
ਮਾਨਸਾ, 25 ਦਸੰਬਰ- ਪੰਜਾਬ ਰਾਜ ਅਤੇ ਕੇਂਦਰ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ (ਪੀ ਐਸ ਐਚ ਆਰ ਸੀ) ਦੇ ਮੈਂਬਰ ਪਦਮ ਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੇ ਅੱਜ ਇੱਥੇ ਜ਼ਿਲ੍ਹਾ ਜੇਲ੍ਹ ਦਾ ਨਿਰੀਖਣ ਕੀਤਾ ਅਤੇ ਕੈਦੀਆਂ ਤੇ ਹਵਾਲਾਤੀਆਂ ਲਈ ਸਹੂਲਤਾਂ ਦਾ ਜਾਇਜ਼ਾ ਲਿਆ।
ਕਮਿਸ਼ਨ ਮੈਂਬਰ ਜਤਿੰਦਰ ਸਿੰਘ ਸ਼ੰਟੀ ਸ਼ੰਟੀ ਨੇ ਬੈਰਕਾਂ, ਰਸੋਈ, ਭੋਜਨ ਸੇਵਾਵਾਂ, ਪਖਾਨੇ, ਸਫਾਈ, ਡਾਕਟਰੀ ਸਹੂਲਤਾਂ ਦਾ ਜਾਇਜ਼ਾ ਲਿਆ। ਓਨ੍ਹਾਂ ਕੈਦੀਆਂ ਅਤੇ ਹਵਾਲਾਤੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ।
ਉਨ੍ਹਾਂ ਸਫਾਈ ਦੇ ਉੱਚ ਮਿਆਰਾਂ ਨੂੰ ਬਣਾਈ ਰੱਖਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ, ਖਾਸ ਕਰਕੇ ਰਸੋਈ ਵਿੱਚ, ਜਿੱਥੇ ਉਨ੍ਹਾਂ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਅਤੇ ਸਫਾਈ ਦਾ ਨਿੱਜੀ ਤੌਰ ‘ਤੇ ਮੁਲਾਂਕਣ ਕੀਤਾ ਅਤੇ ਖੁਦ ਖਾਣਾ ਖਾ ਕੇ ਦੇਖਿਆ। ਉਨ੍ਹਾਂ ਜੇਲ੍ਹ ਅੰਦਰ ਕੈਦੀਆਂ ਲਈ ਮਨੋਵਿਗਿਆਨਕ ਡਾਕਟਰ ਦੀ ਰੋਜ਼ਾਨਾ ਮੌਜ਼ੂਦਗੀ ਦਾ ਮਸ਼ਵਰਾ ਵੀ ਦਿੱਤਾ ਅਤੇ ਕੈਦੀਆਂ ਵੱਲੋਂ ਖੇਡ ਮੈਦਾਨਾਂ ਅੰਦਰ ਹਾਜ਼ਰੀ ਨੂੰ ਸਰਾਹਿਆ।
ਓਨ੍ਹਾਂ ਜੇਲ੍ਹ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਕੈਦੀਆਂ ਦੇ ਹੁਨਰ ਵਿਕਾਸ ਉੱਤੇ ਜ਼ੋਰ ਦਿੱਤਾ। ਓਨ੍ਹਾਂ ਕੈਦੀਆਂ ਦੀ ਸਿਹਤ ਅਤੇ ਤੰਦਰੁਸਤੀ ਬਾਰੇ ਵੀ ਵਿਚਾਰ ਚਰਚਾ ਕੀਤੀ। ਇਸ ਮੌਕੇ ਉਹ ਫੁੱਟਬਾਲ ਖੇਡ ਰਹੇ ਕੈਦੀਆਂ ਨੂੰ ਵੀ ਮਿਲੇ ਅਤੇ ਓਨ੍ਹਾਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਜੇਲ੍ਹ ਸੁਪਰਡੰਟ ਰਾਹੁਲ ਰਾਜਾ, ਡਿਪਟੀ ਸੁਪਰਡੰਟ ਜਗਜੀਤ ਸਿੰਘ, ਡੀ.ਐਸ.ਪੀ. ਪੁਸ਼ਪਿੰਦਰ ਸਿੰਘ ਗਿੱਲ, ਸਬ ਰਜਿਸਟਰਾਰ ਬਲਕਾਰ ਸਿੰਘ, ਸਹਾਇਕ ਸੁਪਰਡੰਟ ਸੁਖਪਾਲ ਸਿੰਘ ਮੌਜੂਦ ਸਨ।