Friday, August 7Malwa News
Shadow

ਹਰਿਆਣਾ ਵਿੱਚ ਜਲ ਜੀਵਨ ਮਿਸ਼ਨ 2.0 ਦਾ ਹੋਰ ਵਧੀਆ ਤਰੀਕੇ ਨਾਲ ਹੋਵੇ ਲਾਗੂਕਰਨ: ਕੇਂਦਰੀ ਮੰਤਰੀ ਸੀ.ਆਰ. ਪਾਟਿਲ

ਚੰਡੀਗੜ੍ਹ, 7 ਅਗਸਤ – ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਨੇ ਵੀਰਵਾਰ ਦੇਰ ਸ਼ਾਮ ਨੂੰ ਦਿੱਲੀ ਸਥਿਤ ਹਰਿਆਣਾ ਭਵਨ ਵਿੱਚ ਜਲ ਜੀਵਨ ਮਿਸ਼ਨ 2.0 ਨੂੰ ਲੈ ਕੇ ਮੀਟਿੰਗ ਕੀਤੀ। ਮੀਟਿੰਗ ਵਿੱਚ ਹਰਿਆਣਾ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਦੇ ਸੰਸਦ ਮੈਂਬਰ ਮੌਜੂਦ ਸਨ। ਇਸ ਦੌਰਾਨ ਕੇਂਦਰੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਨੇ ਕਿਹਾ ਕਿ ਹਰਿਆਣਾ ਵਿੱਚ ਜਲ ਜੀਵਨ ਮਿਸ਼ਨ 2.0 ਦਾ ਹੋਰ ਬਿਹਤਰ ਤਰੀਕੇ ਨਾਲ ਲਾਗੂਕਰਨ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਨੂੰ ਸਾਫ਼ ਅਤੇ ਸ਼ੁੱਧ ਪੀਣ ਦਾ ਪਾਣੀ ਮਿਲੇ, ਉਨ੍ਹਾਂ ਦੀ ਇਹ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਜਲ ਜੀਵਨ ਮਿਸ਼ਨ 2.0 ਨਾਲ ਜੁੜੀਆਂ ਹਰਿਆਣਾ ਦੀਆਂ ਜੋ ਵੀ ਯੋਜਨਾਵਾਂ ਉਨ੍ਹਾਂ ਦੇ ਸਾਹਮਣੇ ਆਉਣਗੀਆਂ, ਉਨ੍ਹਾਂ ਉੱਤੇ ਵਿਚਾਰ ਕੀਤਾ ਜਾਵੇਗਾ। ਮੀਟਿੰਗ ਵਿੱਚ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ ਅਤੇ ਕੇਂਦਰੀ ਊਰਜਾ, ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਤੇ ਕਰਨਾਲ ਲੋਕ ਸਭਾ ਦੇ ਸੰਸਦ ਮੈਂਬਰ ਸ਼੍ਰੀ ਮਨੋਹਰ ਲਾਲ, ਹਰਿਆਣਾ ਦੇ ਜਨ ਸਿਹਤ ਅਤੇ ਇੰਜੀਨੀਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਸ਼੍ਰੀ ਰਣਬੀਰ ਗੰਗਵਾ ਵੀ ਮੌਜੂਦ ਸਨ।

ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਉਹ ਸਾਰੇ ਰਾਜਾਂ ਦੇ ਸੰਸਦ ਮੈਂਬਰਾਂ ਨਾਲ ਜਲ ਜੀਵਨ ਮਿਸ਼ਨ ਨੂੰ ਲੈ ਕੇ ਗੱਲਬਾਤ ਸ਼ੁਰੂ ਕਰ ਰਹੇ ਹਨ ਤਾਂ ਜੋ ਇਸ ਨੂੰ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਜ਼ਮੀਨੀ ਪੱਧਰ ਉੱਤੇ ਲਾਗੂ ਕੀਤਾ ਜਾ ਸਕੇ। ਇਸੇ ਲੜੀ ਵਿੱਚ ਹਰਿਆਣਾ ਦੇ ਸੰਸਦ ਮੈਂਬਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਸਾਰੇ ਸੰਸਦ ਮੈਂਬਰਾਂ ਤੋਂ ਇੱਕ-ਇੱਕ ਕਰਕੇ ਉਨ੍ਹਾਂ ਦੇ ਖੇਤਰ ਅਤੇ ਸੂਬੇ ਨਾਲ ਜੁੜੀਆਂ ਸਮੱਸਿਆਵਾਂ ਨੂੰ ਜਾਣਿਆ ਅਤੇ ਭਰੋਸਾ ਦਿੱਤਾ ਕਿ ਇਨ੍ਹਾਂ ਵਿਸ਼ਿਆਂ ਉੱਤੇ ਡੂੰਘਾਈ ਨਾਲ ਨਿਰੀਖਣ ਕਰਨ ਤੋਂ ਬਾਅਦ ਉਨ੍ਹਾਂ ਦਾ ਹੱਲ ਵੀ ਕੀਤਾ ਜਾਵੇਗਾ। ਕੇਂਦਰੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਇੱਕ ਬਹੁਤ ਵੱਡੀ ਯੋਜਨਾ ਹੈ। ਇਸ ਯੋਜਨਾ ਦੇ ਤਹਿਤ 16 ਕਰੋੜ ਘਰਾਂ ਤੱਕ ਪਾਣੀ ਪਹੁੰਚਾਇਆ ਗਿਆ ਹੈ। ਇਸ ਯੋਜਨਾ ਦਾ ਲਾਭ ਆਮ ਲੋਕਾਂ ਤੱਕ ਪਹੁੰਚਿਆ ਹੈ।

ਕੰਮ ਦੀ ਗੁਣਵੱਤਾ ਉੱਤੇ ਬਾਰੀਕੀ ਨਾਲ ਨਜ਼ਰ ਰੱਖਣ ਸੰਸਦ ਮੈਂਬਰ

 ਕੇਂਦਰੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਨੇ ਕਿਹਾ ਕਿ ਸਰਕਾਰ ਨੇ ਵੱਖ-ਵੱਖ ਪ੍ਰੋਜੈਕਟਾਂ ਲਈ ਰਾਜ ਸਰਕਾਰਾਂ ਨੂੰ ਫੰਡ ਜਾਰੀ ਕੀਤੇ ਹਨ। ਅਜਿਹੇ ਵਿੱਚ ਇਨ੍ਹਾਂ ਪ੍ਰੋਜੈਕਟਾਂ ਦਾ ਕੰਮ ਸਹੀ ਤਰ੍ਹਾਂ ਗੁਣਵੱਤਾ ਭਰਪੂਰ ਹੋਣਾ ਚਾਹੀਦਾ ਹੈ। ਸੰਸਦ ਮੈਂਬਰ ਆਪਣੇ ਖੇਤਰ ਵਿੱਚ ਹੋ ਰਹੇ ਕੰਮ ਦੀ ਗੁਣਵੱਤਾ ਉੱਤੇ ਬਾਰੀਕੀ ਨਾਲ ਨਜ਼ਰ ਰੱਖਣ। ਜੇਕਰ ਕਿਤੇ ਗੁਣਵੱਤਾ ਭਰਪੂਰ ਕੰਮ ਨਹੀਂ ਹੋ ਰਿਹਾ ਹੈ ਤਾਂ ਉਹ ਸਿੱਧੀ ਸ਼ਿਕਾਇਤ ਭੇਜ ਸਕਦੇ ਹਨ, ਅਜਿਹੇ ਅਧਿਕਾਰੀਆਂ ਅਤੇ ਠੇਕੇਦਾਰਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਥਾਵਾਂ ਉੱਤੇ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਵੀ ਗਈ ਹੈ।

