Monday, December 22Malwa News
Shadow

ਯੁੱਧ ਨਸਿਆਂ ਵਿਰੁੱਧ” ਮੁਹਿੰਮ ਤਹਿਤ ਵੱਡੀ ਕਾਰਵਾਈ: ਨਸਾ ਤਸਕਰਾਂ ਦੀ ਨਜਾਇਜ਼ ਸੰਪਤੀ ਢਾਹੀ,

ਮਾਲੇਰਕੋਟਲਾ, 22 ਦਸੰਬਰ –           ਕਪਤਾਨ ਪੁਲਿਸ (ਪੀ.ਬੀ.ਆਈ) ਮਾਲੇਰਕੋਟਲਾ ਰਾਜਵਿੰਦਰ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ “ਯੁੱਧ ਨਸਿਆਂ ਵਿਰੁੱਧ” ਤਹਿਤ ਅੱਜ ਜ਼ਿਲ੍ਹਾ ਮਾਲੇਰਕੋਟਲਾ ਪੁਲਿਸ ਵੱਲੋਂ ਨਸਾ ਤਸਕਰਾਂ ਖ਼ਿਲਾਫ਼ ਇਕ ਹੋਰ ਵੱਡੀ ਅਤੇ ਠੋਸ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਪਿਛਲੇ ਸਮੇਂ ਦੌਰਾਨ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਨਜਾਇਜ਼ ਪ੍ਰਾਪਰਟੀ ਢਾਹੀ ਗਈ । ਇਹ ਕਾਰਵਾਈ ਸਿਵਲ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਸਹਿਯੋਗ ਨਾਲ ਸ਼ਹਿਰ ਮਾਲੇਰਕੋਟਲਾ ਵਿੱਚ ਅਮਲ ਵਿੱਚ ਲਿਆਂਦੀ ਗਈ।

                 ਨਸਾ ਤਸਕਰ ਮੁਹੰਮਦ ਤਾਹਿਰ ਉਰਫ਼ ਢਿੱਡਗੁਲੀ ਪੁੱਤਰ ਅਬਦੁਲ ਰਸ਼ੀਦ ਵਾਸੀ ਇਸਮਾਇਲ ਬਸਤੀ, ਈਦਗਾਹ ਰੋਡ ਮਾਲੇਰਕੋਟਲਾ ਅਤੇ ਮਹਿਬੂਬ ਅਖ਼ਤਰ ਪੁੱਤਰ ਮੁਹੰਮਦ ਬਸੀਰ ਵਾਸੀ ਗੋਬਿੰਦ ਨਗਰ, ਨੇੜੇ ਕਾਲੂ ਹਾਜੀ ਦੀ ਮਸਜਿਦ ਮਾਲੇਰਕੋਟਲਾ ਵੱਲੋਂ ਸਰਕਾਰੀ ਜਗ੍ਹਾ ’ਤੇ ਕਬਜ਼ਾ ਕਰਕੇ ਬਣਾਈ ਨਜਾਇਜ਼ ਪ੍ਰਾਪਰਟੀ ਨੂੰ ਢਾਹ ਦਿੱਤਾ ਗਿਆ।

       ਕਪਤਾਨ ਪੁਲਿਸ ਨੇ ਦੱਸਿਆ ਕਿ ਸਰਕਾਰੀ ਰਿਕਾਰਡ ਮੁਤਾਬਕ ਮੁਹੰਮਦ ਤਾਹਿਰ ਉਰਫ਼ ਢਿੱਡਗੁਲੀ ਖ਼ਿਲਾਫ਼ ਕੁੱਲ 07 ਮੁਕੱਦਮੇ ਦਰਜ ਹਨ, ਜਦਕਿ ਮਹਿਬੂਬ ਅਖ਼ਤਰ ਖ਼ਿਲਾਫ਼ 06 ਮੁਕੱਦਮੇ ਦਰਜ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਨਸ਼ਾ ਤਸਕਰੀ ਨਾਲ ਸੰਬੰਧਤ ਅਪਰਾਧਾਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।

           ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸ਼ਿਆਂ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਨਸ਼ਾ ਤਸਕਰਾਂ ਖ਼ਿਲਾਫ਼ ਅਜਿਹੀਆਂ ਸਖ਼ਤ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ। ਇਹ ਕਾਰਵਾਈ ਨਸ਼ਾ ਤਸਕਰਾਂ ਲਈ ਸਪਸ਼ਟ ਚੇਤਾਵਨੀ ਹੈ ਕਿ ਗੈਰਕਾਨੂੰਨੀ ਤਰੀਕੇ ਬਣਾਈ ਸੰਪਤੀ ਤੇ ਇਸੇ ਤਰ੍ਹਾਂ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਵੇਗੀ।

          ਕਪਤਾਨ ਪੁਲਿਸ ਨੇ ਆਮ ਜਨਤਾ ਨੂੰ ਭਰੋਸਾ ਦਵਾਇਆ ਕਿ ਨਸ਼ਾ ਤਸਕਰਾਂ ਖ਼ਿਲਾਫ਼ ਠੋਸ ਅਤੇ ਨਿਰੰਤਰ ਕਾਰਵਾਈ ਕੀਤੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਿਰੁੱਧ ਇਸ ਮੁਹਿੰਮ ਵਿੱਚ ਪੰਜਾਬ ਪੁਲਿਸ ਦਾ ਪੂਰਾ ਸਹਿਯੋਗ ਕਰਨ, ਤਾਂ ਜੋ ਜ਼ਿਲ੍ਹਾ ਮਾਲੇਰਕੋਟਲਾ ਨੂੰ ਨਸ਼ਾ-ਮੁਕਤ ਬਣਾਇਆ ਜਾ ਸਕੇ।