
ਚੰਡੀਗੜ੍ਹ, 1 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ ਆਯੋਜਿਤ ਐਚ.ਟੈਟ ਦੀ ਪ੍ਰੀਖਿਆ ਸੀ.ਈ.ਟੀ. ਦੀ ਤਰਜ਼ ‘ਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਐਚ.ਟੈਟ ਪ੍ਰੀਖਿਆ ਦੀਆਂ ਤਿਆਰੀਆਂ ਨੂੰ ਲੈ ਕੇ ਆਯੋਜਿਤ ਰਾਜ ਪੱਧਰੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਵੀ ਮੌਜੂਦ ਸਨ। ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਪੁਲਿਸ ਸੁਪਰਡੈਂਟ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਨਾਲ ਜੁੜੇ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰੀਖਿਆ ਲਈ ਅਧਿਕਾਰੀ ਕੇਂਦਰਾਂ ‘ਤੇ ਸਾਰੇ ਪ੍ਰਬੰਧ ਪੁਖ਼ਤਾ ਕਰਨ ਤਾਂ ਜੋ ਕਿਸੇ ਵੀ ਪ੍ਰੀਖਿਆਰਥੀ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪ੍ਰੀਖਿਆਰਥੀ ਨੂੰ ਸੈਂਟਰ ਵਿੱਚ ਨਿਰਧਾਰਤ ਸਮੇਂ ‘ਤੇ ਪਹੁੰਚਣ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਡਾਇਲ 112 ‘ਤੇ ਕਾਲ ਕਰਕੇ ਸੂਚਿਤ ਕਰਨ। ਪੁਲਿਸ ਉਨ੍ਹਾਂ ਦੀ ਸਹਾਇਤਾ ਕਰਨ ਲਈ ਤਿਆਰ ਰਹੇਗੀ। ਸੁਚਾਰੂ ਢੰਗ ਨਾਲ ਪ੍ਰੀਖਿਆ ਕਰਵਾਉਣ ਲਈ ਬੋਰਡ ਹੈੱਡਕੁਆਰਟਰ ‘ਤੇ ਕੰਟਰੋਲ ਰੂਮ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਅਤੇ ਹੈੱਡਕੁਆਰਟਰ ਪੱਧਰ ‘ਤੇ ਵੀ ਫਲਾਇੰਗ ਸਕੁਐਡ ਲਗਾਏ ਗਏ ਹਨ।
ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੰਚਕੂਲਾ, ਕਰਨਾਲ ਅਤੇ ਕੁਰੂਕਸ਼ੇਤਰ ਜ਼ਿਲ੍ਹਿਆਂ ਵਿੱਚ ਏ.ਡੀ.ਏ. ਦੀ ਪ੍ਰੀਖਿਆ ਹੋਣ ਕਾਰਨ ਇਨ੍ਹਾਂ ਜ਼ਿਲ੍ਹਿਆਂ ਦੇ ਪ੍ਰੀਖਿਆਰਥੀਆਂ ਦੇ ਦੂਜੇ ਜ਼ਿਲ੍ਹਿਆਂ ਵਿੱਚ ਕੇਂਦਰ ਬਣਾਏ ਗਏ ਹਨ। ਉਨ੍ਹਾਂ ਲਈ ਨਿਰਧਾਰਤ ਰੂਟ ‘ਤੇ ਚੱਲਣ ਵਾਲੀਆਂ ਬੱਸਾਂ ਤੋਂ ਇਲਾਵਾ ਪ੍ਰੀਖਿਆ ਦੇ ਸਮੇਂ ਵਾਧੂ ਬੱਸਾਂ ਦਾ ਪ੍ਰਬੰਧ ਕੀਤਾ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਬੋਰਡ ਵੱਲੋਂ 4 ਅਤੇ 5 ਜੁਲਾਈ ਨੂੰ ਤਿੰਨ ਪੜਾਵਾਂ ਵਿੱਚ ਐਚ.