ਮੀਂਹ ਦੇ ਪਾਣੀ ਦੀ ਸੰਭਾਲ ਕਰੋ

ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਨੇ ਮੀਂਹ ਦੇ ਪਾਣੀ ਦੀ ਸੰਭਾਲ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੀਂਹ ਵਿੱਚ ਬਹੁਤ ਸਾਰਾ ਪਾਣੀ ਇਸੇ ਤਰ੍ਹਾਂ ਹੀ ਵਹਿ ਜਾਂਦਾ ਹੈ, ਸਾਨੂੰ ਵੱਧ ਤੋਂ ਵੱਧ ਮੀਂਹ ਦੇ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਨਾਲ ਪਾਣੀ ਬਰਬਾਦ ਹੋਣ ਤੋਂ ਬਚੇਗਾ ਅਤੇ ਅਸੀਂ ਇਸ ਨੂੰ ਭਵਿੱਖ ਵਿੱਚ ਇਸਤੇਮਾਲ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਬੋਰਵੈੱਲ ਬਣਾ ਕੇ ਮੀਂਹ ਦੇ ਪਾਣੀ ਨਾਲ ਵਾਟਰ ਰੀਚਾਰਜ ਕੀਤਾ ਜਾ ਸਕਦਾ ਹੈ। ਅਜਿਹੇ ਖੇਤਰ ਜਿੱਥੇ ਮੀਂਹ ਦਾ ਪਾਣੀ ਭਰ ਜਾਂਦਾ ਹੈ, ਉੱਥੇ ਵੱਧ ਤੋਂ ਵੱਧ ਬੋਰਵੈੱਲ ਬਣਾਉਣੇ ਚਾਹੀਦੇ ਹਨ। ਇਸ ਨਾਲ ਘੱਟ ਖਰਚੇ ਵਿੱਚ ਵਾਟਰ ਰੀਚਾਰਜਿੰਗ ਕੀਤੀ ਜਾ ਸਕਦੀ ਹੈ।

ਡਾਰਕ ਜੋਨ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਲਈ ਬਣਾਈ ਜਾਵੇ ਝੀਲ : ਕੇਂਦਰੀ ਮੰਤਰੀ ਮਨੋਹਰ ਲਾਲ

ਕੇਂਦਰੀ ਊਰਜਾ, ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਵਿੱਚ ਜਿੱਥੇ-ਜਿੱਥੇ ਡਾਰਕ ਜ਼ੋਨ ਹਨ, ਉੱਥੇ ਮੀਂਹ ਦੇ ਪਾਣੀ ਦੀ ਸੰਭਾਲ ਲਈ 100 ਵੱਡੀਆਂ ਝੀਲਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਇਸ ਨਾਲ ਮੀਂਹ ਦੇ ਪਾਣੀ ਦੀ ਸੰਭਾਲ ਹੋਵੇਗੀ ਅਤੇ ਵਾਟਰ ਰੀਚਾਰਜਿੰਗ ਵੀ ਹੋਵੇਗੀ। ਸੂਬੇ ਵਿੱਚ ਬਹੁਤ ਸਾਰੀਆਂ ਪੰਚਾਇਤਾਂ ਅਜਿਹੀਆਂ ਹਨ, ਜਿੱਥੇ ਪੰਚਾਇਤੀ ਜ਼ਮੀਨ ਹੈ, ਅਜਿਹੇ ਸਥਾਨਾਂ ਉੱਤੇ ਇਹ ਝੀਲ ਬਣਾ ਕੇ ਮੀਂਹ ਦੇ ਪਾਣੀ ਦੀ ਸੰਭਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਸਪਲਾਈ ਇੱਕ ਨਿਰੰਤਰ ਚੱਲਣ ਵਾਲਾ ਪ੍ਰਕਿਰਿਆ ਹੈ। ਅਜਿਹੇ ਵਿੱਚ ਇਸ ਨਾਲ ਜੁੜੇ ਪੁਰਾਣੇ ਬੁਨਿਆਦੀ ਢਾਂਚੇ ਨੂੰ ਵੀ ਨਿਰਧਾਰਤ ਸਮਾਂ ਸੀਮਾ ਤੈਅ ਕਰਕੇ ਰੋਟੇਸ਼ਨ ਦੇ ਹਿਸਾਬ ਨਾਲ ਬਦਲਦੇ ਰਹਿਣਾ ਚਾਹੀਦਾ ਹੈ। ਇਸ ਨਾਲ ਬਿਨਾਂ ਕਿਸੇ ਰੁਕਾਵਟ ਦੇ ਪਾਣੀ ਦੀ ਸਪਲਾਈ ਜਾਰੀ ਰਹੇਗੀ।

