
ਸ੍ਰੀ ਮੁਕਤਸਰ ਸਾਹਿਬ, 14 ਸਤੰਬਰ- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਾਰੀ ਬਰਸਾਤਾਂ ਦੇ ਕਾਰਨ ਹੋਏ ਨੁਕਸਾਨ ਤੋਂ ਬਾਅਦ ਪਿੰਡਾਂ ਦੀ ਸਫ਼ਾਈ ਸਬੰਧੀ ਬਲਾਕ ਲੰਬੀ ਦੇ ਪਿੰਡ ਫਤਿਹਪੁਰ ਮਨੀਆਂ ਵਾਲਾ, ਮਿੱਡਾ ਤੇ ਡੱਬਵਾਲੀ ਢਾਬ ਅਤੇ ਮਲੋਟ ਦੇ ਪਿੰਡ ਬਾਮ ਤੇ ਸ਼ੇਰਗੜ੍ਹ ਅਤੇ ਹਲਕਾ ਗਿੱਦੜਬਾਹਾ ਦੇ ਪਿੰਡ ਮੱਲਣ, ਕੋਟਲੀ, ਭਲਾਈਆਣਾ, ਕੋਠੇ ਅਮਰਗੜ੍ਹ ਤੇ ਕੋਠੇ ਬਾਰੇਵਾਲਾ ਵਿਖੇ ਮੀਟਿੰਗਾਂ ਕੀਤੀਆਂ ਗਈਆਂ।
ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਿਛਲੇ ਦਿਨੀਂ ਭਾਰੀ ਬਾਰਿਸ਼ ਦੌਰਾਨ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਕਾਫੀ ਮਾਤਰਾ ਵਿੱਚ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਵਿੱਚ ਕਾਫੀ ਪਾਣੀ ਖੜਾ ਹੋਣ ਕਰਕੇ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਪੇਂਡੂ ਖੇਤਰ ਵਿੱਚ ਮੱਛਰ ਮੱਖੀਆਂ ਪੈਦਾ ਹੋਣ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕਰਨ ਉਪਰੰਤ ਇਹ ਫੈਂਸਲਾਂ ਲਿਆ ਗਿਆ ਕਿ ਸਾਰੇ ਪਿੰਡ ਦੀ ਮੁਕੰਮਲ ਤੌਰ ਤੇ ਸਫਾਈ ਕਰਵਾਈ ਜਾਵੇਗੀ ਅਤੇ ਵੱਖ-ਵੱਖ ਥਾਂਵਾਂ ਤੇ ਖੜ੍ਹਾ ਗੰਦਾ ਪਾਣੀ ਵੀ ਕੱਢਿਆ ਜਾਵੇਗਾ। ਇਸ ਤੋਂ ਇਲਾਵਾ ਪੰਚਾਇਤ ਵੱਲੋਂ ਮੱਛਰ ਮਾਰਨ ਵਾਲੀ ਦਵਾਈ ਦੀ ਸਪਰੇ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਕੰਮਾਂ ਦੀ ਦੇਖ-ਰੇਖ ਲਈ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਪਿੰਡ ਦਾ ਸਰਪੰਚ ਕਰੇਗਾ। ਇਸ ਤੋਂ ਇਲਾਵਾ ਵਾਤਾਵਰਨ ਦੀ ਸਾਂਭ ਸੰਭਾਲ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਦੁਸ਼ਿਤ ਹੁੰਦਾ ਹੈ ਅਤੇ ਬਿਮਾਰੀਆਂ ਫੈਲਦੀਆਂ ਹਨ ਅਤੇ ਉਨ੍ਹਾਂ ਕਿਹਾ ਕਿ ਗਰਾਮ ਸਭਾ ਦੇ ਖੇਤਰ ਵਿੱਚ ਕੋਈ ਵੀ ਪਰਾਲੀ ਨੂੰ ਅੱਗ ਨਹੀਂ ਲਗਾਉਗਾ।
ਇਸ ਮੌਕੇ ਮਾਲਵਾ ਵੈਸਟ ਦੇ ਮੀਡੀਆ ਇੰਚਾਰਜ ਚਰਨਜੀਤ ਸਿੰਘ ਧਾਲੀਵਾਲ, ਮਾਲਵਾ ਵੈਸਟ ਦੇ ਜਨਰਲ ਸੈਕਟਰੀ ਸਰਬਜੀਤ ਭੁੱਲਰ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮੀਡੀਆ ਇੰਚਾਰਜ ਕੁਲਵਿੰਦਰ ਸਿੰਘ ਬਰਾੜ, ਜ਼ਿਲ੍ਹਾ ਸ੍ਰੀ ਮੁਕਤਸਰ ਦੇ ਜਨਰਲ ਸਕੱਤਰ ਰਮੇਸ਼ ਅਰਨੀਵਾਲਾ, ਸਬੰਧਤ ਪਿੰਡਾਂ ਦੇ ਸਰੰਪਚ, ਗਰਾਮ ਪੰਚਾਇਤ ਦੇ ਮੈਂਬਰ ਅਤੇ ਪਤਵੰਤੇ ਹਾਜ਼ਰ ਸਨ।