਰੀਬ 11 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਸ ਪ੍ਰੋਜੈਕਟ ਨਾਲ ਕਿਸਾਨਾਂ ਨੂੰ ਸਿੰਚਾਈ ਲਈ ਪ੍ਰਚੂਰ ਪਾਣੀ ਉਪਲਬਧ ਹੋਵੇਗਾ ਅਤੇ ਕੁਦਰਤੀ ਜਲ ਸਰੋਤਾਂ ‘ਤੇ ਨਿਰਭਰਤਾ ਘਟੇਗੀ। ਇਸ ਨਾਲ ਨਾ ਸਿਰਫ਼ ਪਾਣੀ ਦੀ ਬਚਤ ਹੋਵੇਗੀ ਸਗੋਂ ਕਿਸਾਨ ਉੱਚ ਕਿਸਮ ਦੀ ਖੇਤੀ ਕਰਨ ਦੇ ਯੋਗ ਵੀ ਬਣਣਗੇ।
ਇਸ ਮੌਕੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪਿਪਲਾਂਵਾਲਾ ਸਥਿਤ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਸੋਧ ਹੋ ਕੇ ਨਿਕਲਣ ਵਾਲਾ ਪਾਣੀ ਹੁਣ ਇਲਾਕੇ ਦੇ ਸੱਤ ਪਿੰਡਾਂ ਦੇ ਕਿਸਾਨਾਂ ਨੂੰ ਸਿੰਚਾਈ ਲਈ ਉਪਲਬਧ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਹਤਵਪੂਰਣ ਯੋਜਨਾ ਅਧੀਨ ਲਗਭਗ 40 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਗਈ ਹੈ, ਜਿਸ ਰਾਹੀਂ ਸੋਧਿਆ ਪਾਣੀ ਖੇਤਾਂ ਤੱਕ ਪਹੁੰਚਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਵਾਤਾਵਰਣ ਸੰਰੱਖਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਜਿੱਥੇ ਇੱਕ ਪਾਸੇ ਸ਼ਹਿਰ ਦੇ ਗੰਦੇ ਪਾਣੀ ਦੇ ਨਿਪਟਾਰੇ ਦੀ ਸਮੱਸਿਆ ਦਾ ਹੱਲ ਹੋਵੇਗਾ, ਉੱਥੇ ਹੀ ਦੂਜੇ ਪਾਸੇ ਉਸੇ ਪਾਣੀ ਨੂੰ ਸੋਧ ਕਰਕੇ ਖੇਤੀ ਲਈ ਵਰਤਿਆ ਜਾਵੇਗਾ। ਇਸ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ‘ਤੇ ਪੈਣ ਵਾਲਾ ਦਬਾਅ ਘਟੇਗਾ ਅਤੇ ਕਿਸਾਨਾਂ ਨੂੰ ਸਿੰਚਾਈ ਲਈ ਇੱਕ ਵਿਕਲਪਕ ਜਲ ਸਰੋਤ ਮਿਲੇਗਾ। ਵਿਧਾਇਕ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਅਤੇ ਪਾਣੀ ਦੀ ਸੰਭਾਲ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਅਜਿਹੇ ਪ੍ਰੋਜੈਕਟ ਭਵਿੱਖ ਵਿੱਚ ਵੀ ਜਾਰੀ ਰਹਿਣਗੇ।
ਉਨ੍ਹਾਂ ਵਿਭਾਗੀ ਅਧਿਕਾਰੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਯੋਜਨਾ ਕਿਸਾਨਾਂ ਦੀ ਆਰਥਿਕ ਮਜ਼ਬੂਤੀ ਅਤੇ ਜਲ ਸਰੋਤਾਂ ਦੇ ਬਿਹਤਰ ਪ੍ਰਬੰਧਨ ਵੱਲ ਇੱਕ ਮੀਲ ਪੱਥਰ ਸਾਬਤ ਹੋਵੇਗੀ। ਇਸ ਪ੍ਰੋਜੈਕਟ ਨਾਲ ਖੇਤੀ ਦੀ ਲਾਗਤ ਘਟੇਗੀ ਅਤੇ ਜਲ ਸੰਕਟ ਨਾਲ ਜੂਝ ਰਹੇ ਖੇਤਰਾਂ ਨੂੰ ਰਾਹਤ ਮਿਲੇਗੀ। ਇਸ ਮੌਕੇ ਸੁਰਿੰਦਰ ਕੁਮਾਰ, ਜਸਵੰਤ ਰਾਇ, ਸਤੀਸ਼ ਸੈਨੀ, ਰਾਕੇਸ਼ ਸ਼ਰਮਾ, ਤਰਨਜੀਤ ਸਿੰਘ, ਮਨਜੋਤ ਕੌਰ, ਸੰਜੇ ਸ਼ਰਮਾ ਸਮੇਤ ਹੋਰ ਪਤਵੰਤੇ ਵਿਅਕਤੀ ਹਾਜ਼ਰ ਸਨ।