
ਚੰਡੀਗੜ੍ਹ, 3 ਜੂਨ – ਹਰਿਆਣਾ ਦੇ ਊਰਜਾ ਮੰਤਰੀ ਸ੍ਰੀ ਅਨਿਲ ਵਿੱਜ ਦੀ ਅਗਵਾਈ ਵਿੱਚ ਰਾਜ ਦੇ ਬਿਜਲੀ ਨਿਗਮ ਊਰਜਾ ਖੇਤਰ ਵਿੱਚ ਲਗਾਤਾਰ ਨਵੀਆਂ ਪ੍ਰਾਪਤੀਆਂ ਹਾਸਲ ਕਰ ਰਹੇ ਹਨ। ਪ੍ਰਧਾਨ ਮੰਤਰੀ ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ ਦੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਲੈ ਕੇ ਊਰਜਾ ਮੰਤਰੀ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਉਹ ਨਵੀਨ ਅਤੇ ਨਵਿਆਉਣਯੋਗ ਊਰਜਾ ਵਿਭਾਗ ਅਤੇ ਬਿਜਲੀ ਨਿਗਮਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਨਿਯਮਤ ਸਮੀਖਿਆ ਮੀਟਿੰਗਾਂ ਕਰਕੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦੇ ਰਹੇ ਹਨ। ਇਨ੍ਹਾਂ ਨਿਰੰਤਰ ਯਤਨਾਂ ਦਾ ਹੀ ਨਤੀਜਾ ਹੈ ਕਿ ਹਰਿਆਣਾ ਨੇ ਪ੍ਰਧਾਨ ਮੰਤਰੀ ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ ਤਹਿਤ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਪੱਧਰ ‘ਤੇ ਸ਼ਲਾਘਾਯੋਗ ਪ੍ਰਾਪਤੀ ਹਾਸਲ ਕੀਤੀ ਹੈ।
ਭਾਰਤ ਸਰਕਾਰ ਦੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਵੱਲੋਂ 4 ਜੂਨ, 2025 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਰਾਸ਼ਟਰੀ ਪ੍ਰੋਗਰਾਮ “ਪੀਐਮ ਸੂਰਯ ਘਰ ਦੇ ਦੋ ਸਾਲ: ਇੱਕ ਕਰੋੜ ਛੱਤਾਂ ਤੱਕ ਸੌਰ ਊਰਜਾ ਦਾ ਵਿਸਤਾਰ” ਦੌਰਾਨ ਹਰਿਆਣਾ ਨੂੰ ਤਿੰਨ ਵੱਖ-ਵੱਖ ਸ਼੍ਰੇਣੀਆਂ ਵਿੱਚ ਸਨਮਾਨਿਤ ਕੀਤਾ ਜਾਵੇਗਾ। ਮਈ 2026 ਦੌਰਾਨ ਚਲਾਈ ਗਈ “ਮੰਥ ਆਫ਼ ਸੋਲਰ” ਮੁਹਿੰਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਅਧਾਰ ‘ਤੇ ਹਰਿਆਣਾ ਦੀ ਚੋਣ “ਪੀਐਮ ਸੂਰਯ ਘਰ ਐਕਸੀਲੈਂਸ ਅਵਾਰਡ” ਲਈ ਕੀਤੀ ਗਈ ਹੈ।
ਹਰਿਆਣਾ ਨੂੰ ਜਿਨ੍ਹਾਂ ਤਿੰਨ ਸ਼੍ਰੇਣੀਆਂ ਵਿੱਚ ਪੁਰਸਕਾਰ ਮਿਲਣਗੇ, ਉਨ੍ਹਾਂ ਵਿੱਚ ਸ਼ਾਮਲ ਹਨ -“ਮੰਥ ਆਫ਼ ਸੋਲਰ – ਸਭ ਤੋਂ ਵੱਧ ਖਪਤਕਾਰ ਅਰਜ਼ੀਆਂ” ਸ਼੍ਰੇਣੀ ਵਿੱਚ ਤੀਜਾ ਸਥਾਨ (17,142 ਅਰਜ਼ੀਆਂ), “ਮੰਥ ਆਫ਼ ਸੋਲਰ – ਸਭ ਤੋਂ ਵੱਧ ਸੋਲਰ ਇੰਸਟਾਲੇਸ਼ਨ” ਸ਼੍ਰੇਣੀ ਵਿੱਚ ਦੂਜਾ ਸਥਾਨ (11,983 ਸਥਾਪਨਾਵਾਂ), “ਮੰਥ ਆਫ਼ ਸੋਲਰ – ਸਭ ਤੋਂ ਵੱਧ ਡਿਸਕਾਮ ਨਿਰੀਖਣ ” ਸ਼੍ਰੇਣੀ ਵਿੱਚ ਤੀਜਾ ਸਥਾਨ (12,514 ਨਿਰੀਖਣ) ।