ਟੈਟ ਪ੍ਰੀਖਿਆ ਆਯੋਜਿਤ ਕਰਵਾਈ ਜਾਵੇਗੀ। ਇਸ ਵਿੱਚ 4 ਜੁਲਾਈ ਸ਼ਨੀਵਾਰ ਨੂੰ ਪਹਿਲੇ ਪੜਾਅ ਵਿੱਚ ਲੈਵਲ-3 ਪੀ.ਜੀ.ਟੀ. ਦੀ ਪ੍ਰੀਖਿਆ ਸਿਰਫ਼ ਸ਼ਾਮ 3.00 ਤੋਂ 5.30 ਵਜੇ ਤੱਕ ਆਯੋਜਿਤ ਹੋਵੇਗੀ। ਇਸ ਵਿੱਚ 238 ਪ੍ਰੀਖਿਆ ਕੇਂਦਰਾਂ ‘ਤੇ 73,091 ਉਮੀਦਵਾਰ ਪ੍ਰੀਖਿਆ ਦੇਣਗੇ। ਇਸੇ ਤਰ੍ਹਾਂ 5 ਜੁਲਾਈ ਨੂੰ ਲੈਵਲ-2 ਟੀ.ਜੀ.ਟੀ. ਦੀ ਪ੍ਰੀਖਿਆ ਸਵੇਰ ਦੇ ਸਮੇਂ 10.00 ਤੋਂ 12.30 ਵਜੇ ਤੱਕ ਹੋਵੇਗੀ ਜਿਸ ਵਿੱਚ 383 ਕੇਂਦਰਾਂ ਵਿੱਚ 1,19,141 ਉਮੀਦਵਾਰ ਅਤੇ ਸ਼ਾਮ ਦੇ ਸਮੇਂ 3.00 ਵਜੇ ਤੋਂ ਸ਼ਾਮ 5.30 ਵਜੇ ਤੱਕ ਲੈਵਲ-1 ਪੀ.ਆਰ.ਟੀ. ਦੀ ਪ੍ਰੀਖਿਆ ਹੋਵੇਗੀ ਜਿਸਦੇ 139 ਕੇਂਦਰਾਂ ‘ਤੇ 41,062 ਉਮੀਦਵਾਰ ਪ੍ਰੀਖਿਆ ਦੇਣਗੇ। ਉਨ੍ਹਾਂ ਦੱਸਿਆ ਕਿ ਕੁੱਲ 383 ਕੇਂਦਰਾਂ ‘ਤੇ 2,33,294 ਉਮੀਦਵਾਰ ਪ੍ਰੀਖਿਆ ਦੇਣਗੇ। ਇਨ੍ਹਾਂ ਵਿੱਚ 1,66,137 ਮਹਿਲਾਵਾਂ ਅਤੇ 67,157 ਪੁਰਸ਼ ਸ਼ਾਮਲ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਏ.ਡੀ.ਏ. ਦੀ ਪ੍ਰੀਖਿਆ ਹੈ ਉਨ੍ਹਾਂ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਪ੍ਰੀਖਿਆਰਥੀਆਂ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਿਆਂ ਵਿੱਚ ਹੀ ਜ਼ਿਲ੍ਹਾ ਹੈੱਡਕੁਆਰਟਰ ਪੱਧਰ ‘ਤੇ ਪ੍ਰੀਖਿਆ ਕੇਂਦਰ ਅਲਾਟ ਕੀਤੇ ਗਏ ਹਨ। ਇਸ ਤੋਂ ਇਲਾਵਾ ਬਹਾਦਰਗੜ੍ਹ ਅਤੇ ਮਹਿੰਦਰਗੜ੍ਹ ਵਿੱਚ ਹੀ ਸਬ-ਡਿਵੀਜ਼ਨ ਪੱਧਰ ‘ਤੇ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਸਾਰੇ ਕੇਂਦਰਾਂ ਦੇ ਬਾਹਰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਲਗਾਈ ਜਾਵੇ ਜਿਸ ਵਿੱਚ ਪੁਲਿਸ ਇਹ ਯਕੀਨੀ ਬਣਾਏ ਕਿ ਕਿਸੇ ਵੀ ਬਾਹਰੀ ਵਿਅਕਤੀ ਦਾ ਦਖ਼ਲ ਨਾ ਹੋ ਸਕੇ। ਪ੍ਰੀਖਿਆ ਸ਼ੁਰੂ ਹੋਣ ਤੋਂ ਤਿੰਨ ਘੰਟੇ ਪਹਿਲਾਂ ਆਸ-ਪਾਸ ਦੀਆਂ ਫੋਟੋਸਟੇਟ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰੀਖਿਆ ਕੇਂਦਰ ‘ਤੇ 3 ਜੁਲਾਈ ਤੱਕ ਸੀ.ਸੀ.ਟੀ.ਵੀ. ਕੈਮਰੇ ਸਥਾਪਿਤ ਕਰ ਦਿੱਤੇ ਜਾਣ ਅਤੇ ਜ਼ਿਲ੍ਹਾ ਪੱਧਰ ‘ਤੇ ਅਧਿਕਾਰੀ ਉਨ੍ਹਾਂ ਦੀ ਵਿਜ਼ੀਬਿਲਟੀ ਸਮੇਂ ਸਿਰ ਚੈੱਕ ਕਰ ਲੈਣ। ਇਸ ਤੋਂ ਇਲਾਵਾ ਹਰ ਕੇਂਦਰ ‘ਤੇ ਐਂਬੂਲੈਂਸ ਦੀ ਸਹੂਲਤ ਹੋਵੇਗੀ। ਜੇਕਰ ਕਿਸੇ ਉਮੀਦਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਸਬੰਧੀ ਸਮੱਸਿਆ ਆਉਂਦੀ ਹੈ, ਤਾਂ ਪੁਲਿਸ ਦੀ ਨਿਗਰਾਨੀ ਵਿੱਚ ਉਸਨੂੰ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ।
ਮੁੱਖ ਮੰਤਰੀ ਨੇ ਦੱਸਿਆ ਕਿ ਕੇਂਦਰਾਂ ‘ਤੇ ਉਮੀਦਵਾਰਾਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ 2 ਘੰਟੇ 10 ਮਿੰਟ ਪਹਿਲਾਂ ਪਹੁੰਚਣਾ ਹੋਵੇਗਾ ਤਾਂ ਜੋ ਮੈਟਲ ਡਿਟੈਕਟਰ ਨਾਲ ਤਲਾਸ਼ੀ, ਬਾਇਓਮੈਟ੍ਰਿਕ, ਡਾਟਾ ਕੈਪਚਰਿੰਗ ਅਤੇ ਹੋਰ ਲਾਜ਼ਮੀ ਰਸਮਾਂ ਸਮੇਂ ਸਿਰ ਪੂਰੀਆਂ ਕੀਤੀਆਂ ਜਾ ਸਕਣ। ਪ੍ਰੀਖਿਆ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਪ੍ਰੀਖਿਆ ਕੇਂਦਰਾਂ ਵਿੱਚ ਦਾਖ਼ਲਾ ਬੰਦ ਹੋ ਜਾਵੇਗਾ। ਕਿਸੇ ਵੀ ਉਮੀਦਵਾਰ ਨੂੰ ਕੇਂਦਰ ਵਿੱਚ ਫ਼ੋਨ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ, ਏ.ਸੀ.ਐਸ. ਸੁਧੀਰ ਰਾਜਪਾਲ, ਡਾ. ਰਾਜਸ਼ੇਖਰ ਵੁੰਦਰੂ, ਡੀ.ਜੀ.ਪੀ. ਅਜੇ ਸਿੰਘਲ, ਪ੍ਰਧਾਨ ਸਕੱਤਰ ਵਿਜੇ ਦਹੀਆ, ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ਼ੰਕਰ ਧੁੱਪੜ ਤੋਂ ਇਲਾਵਾ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।