Sunday, November 9Malwa News
Shadow

ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਂਦਾ ਜਾਵੇਗਾ- ਡੀ.ਸੀ

ਫ਼ਰੀਦਕੋਟ 24 ਸਤੰਬਰ- ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਅਤੇ ਇਸਦੇ ਪ੍ਰਬੰਧਨ ਲਈ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਕਲੱਸਟਰ ਅਧਿਕਾਰੀਆਂ, ਨੋਡਲ ਅਫਸਰਾਂ, ਪੰਚਾਇਤਾਂ, ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ।

ਡਿਪਟੀ ਕਮਿਸ਼ਨਰ ਨੇ ਦੱਸਿਆ ਫ਼ਰੀਦਕੋਟ ਜ਼ਿਲ੍ਹੇ ਵਿੱਚ ਝੋਨੇ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਤੇ ਪਰਾਲੀ ਪ੍ਰਬੰਧਨ ਲਈ  ਜਿਲ੍ਹਾ ਫਰੀਦਕੋਟ ਦੇ  22 ਕਲੱਸਟਰਾਂ ਵਿੱਚ ਤੈਨਾਤ ਕੀਤੇ ਗਏ ਅਧਿਕਾਰੀਆਂ/ਕਰਮਚਾਰੀਆਂ, ਪਿੰਡਾਂ ਵਿੱਚ ਬਣਾਈਆਂ ਕਮੇਟੀਆਂ ਜਿਹਨਾਂ ਵਿੱਚ ਕਲੱਸਟਰ ਅਫਸਰ, ਸਹਾਇਕ ਕਲੱਸਟਰ ਅਫਸਰ, ਨੋਡਲ ਅਫਸਰ, ਪਟਵਾਰੀਆਂ ਤੋਂ ਇਲਾਵਾ ਸੁਸਾਇਟੀ ਕਮੇਟੀ ਮੈਂਬਰ, ਮਨਰੇਗਾ ਵਰਕਰ, ਆਂਗਨਵਾੜੀ ਵਰਕਰ, ਆਸ਼ਾ ਵਰਕਰ, ਪਿੰਡ ਦੇ ਸਰਪੰਚ, ਨੰਬਰਦਾਰ ਸ਼ਾਮਿਲ ਹਨ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਮਾਨਯੋਗ ਸੁਪਰੀਮ ਕੋਰਟ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਂਦਾ ਜਾ ਸਕੇ  ਅਤੇ ਵੱਧ ਤੋਂ ਵੱਧ ਲੋਕਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤਾ ਜਾ ਸਕੇ।

          ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਪਰਾਲੀ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਤੇ ਕਿਸਾਨਾਂ ਨੂੰ ਦਿੱਤੀ ਜਾਂਦੀ ਸਹਿਕਾਰੀ ਸਭਾਵਾਂ ਦੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਈ ਜਾਵੇ। ਉਨ੍ਹਾਂ ਵਿਸ਼ੇਸ਼ ਤੌਰ ਤੇ ਨਿਰਦੇਸ਼ ਦਿੱਤੇ ਕਿ ਇਹ ਮਸ਼ੀਨਰੀ ਛੋਟੇ ਅਤੇ ਸੀਮਾਂਤ ਕਿਸਾਨਾਂ ਤੱਕ ਪਹਿਲ ਦੇ ਆਧਾਰ ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਕਲੱਸਟਰ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਬਣਾਈਆਂ ਗਈਆਂ ਕਮੇਟੀਆਂ ਦੀਆਂ ਲਿਸਟਾਂ, ਕੰਬਾਇਨ ਮਾਲਿਕਾਂ ਦੀਆਂ ਲਿਸਟਾਂ, ਮਸ਼ੀਨਰੀ ਵਾਲੇ ਕਿਸਾਨਾਂ ਦੀਆਂ ਲਿਸਟਾਂ, ਬੇਲਰ ਮਾਲਿਕਾਂ ਦੀਆਂ ਲਿਸਟਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਪੱਧਰ ਤੇ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਪਿੰਡ ਦੀ ਸਾਂਝੀ ਥਾਂ, ਪੰਚਾਇਤ ਘਰ, ਕਮਿਊਨਟੀ ਸੈਂਟਰ, ਆਂਗਨਵਾੜੀ ਆਦਿ ਵਿਖੇ ਕੰਟਰੋਲ ਰੂਮ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ ਅਤੇ ‘ਜ਼ੀਰੋ ਬਰਨਿੰਗ’ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਜ਼ਿੰਮੇਵਾਰੀ ਨਿਭਾਉਣ ਅਤੇ ਇਸ ਕੰਮ ਵਿੱਚ ਪੰਚਾਇਤਾਂ, ਨੰਬਰਦਾਰ, ਆਂਗਨਵਾੜੀ ਵਰਕਰਾਂ ਆਦਿ ਅਹਿਮ ਰੋਲ ਅਦਾ ਕਰ ਸਕਦੇ ਹਨ।

ਇਸ ਮੌਕੇ ਐਸ.ਡੀ.ਐਮ ਫ਼ਰੀਦਕੋਟ ਮੇਜਰ ਵਰੁਣ ਕੁਮਾਰ, ਐਸ.ਡੀ.ਐਮ ਕੋਟਕਪੂਰਾ/ਜੈਤੋ ਸ੍ਰੀ ਸੂਰਜ, ਮੁੱਖ ਖੇਤੀਬਾੜੀ ਅਫ਼ਸਰ ਡਾ. ਕੁਲਵੰਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਕੌਰ, ਸ੍ਰੀ ਅਰਸ਼ ਗੋਇਲ ਨਾਇਬ ਤਹਿਸੀਲਦਾਰ ਤੋਂ ਇਲਾਵਾ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।