ਇਹ ਪ੍ਰਾਪਤੀ ਹਰਿਆਣਾ ਸਰਕਾਰ ਦੀ ਦੂਰਅੰਦੇਸ਼ੀ ਅਗਵਾਈ, ਊਰਜਾ ਵਿਭਾਗ, ਹਰਿਆਣਾ ਅਕਸ਼ੈ ਊਰਜਾ ਵਿਕਾਸ ਏਜੰਸੀ, ਉੱਤਰ ਹਰਿਆਣਾ ਬਿਜਲੀ ਵੰਡ ਨਿਗਮ, ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਅਤੇ ਫੀਲਡ ਪੱਧਰ ‘ਤੇ ਕੰਮ ਕਰ ਰਹੇ ਅਧਿਕਾਰੀਆਂ ਤੇ ਲਾਗੂਕਰਨ ਏਜੰਸੀਆਂ ਦੇ ਸਮਰਪਿਤ ਯਤਨਾਂ ਦਾ ਨਤੀਜਾ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ ਫਰਵਰੀ 2024 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਅਹਿਮ ਯੋਜਨਾ ਦਾ ਉਦੇਸ਼ ਮਾਰਚ 2027 ਤੱਕ ਦੇਸ਼ ਭਰ ਦੇ ਇੱਕ ਕਰੋੜ ਘਰਾਂ ਵਿੱਚ ਰੂਫਟਾਪ ਸੋਲਰ ਸਿਸਟਮ ਸਥਾਪਤ ਕਰਨਾ ਹੈ। ਵਰਤਮਾਨ ਵਿੱਚ ਦੇਸ਼ ਦੇ 40 ਲੱਖ ਤੋਂ ਵੱਧ ਪਰਿਵਾਰ ਇਸ ਯੋਜਨਾ ਦਾ ਲਾਭ ਉਠਾ ਚੁੱਕੇ ਹਨ ਅਤੇ 32 ਲੱਖ ਤੋਂ ਵੱਧ ਰੂਫਟਾਪ ਸੋਲਰ ਪਲਾਂਟ ਸਥਾਪਤ ਕੀਤੇ ਜਾ ਚੁੱਕੇ ਹਨ।
ਹਰਿਆਣਾ ਵਿੱਚ ਹੁਣ ਤੱਕ 86,152 ਰੂਫਟਾਪ ਸੋਲਰ ਸਿਸਟਮ ਸਥਾਪਤ ਕੀਤੇ ਜਾ ਚੁੱਕੇ ਹਨ। ਦੂਜੇ ਪਾਸੇ, ਰਾਜ ਸਰਕਾਰ ਨੇ 31 ਮਾਰਚ, 2027 ਤੱਕ 2 ਲੱਖ 20 ਹਜ਼ਾਰ ਰੂਫਟਾਪ ਸੋਲਰ ਸਿਸਟਮ ਸਥਾਪਤ ਕਰਨ ਦਾ ਟੀਚਾ ਮਿੱਥਿਆ ਹੈ। ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਪਰਿਵਾਰ ਸਾਫ਼-ਸੁਥਰੀ ਊਰਜਾ ਨਾਲ ਜੁੜ ਸਕਣ ਅਤੇ ਬਿਜਲੀ ਦੇ ਬਿੱਲਾਂ ਵਿੱਚ ਬੱਚਤ ਦਾ ਲਾਭ ਲੈ ਸਕਣ।
ਰਾਸ਼ਟਰੀ ਪ੍ਰੋਗਰਾਮ ਵਿੱਚ ਹਰਿਆਣਾ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸੂਰਯ ਘਰ ਯੋਜਨਾ ਨਾਲ ਜੁੜੇ ਅਧਿਕਾਰੀਆਂ ਦਾ ਇੱਕ ਵਫ਼ਦ ਇਹ ਸਨਮਾਨ ਪ੍ਰਾਪਤ ਕਰੇਗਾ। ਇਹ ਪ੍ਰਾਪਤੀ ਸੂਬੇ ਵਿੱਚ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨ, ਊਰਜਾ ਦੇ ਖੇਤਰ ਵਿੱਚ ਆਤਮ-ਨਿਰਭਰਤਾ ਨੂੰ ਮਜ਼ਬੂਤ ਕਰਨ ਅਤੇ ਸਾਫ਼ ਤੇ ਹਰਿਤ ਊਰਜਾ ਦੇ ਪਸਾਰ ਲਈ ਕੀਤੇ ਜਾ ਰਹੇ ਯਤਨਾਂ ਨੂੰ ਰਾਸ਼ਟਰੀ ਪੱਧਰ ‘ਤੇ ਇੱਕ ਵੱਡੀ ਮਾਨਤਾ ਹੈ।