
ਬਰੈਂਪਟਨ, 25 ਦਸੰਬਰ : ਜਗਤ ਪੰਜਾਬੀ ਸਭਾ, ਪੱਬਪਾ ਅਤੇ ਓਂਟਾਰੀਓ ਫਰੈਂਡ ਕਲੱਬ ਕੈਨੇਡਾ ਵੱਲੋਂ 27, 28 ਅਤੇ 29 ਜੂਨ 2025 ਨੂੰ ਬਰੈਪਟਨ ਕੈਨੇਡਾ ਵਿਖੇ ਕਰਵਾਈ ਗਈ 11ਵੀਂ ਵਰਲਡ ਪੰਜਾਬੀ ਕਾਨਫ਼ਰੰਸ ਦੌਰਾਨ ਸਰਬ ਸਾਂਝੀ ਰਾਏ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ “ਪੰਜਾਬ ਸਰਕਾਰ ਵੱਲੋਂ ਪਹਿਲੀ ਜਮਾਤ ਤੋਂ ਲੈ ਕੇ ਉੱਚ ਵਿੱਦਿਆ ਤੱਕ ਇਮਤਿਹਾਨਾਂ ਵਿੱਚ ਗੁਰਮੁਖੀ ਦੇ 35 ਅੱਖਰਾਂ ਨਾਲ ਲਗਾ ਮਾਤਰਾਵਾਂ ਨੂੰ ਪ੍ਰਸ਼ਨ ਦੇ ਤੌਰ ‘ਤੇ ਪੁੱਛਿਆ ਜਾਵੇ ਅਤੇ ਪੰਜ ਇਸ ਪ੍ਰਸ਼ਨ ਦੇ ਅੰਕ ਦਿੱਤੇ ਜਾਣ ਅਤੇ ਇਸ ਸੰਬੰਧੀ ਢੁੱਕਵੇਂ ਕਦਮ ਚੁੱਕੇ ਜਾਣ।”
ਗੌਰਤਲਬ ਹੈ ਕਿ ਇਸ ਮਤੇ ਨੂੰ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸ. ਅਜੈਬ ਸਿੰਘ ਚੱਠਾ ਵੱਲੋਂ ਪੇਸ਼ ਅਤੇ ਡਾ. ਮਨਪ੍ਰੀਤ ਕੌਰ ਸਹਾਇਕ ਪ੍ਰੋਫ਼ੈਸਰ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਤਾਈਦ ਕੀਤਾ ਗਿਆ ਸੀ। ਕਾਨਫ਼ਰੰਸ ‘ਚ ਮਤਾ ਪਾਸ ਹੋਣ ਉਪਰੰਤ ਇਸ ਮਤੇ ਦੀ ਕਾਪੀ ਸਿੱਖਿਆ ਦੇ ਉੱਚ ਵਿਭਾਗਾਂ ਦੇ ਚੇਅਰਮੈਨਾਂ ਨੂੰ ਭੇਜੀ ਗਈ ਸੀ ਤਾਂ ਜੋ ਕਿ ਇਸ ਮਤੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ।
ਅੱਜ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਾਡੀ ਬੇਨਤੀ ਨੂੰ ਧਿਆਨ ‘ਚ ਰੱਖਦਿਆਂ ਆਪਣੀ ਇੱਕ ਨਿਵੇਕਲੀ ਕਿਸਮ ਦੀ ਪਹਿਲ ਕਦਮੀ ਕਰਦਿਆਂ ਵਿਦਿਆਰਥੀਆਂ ਦੇ ਗੁਰਮੁਖੀ ਲਿਪੀ ਨੂੰ ਪੜ੍ਹਨ ਦੇ ਹੁਨਰ ਨੂੰ ਨਿਖਾਰਨ ਤਹਿਤ ਪਹਿਲੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਪੜ੍ਹਦੇ ਵਿਦਿਆਰਥੀਆਂ ਦੀਆਂ ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਦੀਆਂ ਸਾਰੀਆਂ ਭਾਸ਼ਾਵਾਂ ਦੀਆਂ ਕਿਤਾਬਾਂ ‘ਚ ਗੁਰਮੁਖੀ ਦੇ ਪੈਂਤੀ ਅੱਖਰੀਂ ਇੱਕ ਪੰਨਾ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਜਿਸ ਨਾਲ ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੀਆਂ ਪਾਠ ਪੁਸਤਕਾਂ ਛਾਪੀਆਂ ਜਾਣਗੀਆਂ, ਜਿਹਨਾਂ ਵਿੱਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਸਾਰੀਆਂ ਭਾਸ਼ਾਈ ਪਾਠ ਪੁਸਤਕਾਂ ਵਿੱਚ ਗੁਰਮੁਖੀ ਦੀ ਵਰਣਮਾਲਾ ਦਾ ਇੱਕ ਪੰਨਾ ਸ਼ਾਮਿਲ ਕੀਤਾ ਜਾਵੇਗਾ। ਜਿਸ ਦਾ ਮੰਤਵ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਈਵੇਟ ਅਤੇ ਹੋਰ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਪੜ੍ਹਦੇ ਵਿਦਿਆਰਥੀਆਂ ਨੂੰ ਗੁਰਮੁਖੀ ਲਿਪੀ ਪੜ੍ਹਨ ਦੀ ਸਮਰੱਥਾ ਵਿੱਚ ਸੁਧਾਰ ਕਰਨਾ ਹੈ।
ਇਸ ਸ਼ਲਾਘਾਯੋਗ ਕਦਮ ਲਈ ਸ.ਅਜੈਬ ਸਿੰਘ ਚੱਠਾ ਚੇਅਰਮੈਨ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਉਹਨਾਂ ਦਾ ਅਜਿਹੇ ਠੋਸ ਕਦਮ ਚੁੱਕਣ ਤੇ ਧੰਨਵਾਦ ਕੀਤਾ।
ਇਸ ਤੋਂ ਇਲਾਵਾ ਚੇਅਰਮੈਨ ਸ. ਚੱਠਾ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿਹਾ ਪੰਜਾਬ ਦੇ ਉੱਚ ਸਿੱਖਿਆ ਪੱਧਰ ਦੇ ਕੋਰਸਾਂ ‘ਚ ਵੀ ਗੁਰਮੁਖੀ ਦੇ ਪੈਂਤੀ ਅੱਖਰਾਂ ਤੇ ਲਗਾਂ ਮਾਤਰਾਵਾਂ ਨੂੰ ਹਰੇਕ ਭਸ਼ਾਵਾਂ ਦੀਆਂ ਕਿਤਾਬਾਂ ‘ਚ ਸ਼ਾਮਿਲ ਕਰਨਾ ਚਾਹੀਦਾ ਹੈ ਤਾਂ ਜੋ ਹਰ ਪੰਜਾਬੀ ਗੁਰਮੁਖੀ ਦੇ ਪੈਂਤੀ ਅੱਖਰੀ ਵਰਣਮਾਲਾ ਤੇ ਲਗਾਂ ਮਾਤਰਾਵਾਂ ਤੋਂ ਜਾਣੂ ਹੋ ਸਕਣ।