ਨਵੀਂ ਦਿੱਲੀ 16 ਅਕਤੂਬਰ : ਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ 8 ਸ਼ੈਡਿਊਲ ਦਵਾਈਆਂ ਦੀ ਵੱਧ ਤੋਂ ਵੱਧ ਕੀਮਤ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਇਹਨਾਂ ਦਵਾਈਆਂ ਦੀ ਵਰਤੋਂ ਦਮਾ, ਟੀਬੀ, ਗਲੂਕੋਮਾ ਦੇ ਨਾਲ ਕਈ ਹੋਰ ਬੀਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ।
ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਦੱਸਿਆ ਕਿ NPPA ਨੇ ਅੱਠ ਦਵਾਈਆਂ ਦੇ ਗਿਆਰਾਂ ਸ਼ੈਡਿਊਲਡ ਫਾਰਮੂਲੇਸ਼ਨਾਂ ਦੀਆਂ ਵੱਧ ਤੋਂ ਵੱਧ ਕੀਮਤਾਂ ਨੂੰ ਉਹਨਾਂ ਦੀਆਂ ਮੌਜੂਦਾ ਵੱਧ ਤੋਂ ਵੱਧ ਕੀਮਤਾਂ ਤੋਂ 50% ਤੱਕ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਸ ਤੋਂ ਪਹਿਲਾਂ NPPA ਨੇ 2019 ਅਤੇ 2020 ਵਿੱਚ 21 ਅਤੇ 9 ਫਾਰਮੂਲੇਸ਼ਨ ਦਵਾਈਆਂ ਦੀਆਂ ਕੀਮਤਾਂ ਨੂੰ 50% ਵਧਾਉਣ ਦਾ ਫੈਸਲਾ ਕੀਤਾ ਸੀ।
ਇਹਨਾਂ ਦਵਾਈਆਂ ਅਤੇ ਫਾਰਮੂਲੇਸ਼ਨਾਂ ਦੀਆਂ ਕੀਮਤਾਂ ਨੂੰ ਸਰਕਾਰ ਨੇ ਸੋਧਿਆ ਹੈ:
ਧੀਮੀ ਦਿਲ ਦੀ ਧੜਕਣ ਦੇ ਇਲਾਜ ਲਈ ਵਰਤਿਆ ਜਾਣ ਵਾਲਾ ਐਟ੍ਰੋਪੀਨ ਇੰਜੈਕਸ਼ਨ (0.6 mg/ml)
ਟੀਬੀ ਦੇ ਇਲਾਜ ਲਈ ਵਰਤਿਆ ਜਾਣ ਵਾਲਾ ਇੰਜੈਕਸ਼ਨ ਪਾਊਡਰ ਸਟ੍ਰੈਪਟੋਮਾਈਸਿਨ (750mg ਅਤੇ 1000mg ਫਾਰਮੂਲੇਸ਼ਨ)
ਦਮੇ ਦੀ ਦਵਾਈ ਸਾਲਬੁਟਾਮੋਲ ਦੀਆਂ 2mg ਅਤੇ 4mg ਦੀਆਂ ਗੋਲੀਆਂ ਅਤੇ 5mg/ml ਦਾ ਰੈਸਪੀਰੇਟਰ
ਗਲੂਕੋਮਾ ਦੇ ਇਲਾਜ ਵਿੱਚ ਵਰਤਿਆ ਜਾਣ ਵਾਲਾ ਪਿਲੋਕਾਰਪੀਨ 2% ਡ੍ਰੌਪ
ਪਿਸ਼ਾਬ ਨਾਲੀ ਦੇ ਇਨਫੈਕਸ਼ਨ (UTI) ਦੇ ਇਲਾਜ ਲਈ ਵਰਤੀ ਜਾਣ ਵਾਲੀ ਸੇਫੈਡਰੋਕਸਿਲ ਟੈਬਲੇਟ 500mg
ਥੈਲੇਸੀਮੀਆ ਦੇ ਇਲਾਜ ਲਈ ਡੇਫੇਰੋਕਸਾਮਾਈਨ 500mg ਇੰਜੈਕਸ਼ਨ ਅਤੇ 300mg ਦੀ ਲੀਥੀਅਮ ਟੈਬਲੇਟ।
ਸਰਕਾਰ ਨੇ ਇਹਨਾਂ ਦਵਾਈਆਂ ਦੀ ਵੱਧ ਤੋਂ ਵੱਧ ਕੀਮਤ ਵਿੱਚ ਵਾਧੇ ‘ਤੇ ਕਿਹਾ ਕਿ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੂੰ ਇਹਨਾਂ ਦਵਾਈਆਂ ਦੀਆਂ ਕੀਮਤਾਂ ਵਿੱਚ ਵਾਧੇ ਲਈ ਨਿਰਮਾਤਾਵਾਂ ਵੱਲੋਂ ਲਗਾਤਾਰ ਅਰਜ਼ੀਆਂ ਮਿਲ ਰਹੀਆਂ ਸਨ।
ਦਵਾਈ ਕੰਪਨੀਆਂ ਵੱਲੋਂ ਐਕਟਿਵ ਫਾਰਮਾਸਿਊਟੀਕਲ ਇੰਗਰੇਡੀਐਂਟਸ (APIs) ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਦਵਾਈਆਂ ਦੀ ਲਾਗਤ ਵਿੱਚ ਵਾਧੇ ਅਤੇ ਵਟਾਂਦਰਾ ਦਰ ਵਿੱਚ ਬਦਲਾਅ ਦਾ ਹਵਾਲਾ ਦਿੱਤਾ ਗਿਆ ਸੀ।
ਮੰਤਰਾਲੇ ਨੇ ਦੱਸਿਆ ਕਿ ਕੰਪਨੀਆਂ ਨੇ ਕੁਝ ਦਵਾਈਆਂ ਦੀ ਉਪਲਬਧਤਾ ਨਾ ਹੋਣ ਕਾਰਨ ਉਹਨਾਂ ਨੂੰ ਬੰਦ ਕਰਨ ਲਈ ਵੀ ਅਰਜ਼ੀ ਦਿੱਤੀ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਦਵਾਈਆਂ ਸਸਤੀਆਂ ਹਨ ਅਤੇ ਦੇਸ਼ ਦੇ ਜਨਤਕ ਸਿਹਤ ਪ੍ਰੋਗਰਾਮਾਂ ਲਈ ਪਹਿਲੀ-ਲਾਈਨ ਇਲਾਜ ਲਈ ਵਰਤੀਆਂ ਜਾਂਦੀਆਂ ਹਨ।