
ਚੰਡੀਗੜ੍ਹ, 10 ਅਪ੍ਰੈਲ – ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਅੱਜ ਭਾਰਤ ਦਾ ਸਟਾਰਟਅੱਪ ਇਕੋਸਿਸਟਮ ਨਵੀਨਤਾ-ਅਧਾਰਿਤ ਵਿਕਾਸ ਦੀ ਸ਼ਕਤੀ ਦਾ ਪ੍ਰਮਾਣ ਹੈ, ਜਿਸ ਵਿੱਚ 1 ਲੱਖ 20 ਹਜ਼ਾਰ ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟਅੱਪਸ ਹਨ, ਜਿਨ੍ਹਾਂ ਰਾਹੀਂ 12 ਲੱਖ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ।
ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਇਹ ਗੱਲ ਅੱਜ ਚੰਡੀਗੜ੍ਹ ਸਥਿਤ ਹਯਾਤ ਰੀਜੈਂਸੀ ਵਿੱਚ ਟਾਈਕਾਨ ਚੰਡੀਗੜ੍ਹ-2026 ਦੀ ਦੋ-ਦਿਨਾਂ ਕਾਨਫ੍ਰੈਂਸ ਦੇ ਉਦਘਾਟਨੀ ਮੌਕੇ ਮੁੱਖ ਮਹਿਮਾਨ ਵਜੋਂ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਹੀ। ਉੱਦਮਤਾ ਨੂੰ ਪ੍ਰੋਤਸਾਹਿਤ ਕਰਨ ਲਈ ਆਯੋਜਿਤ ਇਸ ਕਾਨਫ੍ਰੈਂਸ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਪ੍ਰਬੰਧਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੰਗਣ ਦੀ ਨਹੀਂ ਸਗੋਂ ਰੁਜ਼ਗਾਰ ਦੇਣ ਦੀ ਸੋਚ ਨਾਲ ਇਨੋਵੇਸ਼ਨ ਵੱਲ ਵਧਣਾ ਚਾਹੀਦਾ ਹੈ। ਅਜਿਹਾ ਕਰਕੇ ਅਸੀਂ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੁਪਨਿਆਂ ਅਨੁਸਾਰ ‘ਵਿਕਸਿਤ ਭਾਰਤ’ ਬਣਾਉਣ ਦੇ ਯੱਗ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ।
ਰਾਜਪਾਲ ਪ੍ਰੋ. ਘੋਸ਼ ਨੇ ਕਿਹਾ ਕਿ ਭਾਰਤ ਵਿੱਚ ਇੱਕ ਵਿਸ਼ਾਲ ਮੱਧ ਵਰਗ ਹੈ, ਜਿਨ੍ਹਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਜੇਕਰ ਆਧੁਨਿਕ ਤਕਨਾਲੋਜੀ ਨਾਲ ਨਵੇਂ ਪ੍ਰਯੋਗ ਕੀਤੇ ਜਾਣ ਤਾਂ ਨੌਜਵਾਨ ਵਰਗ ਕੋਲ ਰੁਜ਼ਗਾਰ ਦੀ ਕੋਈ ਕਮੀ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਫੂਡ ਟੈਕਨਾਲੋਜੀ ਵਰਗੇ ਕਈ ਖੇਤਰਾਂ ਵਿੱਚ ਨਵੇਂ ਪ੍ਰਯੋਗ ਕਰਨ ਦੀਆਂ ਅਪਾਰ ਸੰਭਾਵਨਾਵਾਂ ਹਨ, ਕਿਉਂਕਿ ਦੇਸ਼ ਵਿੱਚ ਇਸ ਲਈ ਕੱਚਾ ਮਾਲ ਭਰਪੂਰ ਮਾਤਰਾ ਵਿੱਚ ਉਪਲਬਧ ਹੈ।
