Friday, November 7Malwa News
Shadow

”ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ” ਮੁਹਿੰਮ ਤਹਿਤ ਸਿਹਤ ਕਰਮੀਆਂ ਵੱਲੋਂ ਗਤੀਵਿਧੀਆਂ ਜਾਰੀ

ਮਾਨਸਾ, 7 ਨਵੰਬਰ:- ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਆਈ. ਏ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਮਾਨਸਾ ਡਾ. ਹਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ‘ਹਰ ਸ਼ੁੱਕਰਵਾਰ-ਡੇਂਗੂ ‘ਤੇ ਵਾਰ’ ਤਹਿਤ ਜ਼ਿਲ੍ਹੇ ਦੇ ਡੇਂਗੂ ਹਾਟ ਸਪਾਟ ਏਰੀਆ ਵਿਖੇ ਫੌਗਿੰਗ, ਬ੍ਰੀਡਿੰਗ ਚੈਕਿੰਗ, ਸਪਰੇਅ ਅਤੇ ਜਾਗਰੂਕਤਾ ਕੈਂਪ ਲਗਾ ਕੇ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਸ਼ਹਿਰੀ ਏਰੀਆ ਮਾਨਸਾ ਦੇ ਭੱਠਾ ਬਸਤੀ ਵਿਖੇ ਹਾਟ ਸਪਾਟ ਏਰੀਆ ਦੀਆਂ ਗਲੀਆਂ ਵਿੱਚ ਫੌਗਿੰਗ ਕਰਵਾਈ ਗਈl ਲਾਰਵਾ ਮਿਲਣ ‘ਤੇ ਲਾਰਵੀਸਾਈਡ ਦਾ ਛਿੜਕਾਅ ਵੀ ਕੀਤਾ ਗਿਆ l
            ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ‘ਚ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਤਰ੍ਹਾਂ ਚੌਕਸ ਅਤੇ ਮੁਸਤੈਦ ਹਨ ਜਦੋਂ ਵੀ ਕੋਈ ਕੇਸ ਰਿਪੋਰਟ ਹੁੰਦਾ ਹੈ ਤਾਂ ਉਸ ਏਰੀਆ ਦੇ 40 ਤੋਂ 50 ਘਰਾਂ ਵਿੱਚ ਇਨਸੈਕਟਸਾਈਡ ਸਪਰੇਅ ਅਤੇ ਗਲੀਆਂ ਵਿੱਚ ਫੌਗਿੰਗ ਕਰਵਾਈ ਜਾਂਦੀ ਹੈ ਤਾਂ ਕਿ ਉਸ ਏਰੀਆ ਵਿੱਚ ਡੇਂਗੂ ਦੇ ਮੱਛਰ ਨੂੰ ਨਸ਼ਟ ਕੀਤਾ ਜਾ ਸਕੇ।
ਉਹਨਾਂ ਦੱਸਿਆ ਕਿ ਜੇਕਰ ਕਿਸੇ ਏਰੀਏ ਵਿੱਚ ਸਾਫ ਪਾਣੀ ਸੱਤ ਦਿਨਾਂ ਤੋਂ ਵੱਧ ਖੜ੍ਹਾ ਰਹੇ ਤਾਂ ਉਸ ਵਿੱਚ ਡੇਂਗੂ ਦਾ ਮੱਛਰ ਪੈਦਾ ਹੋਣ ਦਾ ਖਤਰਾ ਵੱਧ ਜਾਂਦਾ ਹੈ । ਇਸ ਲਈ ਆਪਣੇ ਆਲੇ ਦੁਆਲੇ ਜਾਂ ਘਰਾਂ ਵਿੱਚ ਸਾਫ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ,  ਜਿਸ ਦੇ ਕਾਰਨ ਵੈਕਟਰ ਬੋਰਨ ਬਿਮਾਰੀਆਂ ਜਿਵੇਂ ਕਿ ਡੇਂਗੂ, ਚਿਕਨਗੁਨੀਆ, ਮਲੇਰੀਆ ਆਦਿ ਫੈਲ ਸਕਦੀਆਂ ਹਨ। ਇਸ ਨੂੰ ਰੋਕਣ ਲਈ ਇਮਾਰਤਾਂ ਦੀਆਂ ਛੱਤਾਂ ‘ਤੇ ਪਏ ਟਾਇਰਾਂ, ਟੁੱਟੇ ਭੱਜੇ ਬਰਤਨਾਂ, ਕੂਲਰਾਂ ਦੇ ਪਾਣੀ,ਕਬਾੜ ਦੀਆਂ ਦੁਕਾਨਾਂ ‘ਤੇ ਪਏ ਕਬਾੜ ਆਦਿ ਨੂੰ ਖਾਲੀ ਕਰਕੇ ਸੁਕਾਉਣਾ ਚਾਹੀਦਾ ਹੈ । ਫਰਿੱਜ ਦੀ ਟ੍ਰੇਅ, ਮਨੀ ਪਲਾਂਟ ਵਾਲੀ ਬੋਤਲ ਦੇ ਪਾਣੀ ਨੂੰ ਹਫਤੇ ਇੱਕ ਵਾਰ ਖਾਲੀ ਕਰਕੇ ਸੁਕਾਉਣ ਉਪਰੰਤ ਦੁਬਾਰਾ ਪਾਣੀ ਭਰਨਾ ਚਾਹੀਦਾ ਹੈ । ਜੇਕਰ ਇਹਨਾਂ ਥਾਵਾਂ ਨੂੰ ਸਾਫ ਕਰਕੇ ਸੁਕਾਇਆ ਨਾ ਜਾਵੇ ਤਾਂ ਮੱਛਰ ਪੈਦਾ ਹੁੰਦਾ ਹੈ,ਜੋ ਡੇਂਗੂ ਦੇ ਫੈਲਣ ਦਾ ਕਾਰਨ ਬਣਦਾ ਹੈ। ਮੱਛਰ ਦੇ ਕੱਟਣ ਤੋਂ ਬਚਾਅ ਲਈ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਸੌਣ ਸਮੇਂ ਮੱਛਰ ਭਜਾਉ ਕਰੀਮਾਂ ਅਤੇ ਮੱਛਰਦਾਨੀਆਂ ਦਾ ਪ੍ਰਯੋਗ ਵੀ ਕੀਤਾ ਜਾਣਾ ਚਾਹੀਦਾ ਹੈ। ਡੇਂਗੂ ਦਾ ਬੁਖਾਰ ਏਡੀਜ ਇਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ।
       ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵਿਜੈ ਜੈਨ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ,ਉਲਟੀਆਂ,ਅੱਖਾਂ,ਜੋੜਾਂ ਅਤੇ ਹੱਡੀਆਂ ਵਿੱਚ ਦਰਦ ਆਦਿ ਦੇ ਲੱਛਣ ਹੋਣ ਤਾਂ ਨੇੜੇ ਦੀ ਸਿਹਤ ਸੰਸਥਾ ਵਿੱਚ ਜਾ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਸਿਵਲ ਹਸਪਤਾਲ ਮਾਨਸਾ ਅਤੇ ਐਸ. ਡੀ.ਐਚ.ਬੁਢਲਾਡਾ ਵਿਖੇ ਡੇਂਗੂ ਬੁਖਾਰ ਲਈ ਮੁਫਤ ਖੂਨ ਦੀ ਜਾਂਚ ਕੀਤੀ ਜਾਂਦੀ ਹੈ l ਡੇਂਗੂ ਦੀ ਜਾਂਚ ਸਾਰੇ ਸਰਕਾਰੀ  ਹਸਪਤਾਲਾਂ ਵਿੱਚ ਮੁਫ਼ਤ ਕੀਤੀ ਜਾਂਦੀ ਹੈ।
 ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਸੰਤੋਸ਼ ਭਾਰਤੀ, ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫਸਰ ਦਰਸ਼ਨ ਸਿੰਘ, ਤਿਰਲੋਕ ਸਿੰਘ, ਸਿਹਤ ਸੁਪਰਵਾਈਜ਼ਰ ਸੰਜੀਵ ਕੁਮਾਰ ਸ਼ਰਮਾ, ਇਨਸੈਕਟ  ਕੁਲੈਕਟਰ ਕ੍ਰਿਸ਼ਨ ਕੁਮਾਰ,ਸਿਹਤ ਕਰਮਚਾਰੀ ਯਾਦਵਿੰਦਰ ਸਿੰਘ, ਗੁਰਿੰਦਰਜੀਤ ਸ਼ਰਮਾ, ਗੁਰਪ੍ਰੀਤ ਸਿੰਘ,ਏ.ਐਨ.ਐਮ.,ਆਸ਼ਾ ਵਰਕਰਾਂ ਅਤੇ ਬਰੀਡਿੰਗ ਚੈੱਕਰ ਮੌਜੂਦ ਸਨ।