
ਮਾਲੇਰਕੋਟਲਾ, 16 ਅਕਤੂਬਰ – ਅਵਾਮ ਨੂੰ ਉੱਤਮ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਵਾਅਦੇ ਨੂੰ ਹਕੀਕਤ ਬਣਾਉਂਦਿਆਂ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਦੀਆਂ ਕੋਸ਼ਿਸ਼ਾਂ ਨੂੰ ਬੂਰ ਉਦੋ ਪਿਆ ਜਦੋ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਜ਼ਿਲ੍ਹੇ ਦੇ ਸਿਵਲ ਹਸਪਤਾਲ ਅਤੇ ਸਿਹਤ ਕੇਂਦਰਾਂ ਵਿੱਚ 12 ਮਾਹਿਰ ਡਾਕਟਰਾਂ ਦੀ ਨਵੀਂ ਤਾਇਨਾਤੀ ਕਰਕੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤੀ ਦਿੱਤੀ ਗਈ ਹੈ।
ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਇਹ ਤਾਇਨਾਤੀ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦਾ ਧੰਨਵਾਦ ਕਰਦਿਆਂ ਦੱਸਿਆ ਕਿ 09 ਮੈਡੀਕਲ ਅਫਸਰ ਅਤੇ 03 ਬਾਂਡਿਡ ਮਾਹਿਰ ਡਾਕਟਰਾਂ ਦੀ ਨਿਯੁਕਤੀ ਨਾਲ ਸਿਹਤ ਸਹੂਲਤਾਂ ਵਿੱਚ ਗੁਣਵੱਤਾ ਅਤੇ ਪਹੁੰਚ ਦੋਵੇਂ ਵਧਣਗੀਆਂ।
ਤਾਜ਼ਾ ਤਾਇਨਾਤੀਆਂ ਅਨੁਸਾਰ, ਸਿਵਲ ਹਸਪਤਾਲ ਮਾਲੇਰਕੋਟਲਾ ਵਿੱਚ 04 ਡਾਕਟਰ, ਸੀ.ਐਚ.ਸੀ. ਅਹਿਮਦਗੜ੍ਹ ਵਿੱਚ 03 ਡਾਕਟਰ, ਈ.ਐਸ.ਆਈ ਡਿਸਪੈਂਸਰੀ ਮਾਲੇਰਕੋਟਲਾ ਵਿੱਚ 01 ਅਤੇ ਈ.ਐਸ.ਆਈ ਡਿਸਪੈਂਸਰੀ ਜਿੱਤਵਾਲ ਕਲਾਂ ਵਿੱਚ 01 ਮਾਹਿਰ ਡਾਕਟਰ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸਿਵਲ ਹਸਪਤਾਲ ਮਾਲੇਰਕੋਟਲਾ ਵਿੱਚ ਮੈਡੀਸ਼ਨ, ਗਾਇਨੀਕੋਲੋਜੀ ਅਤੇ ਅੱਖਾਂ ਦੇ ਤਿੰਨ ਬਾਂਡਿਡ ਮਾਹਿਰ ਡਾਕਟਰਾਂ ਦੀ ਤਾਇਨਾਤੀ ਵੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਨਵੇਂ ਡਾਕਟਰਾਂ ਦੀ ਆਮਦ ਨਾਲ ਮਰੀਜ਼ਾਂ ਨੂੰ ਓ.ਪੀ.ਡੀ. ਅਤੇ ਐਮਰਜੰਸੀ ਦੋਵੇਂ ਸੇਵਾਵਾਂ ਵਿੱਚ ਤੁਰੰਤ ਸਹਾਇਤਾ ਮਿਲੇਗੀ। ਇਹ ਕਦਮ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਲੋਕਾਂ ਨੂੰ ਘਰ ਦੇ ਨੇੜੇ ਹੀ ਉੱਚ ਪੱਧਰੀ ਇਲਾਜ ਉਪਲਬਧ ਹੋਵੇਗਾ।
ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੰਤਵ ਹੈ ਕਿ ਹਰ ਵਿਅਕਤੀ ਨੂੰ ਸਿਹਤ ਸੇਵਾਵਾਂ ਆਸਾਨੀ ਨਾਲ ਤੇ ਸਮਾਂ ਰਹਿੰਦੇ ਪ੍ਰਾਪਤ ਹੋਣ। ਇਸ ਲਈ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ, ਤਾਂ ਜੋ ਕਿਸੇ ਵੀ ਨਾਗਰਿਕ ਨੂੰ ਇਲਾਜ ਲਈ ਦਿੱਕਤ ਨਾ ਆਵੇ।