ਰਾਜਪਾਲ ਪ੍ਰੋ. ਘੋਸ਼ ਨੇ ਕਿਹਾ ਕਿ ਇਹ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਹਰਿਆਣਾ ਰਾਜ 7000 ਤੋਂ ਵੱਧ ਸਟਾਰਟਅੱਪਸ ਦੇ ਨਾਲ ਇੱਕ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਵਜੋਂ ਉਭਰਿਆ ਹੈ। ਉਨ੍ਹਾਂ ਹਰਿਆਣਾ ਦੀ ਸਟਾਰਟਅੱਪ ਨੀਤੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਉੱਦਮੀਆਂ ਦੇ ਅਨੁਕੂਲ ਦੱਸਿਆ।
ਪ੍ਰੋ. ਘੋਸ਼ ਨੇ ਕਿਹਾ ਕਿ ਹਰਿਆਣਾ ਦੇ ਗੁਰੂਗ੍ਰਾਮ ਨੇ ਆਪਣੇ ਆਪ ਨੂੰ ਇੱਕ ਵਿਸ਼ਵਵਿਆਪੀ ਸਟਾਰਟਅੱਪ ਅਤੇ ਤਕਨਾਲੋਜੀ ਕੇਂਦਰ ਵਜੋਂ ਸਥਾਪਿਤ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਟਾਈਕਾਨ ਚੰਡੀਗੜ੍ਹ ਉੱਤਰੀ ਭਾਰਤ ਦੇ ਇਨੋਵੇਸ਼ਨ ਅਤੇ ਉੱਦਮਤਾ ਇਲਕੋਸਿਸਟਮ ਦਾ ਇੱਕ ਮਹੱਤਵਪੂਰਨ ਥੰਮ੍ਹ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਉਤਸ਼ਾਹਜਨਕ ਹੈ ਕਿ ਪੰਚਕੂਲਾ ਇੱਕ ਉੱਭਰਦੇ ਹੋਏ ਵਿਕਾਸ ਕੇਂਦਰ ਵਜੋਂ ਸਾਹਮਣੇ ਆ ਰਿਹਾ ਹੈ। ਆਪਣੇ ਯੋਜਨਾਬੱਧ ਬੁਨਿਆਦੀ ਢਾਂਚੇ, ਰਣਨੀਤਕ ਕਨੈਕਟੀਵਿਟੀ ਅਤੇ ਚੰਡੀਗੜ੍ਹ ਦੇ ਨੇੜੇ ਹੋਣ ਕਾਰਨ, ਪੰਚਕੂਲਾ ਅਗਲੀ ਪੀੜ੍ਹੀ ਦੇ ਸਟਾਰਟਅੱਪਸ, ਆਈ.ਟੀ. ਕੰਪਨੀਆਂ ਅਤੇ ਨਵੀਨਤਾ-ਅਧਾਰਿਤ ਨਿਵੇਸ਼ ਨੂੰ ਖਿੱਚਣ ਲਈ ਚੰਗੀ ਸਥਿਤੀ ਵਿੱਚ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਟਾਈ ਚੰਡੀਗੜ੍ਹ 23 ਦੇਸ਼ਾਂ ਵਿੱਚ ਫੈਲੇ 67 ਤੋਂ ਵੱਧ ਚੈਪਟਰਾਂ ਵਾਲੇ ਵਿਸ਼ਵ ਟਾਈ ਨੈੱਟਵਰਕ ਦਾ ਹਿੱਸਾ ਹੈ ਅਤੇ ਇਹ ਸਭ ਤੋਂ ਸਰਗਰਮ ਅਤੇ ਪ੍ਰਭਾਵਸ਼ਾਲੀ ਇਕਾਈਆਂ ਵਿੱਚੋਂ ਇੱਕ ਹੈ। 