Friday, October 2Malwa News
Shadow

ਸਿਹਤ ਵਿਭਾਗ ਵੱਲੋਂ ਕੁਸ਼ਟ ਆਸ਼ਰਮ ਬਰਨਾਲਾ ਵਿਖੇ ਦਵਾਈਆਂ, ਰੂੰ ਅਤੇ ਪੱਟੀਆਂ ਦੀ ਵੰਡ

ਬਰਨਾਲਾ, 2 ਅਕਤੂਬਰ- ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਅਤੇ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਦੀ  ਅਗਵਾਈ ਹੇਠ ਸਿਹਤ ਵਿਭਾਗ ਬਰਨਾਲਾ ਵੱਲੋਂ ਮਹਾਤਮਾ ਗਾਂਧੀ ਜਯੰਤੀ ਨੂੰ ਸਮਰਪਿਤ ਸਥਾਨਕ ਕੁਸ਼ਟ ਆਸ਼ਰਮ ਵਿਖੇ ਇੱਕ ਵਿਸ਼ੇਸ਼ ਜਾਗਰੂਕਤਾ ਅਤੇ ਸਹਾਇਤਾ ਪ੍ਰੋਗਰਾਮ ਕਰਵਾਇਆ ਗਿਆ।

ਇਸ ਮੌਕੇ ਜ਼ਿਲ੍ਹਾ ਲੈਪਰੋਸੀ ਅਫ਼ਸਰ ਅਤੇ ਸਿਵਲ ਹਸਪਤਾਲ ਬਰਨਾਲਾ ਦੇ ਚਮੜੀ ਰੋਗਾਂ ਦੇ ਮਾਹਿਰ ਡਾ. (ਮੇਜਰ) ਕਾਕੁਲ ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਸ਼ਟ ਰੋਗ ਪੂਰੀ ਤਰ੍ਹਾਂ ਇਲਾਜ ਯੋਗ ਹੈ। ਉਨ੍ਹਾਂ ਬਿਮਾਰੀ ਦੇ ਲੱਛਣਾਂ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਜੇਕਰ ਚਮੜੀ ‘ਤੇ ਹਲਕੇ ਲਾਲ, ਚਿੱਟੇ ਜਾਂ ਤਾਂਬੇ ਰੰਗ ਦੇ ਦਾਗ ਹੋਣ, ਜਿਨ੍ਹਾਂ ਵਿੱਚ ਸੁੰਨਾਪਣ ਹੋਵੇ ਜਾਂ ਦਾਗ ਵਾਲੀ ਜਗ੍ਹਾ ਤੋਂ ਵਾਲ ਝੜ ਗਏ ਹੋਣ, ਤਾਂ ਮਰੀਜ਼ ਨੂੰ ਬਿਨਾਂ ਕਿਸੇ ਡਰ, ਭਰਮ ਜਾਂ ਭੁਲੇਖੇ ਦੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ਅਤੇ ਆਪਣਾ ਪੂਰਾ ਇਲਾਜ ਕਰਵਾਉਣਾ ਚਾਹੀਦਾ ਹੈ।

ਪ੍ਰੋਗਰਾਮ ਦੌਰਾਨ ਸਿਹਤ ਸੁਪਰਵਾਈਜ਼ਰ ਹਰਮੀਤ ਸਿੰਘ ਅਤੇ ਸਿਹਤ ਕਰਮਚਾਰੀ ਸੁਰਿੰਦਰ ਸਿੰਘ ਵਿਰਕ ਨੇ ਆਪਣੀ ਟੀਮ ਸਮੇਤ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਵੱਲੋਂ ਕੁਸ਼ਟ ਰੋਗੀਆਂ ਦੀ ਸੇਵਾ ਵਿੱਚ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਯਾਦ ਕੀਤਾ। ਇਸ ਉਪਰੰਤ ਸਿਹਤ ਵਿਭਾਗ ਦੀ ਟੀਮ ਵੱਲੋਂ ਕੁਸ਼ਟ ਆਸ਼ਰਮ ਦੇ ਮਰੀਜ਼ਾਂ ਨੂੰ ਦਵਾਈਆਂ, ਰੂੰ ਦੇ ਪੈਕਟ ਅਤੇ ਪੱਟੀਆਂ ਵੰਡੀਆਂ ਗਈਆਂ।

ਅੰਤ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਆਉਣ ‘ਤੇ ਸਿਵਲ ਹਸਪਤਾਲ ਬਰਨਾਲਾ ਵਿਖੇ ਸੰਪਰਕ ਕੀਤਾ ਜਾਵੇ, ਜਿੱਥੇ ਹਰ ਤਰ੍ਹਾਂ ਦੀਆਂ ਮੁਫ਼ਤ ਸਿਹਤ ਸਹੂਲਤਾਂ ਉਪਲਬਧ ਹਨ।