ਜਲ ਜੀਵਨ ਮਿਸ਼ਨ ਦਾ ਹਰਿਆਣਾ ਵਿੱਚ ਹੋਇਆ ਪ੍ਰਭਾਵਸ਼ਾਲੀ ਲਾਗੂਕਰਨ : ਮੰਤਰੀ ਰਣਬੀਰ ਗੰਗਵਾ

ਹਰਿਆਣਾ ਦੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ਼੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਹਰਿਆਣਾ ਵਿੱਚ ਜਲ ਜੀਵਨ ਮਿਸ਼ਨ ਦਾ ਪ੍ਰਭਾਵਸ਼ਾਲੀ ਲਾਗੂਕਰਨ ਹੋਇਆ ਹੈ। ਇਸੇ ਦੇ ਚੱਲਦਿਆਂ ਅੱਜ ਹਰ ਘਰ ਵਿੱਚ ਨਲ ਤੋਂ ਜਲ ਪਹੁੰਚ ਰਿਹਾ ਹੈ। ਇਸ ਨਾਲ ਮਾਵਾਂ ਅਤੇ ਭੈਣਾਂ ਨੂੰ ਦੂਰ-ਦੁਰਾਡੇ ਤੋਂ ਪਾਣੀ ਲਿਆਉਣ ਤੋਂ ਛੁਟਕਾਰਾ ਮਿਲਿਆ ਹੈ। ਰਾਜ ਵਿੱਚ ਮਜ਼ਬੂਤ ਪਾਣੀ ਸਪਲਾਈ ਬੁਨਿਆਦੀ ਢਾਂਚਾ ਖੜ੍ਹਾ ਕੀਤਾ ਗਿਆ ਹੈ। ਸਰਕਾਰ ਵਚਨਬੱਧ ਹੈ ਕਿ ਹਰੇਕ ਨਾਗਰਿਕ ਨੂੰ ਸਾਫ਼ ਅਤੇ ਸ਼ੁੱਧ ਪੀਣ ਦਾ ਪਾਣੀ ਮਿਲ ਸਕੇ। ਪਾਣੀ ਦੀ ਸਪਲਾਈ ਨਾਲ ਜੁੜੀਆਂ ਜਨਤਕ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾ ਰਿਹਾ ਹੈ। ਪਾਣੀ ਦੀ ਜਾਂਚ ਲਈ ਲੈਬਾਂ ਸਥਾਪਤ ਕੀਤੀਆਂ ਗਈਆਂ ਹਨ। ਜਲ ਜੀਵਨ ਮਿਸ਼ਨ ਦੇ ਤਹਿਤ 6557 ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਕੁੱਲ ਅਨੁਮਾਨਿਤ ਲਾਗਤ 4786 ਕਰੋੜ ਹੈ। ਇਨ੍ਹਾਂ ਵਿੱਚੋਂ 6186 ਯੋਜਨਾਵਾਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ, ਕੁਝ ਯੋਜਨਾਵਾਂ ਉੱਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ ਪਾਣੀ ਦਾ ਪੱਧਰ ਉੱਪਰ ਆ ਗਿਆ ਹੈ, ਅਜਿਹੇ ਵਿੱਚ ਪੁਰਾਣੇ ਪਾਣੀ ਦੇ ਟੈਂਕ ਟੁੱਟ ਗਏ ਹਨ। ਇਨ੍ਹਾਂ ਨੂੰ ਬਣਾਉਣ ਲਈ ਮਦਦ ਕੀਤੀ ਜਾਵੇ। ਢਾਣੀਆਂ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਹਨ, 10 ਤੋਂ 20 ਪਰਿਵਾਰਾਂ ਦੀਆਂ ਢਾਣੀਆਂ ਵਿੱਚ ਪਾਣੀ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਹਰਿਆਣਾ ਦੀ ਸਥਿਤੀ ਅਨੁਸਾਰ ਗ੍ਰਾਂਟ ਦਿੱਤੇ ਜਾਣ ਦੀ ਵੀ ਮੰਗ ਕੀਤੀ।

ਇਸ ਮੌਕੇ ਕੇਂਦਰੀ ਰਾਜ ਮੰਤਰੀ ਸ਼੍ਰੀ ਕ੍ਰਿਸ਼ਨਪਾਲ ਗੁੱਜਰ, ਸੰਸਦ ਮੈਂਬਰ ਸ਼੍ਰੀ ਧਰਮਬੀਰ ਸਿੰਘ, ਸੰਸਦ ਮੈਂਬਰ ਸ਼੍ਰੀ ਦੀਪੇਂਦਰ ਸਿੰਘ ਹੁੱਡਾ, ਸੰਸਦ ਮੈਂਬਰ ਸ਼੍ਰੀ ਜੈਪ੍ਰਕਾਸ਼, ਸੰਸਦ ਮੈਂਬਰ ਸ਼੍ਰੀ ਨਵੀਨ ਜਿੰਦਲ, ਸੰਸਦ ਮੈਂਬਰ ਸ਼੍ਰੀ ਸਤਿਆਪਾਲ ਬ੍ਰਹਮਚਾਰੀ, ਸੰਸਦ ਮੈਂਬਰ ਸ਼੍ਰੀ ਵਰੁਣ ਚੌਧਰੀ, ਸੰਸਦ ਮੈਂਬਰ ਸ਼੍ਰੀ ਸੰਜੇ ਭਾਟੀਆ, ਸੰਸਦ ਮੈਂਬਰ ਸ਼੍ਰੀ ਸੁਭਾਸ਼ ਬਰਾਲਾ, ਸੰਸਦ ਮੈਂਬਰ ਸ਼੍ਰੀ ਰੇਖਾ ਸ਼ਰਮਾ, ਸੰਸਦ ਮੈਂਬਰ ਸ਼੍ਰੀ ਕਾਰਤਿਕੇਯ ਸ਼ਰਮਾ, ਸੰਸਦ ਮੈਂਬਰ ਸ਼੍ਰੀ ਕਰਮਬੀਰ ਸਿੰਘ ਬੌਧ, ਜਲ ਸ਼ਕਤੀ ਮੰਤਰਾਲੇ ਦੇ ਪੀਣ ਵਾਲੇ ਪਾਣੀ ਅਤੇ ਸਵੱਛਤਾ ਵਿਭਾਗ ਦੇ ਸਕੱਤਰ ਸ਼੍ਰੀ ਅਸ਼ੋਕ ਮੀਣਾ, ਪ੍ਰਿੰਸੀਪਲ ਰੈਜ਼ਿਡੈਂਟ ਕਮਿਸ਼ਨਰ ਸ਼੍ਰੀ ਪੰਕਜ ਯਾਦਵ, ਰੈਜ਼ਿਡੈਂਟ ਕਮਿਸ਼ਨਰ ਮੋਨਾ ਸ਼੍ਰੀ ਨਿਵਾਸ, ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਸ਼੍ਰੀ ਕਮਲ ਕਿਸ਼ੋਰ ਸੋਨ, ਸੰਯੁਕਤ ਸਕੱਤਰ ਡੀ. ਸੇਂਥਿਲ ਪਾਂਡੀਅਨ, ਸੰਯੁਕਤ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਐਸ਼ਵਰਿਆ ਸਿੰਘ, ਹਰਿਆਣਾ ਦੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਪੰਕਜ ਯਾਦਵ ਅਤੇ ਹੋਰ ਅਧਿਕਾਰੀ ਮੌਜੂਦ ਸਨ।