
ਜਲੰਧਰ, 19 ਜਨਵਰੀ : ਬੀਤੇ ਦਿਨੀਂ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਚੇਅਰਮੈਨ ਅਜੈਬ ਸਿੰਘ ਚੱਠਾ ਦੀ ਅਗਵਾਈ ਵਿੱਚ ਅਧਿਆਪਕ ਸਿਖਲਾਈ ਵਰਕਸ਼ਾਪ ਕੈਂਬਰਿਜ ਇਨੋਵੇਟਿਵ ਸਕੂਲ ਅਰਬਨ ਅਸਟੇਟ ਜਲੰਧਰ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿੱਚ ਸਕੂਲ ਦੇ 60 ਅਧਿਆਪਕਾਂ ਨੇ ਹਿੱਸਾ ਲਿਆ। ਇਸ ਵਰਕਸ਼ਾਪ ਵਿੱਚ ਵਿਸ਼ੇ ਮਾਹਿਰ ਵਜੋਂ ਚੇਅਰਮੈਨ ਅਜੈਬ ਸਿੰਘ ਚੱਠਾ, ਪ੍ਰਿੰ. ਸ਼ਰਨਜੀਤ ਕੌਰ, ਡਾ. ਸਤਿੰਦਰ ਕੌਰ ਕਾਹਲੋਂ , ਪ੍ਰਿੰ. ਹਰਕੀਰਤ ਕੌਰ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਕ੍ਰਮਵਾਰ ਨੈਤਿਕਤਾ, ਭਾਸ਼ਣ ਕਲਾ, ਸਫ਼ਲ ਜ਼ਿੰਦਗੀ ਜਿਉਣ ਦੇ ਹੁਨਰ ਤੇ ਪੰਜਾਬੀ ਭਾਸ਼ਾ ਵਿਸ਼ਿਆਂ ‘ਤੇ ਚਰਚਾ ਕੀਤੀ ਗਈ।
ਇਸ ਸਬੰਧੀ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਭਾਰਤ ਵਿੱਚ ਦਸੰਬਰ 2024 ਤੋਂ ਫ਼ਰਵਰੀ 2025 ਤੱਕ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿੱਚ ਅਧਿਆਪਕ ਸਿਖਲਾਈ ਵਰਕਸ਼ਾਪ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਜਿਸ ਵਿੱਚ ਪੰਜ ਵਿਸ਼ੇ ਭਾਸ਼ਣ ਕਲਾ, ਨੈਤਿਕਤਾ, ਪੜਾਉਣ ਵਾਲਾ ਮਾਹੌਲ ਸਿਰਜਣਾ, ਪੰਜਾਬੀ ਭਾਸ਼ਾ ਤੇ ਕਾਮਯਾਬ ਜ਼ਿੰਦਗੀ ਜਿਉਣ ਦੇ ਹੁਨਰ ਰੱਖੇ ਗਏ ਹਨ। ਜਿਸ ‘ਤੇ ਵਿਸ਼ੇ ਮਾਹਿਰਾਂ ਵੱਲੋਂ ਚਰਚਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੈਂਬਰਿਜ ਇਨੋਵੇਟਿਵ ਸਕੂਲ ਦੇ ਅਧਿਆਪਕ ਸਾਹਿਬਾਨ ਵੱਲੋਂ ਸੰਸਥਾ ਦੁਆਰਾ ਅਧਿਆਪਕ ਸਿਖਲਾਈ ਵਰਕਸ਼ਾਪ ਕਰਵਾਉਣ ਦੇ ਕਾਰਜ ਦੀ ਸ਼ਲਾਘਾ ਕੀਤੀ ਗਈ ਅਤੇ ਕੈਂਬਰਿਜ ਇਨੋਵੇਟਿਵ ਸਕੂਲ ਵਿੱਚ ਵਰਕਸ਼ਾਪ ਆਯੋਜਿਤ ਕਰਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਸਕੂਲ ਪ੍ਰਬੰਧਕਾਂ ਤੇ ਸਮੁੱਚੇ ਸਟਾਫ਼ ਵੱਲੋਂ ਬੜੇ ਚੰਗੇ ਪ੍ਰਬੰਧ ਕੀਤੇ ਗਏ ਸਨ।
ਵਰਕਸ਼ਾਪ ਸੈਸ਼ਨ ਤੋਂ ਬਾਅਦ “ਟੀਚਰ” ਲਘੂ ਫ਼ਿਲਮ ਦਿਖਾਈ ਗਈ। ਜਿਸ ਨੂੰ ਸਮੂਹ ਹਾਜ਼ਰੀਨ ਵੱਲੋਂ ਪਸੰਦ ਕੀਤਾ ਗਿਆ। ਸਮਾਪਤੀ ‘ਤੇ ਜਗਤ ਪੰਜਾਬੀ ਸਭਾ ਦੇ ਸਮੂਹ ਮੈਂਬਰਾਂ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਗਤ ਪੰਜਾਬੀ ਸਭਾ ਕੈਨੇਡਾ ਦੇ ਭਾਰਤੀ ਪ੍ਰਧਾਨ ਕੁਲਵਿੰਦਰ ਸਿੰਘ ਥਿਆੜਾ ਅਤੇ ਗਲੋਬਲ ਮਾਮਲਿਆਂ ਦੇ ਸਲਾਹਕਾਰ ਇੰਦਰਦੀਪ ਸਿੰਘ ਚੀਮਾ ਵੀ ਹਾਜ਼ਰ ਰਹੇ।