
ਚੰਡੀਗੜ੍ਹ, 10 ਅਪ੍ਰੈਲ – ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੁਰੂਗ੍ਰਾਮ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਬਣਾਏ ਜਾ ਰਹੇ ਗੁਰੂਗ੍ਰਾਮ ਵਾਟਰ ਸਪਲਾਈ ਚੈਨਲ ਦਾ ਕੰਮ ਤੇਜ਼ ਗਤੀ ਨਾਲ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਯਕੀਨੀ ਸਮੇਂ ਵਿੱਚ ਲੋੜੀਂਦੀ ਮਾਤਰਾ ਵਿੱਚ ਪੀਣ ਵਾਲਾ ਪਾਣੀ ਉਪਲਬਧ ਹੋ ਸਕੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ੁੱਕਰਵਾਰ ਨੂੰ ‘ਰੀਮਾਡਲਿੰਗ ਆਫ਼ ਗੁਰੂਗ੍ਰਾਮ ਵਾਟਰ ਸਪਲਾਈ ਚੈਨਲ’ ਦੀ ਸਟੈਂਡਿੰਗ ਫਾਈਨੈਂਸ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਸਿੰਚਾਈ ਮੰਤਰੀ ਸ੍ਰੀਮਤੀ ਸ਼ਰਤੀ ਚੌਧਰੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ, ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਸਮੇਤ ਸਿੰਚਾਈ ਵਿਭਾਗ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਸੋਨੀਪਤ ਦੇ ਕਾਕਰੋਈ ਹੈੱਡ ਤੋਂ ਬਸਈ ਜਲ ਘਰ ਤੱਕ ਬਣਨ ਵਾਲੇ ਇਸ ਚੈਨਲ ਤੋਂ ਗੁਰੂਗ੍ਰਾਮ ਨੂੰ 686 ਕਿਊਸਿਕ ਪਾਣੀ ਮਿਲੇਗਾ, ਜੋ ਆਗਾਮੀ 2050 ਤੱਕ ਦੀ ਆਬਾਦੀ ਲਈ ਲੋੜੀਂਦੀ ਮਾਤਰਾ ਵਿੱਚ ਉਪਲਬਧ ਹੋ ਸਕੇਗਾ। ਲਗਭਗ 70 ਕਿਲੋਮੀਟਰ ਲੰਬਾਈ ਦੇ ਇਸ ਚੈਨਲ ਦੇ ਨਿਰਮਾਣ ‘ਤੇ ਲਗਭਗ 1993 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਇਸ ਕਾਰਜ ਵਿੱਚ ਪੂਰਣ ਰੂਪ ਵਿੱਚ ਅੰਡਰਗਰਾਊਂਡ ਪਾਈਪਲਾਈਨ ਵਿਛਾਈ ਜਾਵੇਗੀ ਤਾਂ ਜੋ ਪਾਣੀ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਸਪਲਾਈ ਚੈਨਲ ਦੀ ਸਮਰੱਥਾ ਵਧਾ ਕੇ ਇੱਕ ਹਜ਼ਾਰ ਕਿਊਸਿਕ ਕੀਤੀ ਜਾਵੇ ਤਾਂ ਜੋ ਇਸ ਦਾ ਲਾਭ ਹੋਰ ਵੱਧ ਆਬਾਦੀ ਨੂੰ ਲੰਬੇ ਸਮੇਂ ਤੱਕ ਮਿਲਦਾ ਰਹੇ। ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਗੁਰੂਗ੍ਰਾਮ ਨੂੰ 500 ਕਿਊਸਿਕ ਪਾਣੀ ਦੀ ਸਪਲਾਈ ਐਨਸੀਆਰ ਕੈਨਾਲ ਤੋਂ ਕੀਤੀ ਜਾਵੇਗੀ। ਇਸ ਤਰ੍ਹਾਂ ਗੁਰੂਗ੍ਰਾਮ ਨੂੰ ਆਉਣ ਵਾਲੇ ਸਾਲਾਂ ਵਿੱਚ 1500 ਕਿਊਸਿਕ ਪਾਣੀ ਦੀ ਸਪਲਾਈ ਹੋਵੇਗੀ। ਇਸ ਤੋਂ ਇਲਾਵਾ ਮੇਵਾਤ ਖੇਤਰ ਲਈ ਵੀ 389 ਕਿਊਸਿਕ ਪੀਣ ਵਾਲੇ ਪਾਣੀ ਦਾ ਵੱਖ ਤੋਂ ਪ੍ਰਾਵਾਧਾਨ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇ ਅਤੇ ਉੱਚ ਗੁਣਵੱਤਾ ਵਾਲਾ ਹੋਣਾ ਚਾਹੀਦਾ ਹੈ।
ਗੁਰੂਗ੍ਰਾਮ ਦੀ ਪੂਰੀ ਆਬਾਦੀ ਨੂੰ ਬਿਨ੍ਹਾਂ ਰੁਕਾਵਟ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ
ਮੁੱਖ ਮੰਤਰੀ ਨੇ ਕਿਹਾ ਕਿ ਇਸ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਪ੍ਰੋਜੈਕਟ ਦਾ ਕੰਮ ਢਾਈ ਸਾਲ ਵਿੱਚ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਦੀ ਲਗਾਤਾਰ ਨਿਗਰਾਨੀ (ਮਾਨੀਟਰਿੰਗ) ਕੀਤੀ ਜਾਵੇ ਅਤੇ ਇਸ ਕਾਰਜ ਨੂੰ ਮਿੱਥੇ ਗਏ ਸਮੇਂ ਤੋਂ ਲਗਭਗ ਤਿੰਨ ਮਹੀਨੇ ਪਹਿਲਾਂ ਪੂਰਾ ਕਰ ਲਿਆ ਜਾਵੇ। ਗੁਰੂਗ੍ਰਾਮ ਦੀ ਆਬਾਦੀ ਲਗਾਤਾਰ ਵਧ ਰਹੀ ਹੈ ਅਤੇ ਹੁਣ ਗੁਰੂਗ੍ਰਾਮ ‘ਮਹਾਂਗ੍ਰਾਮ’ ਬਣ ਗਿਆ ਹੈ। ਇਸ ਦੀ ਪੂਰੀ ਆਬਾਦੀ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਹਰਿਆਣਾ ਸਰਕਾਰ ਦਾ ਫਰਜ਼ ਅਤੇ ਜ਼ਿੰਮੇਵਾਰੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅੰਡਰਗਰਾਊਂਡ ਵਿਛਾਈ ਜਾਣ ਵਾਲੀ ਇਸ ਪੀਣ ਵਾਲੇ ਪਾਣੀ ਦੀ ਪਾਈਪਲਾਈਨ ‘ਤੇ ਸੋਲਰ ਪੈਨਲ ਲਗਾਉਣ ਦਾ ਵੀ ਪ੍ਰਾਵਧਾਨ ਕੀਤਾ ਜਾਵੇ ਤਾਂ ਜੋ ਸੌਰ ਊਰਜਾ ਰਾਹੀਂ ਬਿਜਲੀ ਉਪਲਬਧ ਹੋ ਸਕੇ। ਇਸ ਤੋਂ ਇਲਾਵਾ ਗੁਰੂਗ੍ਰਾਮ ਵਾਟਰ ਸਪਲਾਈ ਚੈਨਲ ਤੋਂ ਮਿਲਣ ਵਾਲੇ ਪਾਣੀ ਦੀ ਸਹੀ ਵੰਡ (ਡਿਸਟ੍ਰੀਬਿਊਸ਼ਨ) ਯਕੀਨੀ ਬਣਾਉਣ ਲਈ ਵਾਟਰ ਟ੍ਰੀਟਮੈਂਟ ਪਲਾਂਟ ਬਣਾਉਣ ਲਈ ਵੀ ਜਗ੍ਹਾ ਦੀ ਚੋਣ ਕਰ ਲਈ ਜਾਵੇ ਤਾਂ ਜੋ ਉਨ੍ਹਾਂ ‘ਤੇ ਜਲਦੀ ਕੰਮ ਸ਼ੁਰੂ ਕਰਵਾਇਆ ਜਾ ਸਕੇ।