450 ਤੋਂ ਵੱਧ ਚਾਰਟਰ ਮੈਂਬਰਾਂ ਅਤੇ ਉੱਦਮੀਆਂ ਦੇ ਮਜ਼ਬੂਤ ਭਾਈਚਾਰੇ ਨਾਲ, ਇਸ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਹੋਰ ਖੇਤਰਾਂ ਵਿੱਚ ਸੈਂਕੜੇ ਸਟਾਰਟਅੱਪਸ ਨੂੰ ਮਾਰਗਦਰਸ਼ਨ ਅਤੇ ਸਹਿਯੋਗ ਪ੍ਰਦਾਨ ਕੀਤਾ ਹੈ। ਇਸਦੇ ਮੁੱਖ ਪ੍ਰੋਗਰਾਮ-ਟਾਈ ਵੂਮੈਨ, ਟਾਈ ਯੂਨੀਵਰਸਿਟੀ ਅਤੇ ਟਾਈ ਯੰਗ ਐਂਟਰਪ੍ਰੀਨਿਓਰ-ਹਰ ਪੱਧਰ ‘ਤੇ ਪ੍ਰਤਿਭਾ ਨੂੰ ਵਿਕਸਿਤ ਕਰ ਰਹੇ ਹਨ, ਜੋ ਹਰ ਸਾਲ 300 ਤੋਂ ਵੱਧ ਪ੍ਰਤੀਭਾਗੀਆਂ ਨੂੰ ਜੋੜਦੇ ਹੋਏ ਭਵਿੱਖ ਦੇ ਉੱਦਮੀਆਂ ਦੀ ਮਜ਼ਬੂਤ ਬੁਨਿਆਦ ਤਿਆਰ ਕਰ ਰਹੇ ਹਨ।
ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਟਾਈਕਾਨ ਚੰਡੀਗੜ੍ਹ-2026 ਵਿੱਚ 2000 ਤੋਂ ਵੱਧ ਪ੍ਰਤੀਨਿਧੀ, 50 ਤੋਂ ਵੱਧ ਨਿਵੇਸ਼ਕ, 80 ਤੋਂ ਵੱਧ ਬੁਲਾਰੇ ਅਤੇ 50 ਤੋਂ ਵੱਧ ਸਟਾਰਟਅੱਪਸ ਸ਼ਾਮਲ ਹਨ। ਉਨ੍ਹਾਂ ਨੇ ਇਸ ਨੂੰ ਇਕੋਸਿਸਟਮ ਦੇ ਵਿਸਤਾਰ ਅਤੇ ਊਰਜਾ ਦੀ ਸ਼ਾਨਦਾਰ ਉਦਾਹਰਣ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਹਿਯੋਗ, ਨਵੀਨਤਾ ਅਤੇ ਸਮਾਵੇਸ਼ ਰਾਹੀਂ ਇਸ ਇਲਕੋਸਿਸਟਮ ਨੂੰ ਹੋਰ ਮਜ਼ਬੂਤ ਕਰਦੇ ਰਹੀਏ।
ਇਸ ਮੌਕੇ ਲੇਡੀ ਗਵਰਨਰ ਸ਼੍ਰੀਮਤੀ ਮਿੱਤਰਾ ਘੋਸ਼, ਟਾਈ ਚੰਡੀਗੜ੍ਹ ਦੇ ਚੇਅਰਮੈਨ ਪੁਨੀਤ ਵਰਮਾ, ਸਾਬਕਾ ਚੇਅਰਮੈਨ ਮੁਰਲੀ ਬੁੱਕਾਪਟਨਮ, ਬ੍ਰਹਮ ਅਲਰੇਜਾ, ਰਵੀ ਸ਼ਰਮਾ, ਵਿਸ਼ਾਲ ਕੇਡੀਆ, ਸੁਮੇਧ ਸਚਦੇਵਾ, ਆਸ਼ੂ ਸ਼ਰਮਾ, ਰਿਤਿਕਾ ਸਿੰਘ, ਪੂਜਾ ਨਾਇਰ, ਜੇ.ਬੀ. ਸਿੰਘ, ਅਜੇ ਤਿਵਾਰੀ, ਹਿਰਦੇਸ਼ ਮਦਾਨ, ਸਤੀਸ਼ ਕੇ. ਅਰੋੜਾ ਅਤੇ ਹਰਿਤ ਮੋਹਨ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ।