
ਕੋਟਕਪੂਰਾ, 8 ਨਵੰਬਰ ( ) :- ਜੈਕਾਰਾ ਮੂਵਮੈਂਟ ਸ਼ੋਸ਼ਲ ਆਰਗੇਨਾਈਜੇਸ਼ਨ ਵੱਲੋਂ ਸਥਾਨਕ ਗੁਰਦਵਾਰਾ ਗੁਰੂ ਨਾਨਕ ਸਤਿਸੰਗ ਸਭਾ ਵਿਖੇ ਕਰਵਾਏ ਗਏ ਦਾਦੇ ਤੋਂ ਪੋਤੇ ਤੱਕ ਤਿੰਨ ਪੀੜ੍ਹੀਆਂ ਨਸ਼ਾ ਰਹਿਤ ਪਰਿਵਾਰਾਂ ਦੇ ਕੰਚਨ ਕਾਇਆ ਐਵਾਰਡ ਸਨਮਾਨ ਸਮਾਰੋਹ ਦੌਰਾਨ ਸਪੀਕਰ ਪੰਜਾਬ ਵਿਧਾਨ ਸਭਾ ਸ.ਕੁਲਤਾਰ ਸਿੰਘ ਸੰਧਵਾਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।
ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਗਈ ਹੈ, ਉਸਦੇ ਸਾਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ।
ਜਥੇਬੰਦੀ ਦੇ ਸੰਸਥਾਪਕ ਅਮਰਦੀਪ ਸਿੰਘ ਦੀਪਾ ਅਤੇ ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਸਪੀਕਰ ਸੰਧਵਾਂ ਨੇ ਆਖਿਆ ਕਿ ਬੱਚਿਆਂ ਦੇ ਪ੍ਰਵਾਸ ਕਰਨ ਦਾ ਰੁਝਾਨ ਵੀ ਚਿੰਤਾਜਨਕ ਹੈ, ਕਿਉਂਕਿ ਇਸ ਨਾਲ ਪੰਜਾਬੀਆਂ ਦੀ ਪੰਜਾਬ ਵਿਚਲੀ ਜਨ ਸੰਖਿਆ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਅਲਾਮਤਾਂ ਆਉਣ ਵਾਲੇ ਸਮੇਂ ਵਿੱਚ ਗੰਭੀਰ ਸਮੱਸਿਆਵਾਂ ਦਾ ਰੂਪ ਧਾਰਨ ਕਰਨਗੀਆਂ। ਉਹਨਾਂ ਕਿਹਾ ਕਿ ਸਮੇਂ ਦੀ ਲੋੜ ਹੈ ਪੰਜਾਬੀ ਇਕ ਬੱਚੇ ਵਾਲੀ ਸੋਚ ਤਿਆਗਣ, ਨਸਲਾਂ ਬਚਾਉਣ ਲਈ ਇਕ ਜੋੜੇ ਦੇ 2-3 ਜਾਂ ਇਸ ਤੋਂ ਜਿਆਦਾ ਬੱਚੇ ਹੋਣੇ ਜਰੂਰੀ ਹਨ।
ਨਸ਼ਿਆਂ ਦੀ ਕਰੋਪੀ, ਸਮੱਸਿਆ ਦੀ ਅਸਲ ਜੜ੍ਹ, ਸਮੱਸਿਆ ਦੇ ਹੱਲ ਦਰਸਾਉਂਦਾ ਨਟਰਾਜ ਰੰਗ ਮੰਚ ਕੋਟਕਪੂਰਾ ਦਾ ਰੰਗ ਹਰਜਿੰਦਰ ਦੀ ਨਿਰਦੇਸ਼ਨਾ ਵਾਲੇ ‘ਬੰਬੀਹਾ ਬੋਲੇ’ ਨਾਟਕ ਨਾਲ ਲਗਭਗ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ।
ਆਪਣੇ ਸੰਬੋਧਨ ਦੋਰਾਨ ਜਥੇਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ, ਇੰਸ. ਜਗਪਾਲ ਸਿੰਘ ਬਰਾੜ, ਕਰਮਜੀਤ ਸਿੰਘ ਚਾਨਾ, ਅਮਰਦੀਪ ਸਿੰਘ ਦੀਪਾ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਅੱਜ ਨੌਜਵਾਨਾ ਨੂੰ ਨਸ਼ੇ ਵਰਗੀ ਕਰੋਪੀ ਤੋਂ ਬਚਾਉਣ ਲਈ ਸਾਰਿਆਂ ਨੂੰ ਬਰਾਬਰ ਬਣਦਾ ਯੋਗਦਾਨ ਪਾਉਣ ਦੀ ਲੋੜ ਹੈ। ਇਸ ਮੌਕੇ ਕੰਚਨ ਕਾਇਆ ਐਵਾਰਡ ਸਮੇਤ ਸਮਾਜ ਸੇਵਾ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ, ਨੌਜਵਾਨਾ ਅਤੇ ਵੱਡੀ ਉਮਰ ਦੇ ਮਰਦ-ਔਰਤਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਐਡਵੋਕੇਟ ਬੀਰਇੰਦਰ ਸਿੰਘ, ਮੇਹਰ ਸਿੰਘ ਚੰਨੀ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਬੀਬੀ ਗੁਰਮੀਤ ਕੌਰ, ਮਨਜੀਤ ਕੌਰ ਨੰਗਲ, ਪੋ੍ਰ ਪੂਨਮ ਅਰੋੜਾ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਅਮਨਦੀਪ ਸਿੰਘ ਸੰਧੂ, ਡੀਐਸਪੀ ਸੰਜੀਵ ਕੁਮਾਰ ਸਮੇਤ ਅਨੇਕਾਂ ਉੱਘੀਆਂ ਸ਼ਖਸ਼ੀਅਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ।