Monday, November 17Malwa News
Shadow

ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਨੇ ਨਵੇਂ ਫਾਇਰ ਸਟੇਸ਼ਨ ਦਾ ਰੱਖਿਆ ਨੀਂਹ ਪੱਥਰ

ਹੁਸ਼ਿਆਰਪੁਰ, 17 ਨਵੰਬਰ :-      ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਦੀ ਮੌਜੂਦਗੀ ਵਿਚ ਭੰਗੀ ਚੋਅ ਕੋਲ ਨਗਰ ਨਿਗਮ ਦੇ ਗਊਸ਼ਾਲਾ ਨੇੜੇ ਬਣਨ ਵਾਲੇ ਨਵੇਂ ਫਾਇਰ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ। ਸਮਾਗਮ ਦੌਰਾਨ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸ਼ਹਿਰੀ ਵਿਕਾਸ ਨੂੰ ਤੇਜ਼ ਗਤੀ ਨਾਲ ਅੱਗੇ ਵਧਾਉਣ ਲਈ ਵਚਨਬੱਧ ਹੈ ਅਤੇ ਇਸੇ ਲੜੀ ਵਿਚ ਕਰੀਬ 2.90 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਫਾਇਰ ਸਟੇਸ਼ਨ ਦਾ ਨਿਰਮਾਣ ਕਰਾਇਆ ਜਾ ਰਿਹਾ ਹੈ।

        ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ 2 ਏਕੜ ਜ਼ਮੀਨ ‘ਤੇ ਬਣਨ ਵਾਲਾ ਇਹ ਨਵਾਂ ਸਟੇਸ਼ਨ ਸ਼ਹਿਰ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਕ ਸਾਲ ਦੇ ਅੰਦਰ ਤਿਆਰ ਹੋ ਜਾਵੇਗਾ। ਇਸ ਦੇ ਮੁਕੰਮਲ ਹੋਣ ਤੋਂ ਬਾਅਦ ਰੇਲਵੇ ਰੋਡ ‘ਤੇ ਸਥਿਤ ਪੁਰਾਣੇ ਫਾਇਰ ਸਟੇਸ਼ਨ ਨੂੰ ਇਥੇ ਸ਼ਿਫਟ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵਾਂ ਸਟੇਸ਼ਨ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਹੋਣ ਨਾਲ ਐਮਰਜੈਂਸੀ ਸਥਿਤੀਆਂ ਵਿਚ ਫਾਇਰ ਬ੍ਰਿਗੇਡ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਅੱਗ ਬੁਝਾਉਣ ਵਾਲੇ ਵਾਹਨ ਸਮੇਂ ਸਿਰ ਮੌਕੇ ‘ਤੇ ਪਹੁੰਚ ਸਕਣਗੇ। ਇਸ ਵੇਲੇ ਪੁਰਾਣੇ ਸਟੇਸ਼ਨ ਤੋਂ ਸ਼ਹਿਰ ਦੇ ਬਾਹਰੀ ਹਿੱਸੇ ਤੱਕ ਪਹੁੰਚਣ ਵਿਚ ਲੱਗਣ ਵਾਲੇ ਲੰਬੇ ਸਮੇਂ ਕਾਰਨ, ਰਾਹਤ ਅਤੇ ਬਚਾਅ ਕਾਰਜਾਂ ਵਿੱਚ ਅਕਸਰ ਦੇਰੀ ਹੋ ਜਾਂਦੀ ਹੈ, ਜਿਸ ਨੂੰ ਇਹ ਨਵਾਂ ਸਟੇਸ਼ਨ ਹੱਲ ਕਰੇਗਾ।

              ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਇਸ ਮੌਕੇ ਕਿਹਾ ਕਿ ਇਹ ਪ੍ਰੋਜੈਕਟ ਹੁਸ਼ਿਆਰਪੁਰ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰ ਦੇ ਵਿਕਾਸ, ਸੁਰੱਖਿਆ ਅਤੇ ਸਹੂਲਤਾਂ ਨਾਲ ਸਬੰਧਤ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ। ਨਵਾਂ ਫਾਇਰ ਸਟੇਸ਼ਨ ਨਾ ਸਿਰਫ਼ ਸ਼ਹਿਰ ਦੀ ਆਫ਼ਤ ਪ੍ਰਬੰਧਨ ਸਮਰੱਥਾ ਨੂੰ ਮਜ਼ਬੂਤ ਕਰੇਗਾ ਬਲਕਿ ਆਲੇ-ਦੁਆਲੇ ਦੇ ਪੇਂਡੂ ਖੇਤਰਾਂ ਨੂੰ ਬਿਹਤਰ ਅਤੇ ਤੇਜ਼ ਅੱਗ ਬੁਝਾਊ ਸੇਵਾਵਾਂ ਵੀ ਪ੍ਰਦਾਨ ਕਰੇਗਾ। ਉਨ੍ਹਾਂ ਸਥਾਨਕ ਸਰਕਾਰਾਂ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਪ੍ਰੋਜੈਕਟ ਜਨਤਾ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰੇਗਾ।

        ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ, ਮਾਰਕੀਟ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਚੇਚੀ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਮਿਊਂਸਪਲ ਕੌਂਸਲਰ ਮੁੱਖੀ ਰਾਮ, ਵਿਜੇ ਕੁਮਾਰ ਅਗਰਵਾਲ, ਬਲਵਿੰਦਰ ਕੁਮਾਰ, ਸੁਲੇਖਾ ਦੇਵੀ, ਕੁਲਵਿੰਦਰ ਸਿੰਘ, ਪਰਦੀਪ ਕੁਮਾਰ, ਮੋਹਿਤ ਸੈਣੀ ਆਦਿ ਮਿਊਂਸਪਲ ਕੌਂਸਲਰ ਹਾਜਰ ਹੋਏ ਅਤੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ਼੍ਰੀ ਸੰਦੀਪ ਤਿਵਾੜੀ, ਸਹਾਇਕ ਕਮਿਸ਼ਨਰ ਸ਼੍ਰੀ ਅਜੇ ਕੁਮਾਰ, ਨਿਗਰਾਨ ਇੰਜੀਨੀਅਰ ਸ਼੍ਰੀ ਸਤੀਸ਼ ਸੈਣੀ, ਨਿਗਮ ਇੰਜੀਨੀਅਰ ਸ਼੍ਰੀ ਕੁਲਦੀਪ ਸਿੰਘ ਅਤੇ ਸ਼੍ਰੀ ਹਰਪ੍ਰੀਤ ਸਿੰਘ, ਸ਼੍ਰੀ ਲਖਬੀਰ ਸਿੰਘ ਮਿਊਂਸਪਲ ਟਾਊਨ ਪਲੈਨਰ, ਸ਼੍ਰੀ ਸ਼ਾਬਾਜ ਸਿੰਘ, ਸਹਾਇਕ ਫਾਇਰ ਮੰਡਲ ਅਫਸਰ ਆਦਿ ਅਧਿਕਾਰੀ ਮੌਜੂਦ ਸਨ।