
ਚੰਡੀਗੜ੍ਹ, 22 ਮਾਰਚ – ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ਼੍ਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਅੱਜ ਨਰਵਾਣਾ ਸਥਿਤ ਆਪਣੀ ਰਿਹਾਇਸ਼ ‘ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਹੱਲ ਲਈ ਨਿਰਦੇਸ਼ ਦਿੱਤੇ। ਇਸ ਦੌਰਾਨ ਇਲਾਕੇ ਦੇ ਕਈ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਮੰਤਰੀ ਨੂੰ ਮਿਲਣ ਪਹੁੰਚੇ। ਮੰਤਰੀ ਨੇ ਕਿਹਾ ਕਿ ਜਨਸੇਵਾ ਹੀ ਸੱਚੀ ਸੇਵਾ ਹੈ ਅਤੇ ਜਨਤਾ ਦੀਆਂ ਸਮੱਸਿਆਵਾਂ ਦਾ ਉਚਿਤ ਹੱਲ ਕਰਨਾ ਸਰਕਾਰ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜਨਤਾ ਨੂੰ ਸੁਸ਼ਾਸਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਵੀ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨਾ ਆਪਣਾ ਫਰਜ਼ ਸਮਝਣ ਅਤੇ ਇਸ ਨੂੰ ਗੰਭੀਰਤਾ ਨਾਲ ਨਿਭਾਉਣ। ਇਸ ਵਿੱਚ ਲਾਪਰਵਾਹੀ ਜਾਂ ਟਾਲ-ਮਟੋਲ ਵਾਲਾ ਰਵੱਈਆ ਨਾ ਅਪਣਾਉਣ।
ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਸਮਾਜ ਦੇ ਹਰ ਵਰਗ ਦੇ ਉਥਾਨ ਲਈ ਵਚਨਬੱਧ ਹੈ। ਖਾਸ ਕਰਕੇ ਕਮਜ਼ੋਰ, ਵਾਂਝੇ ਅਤੇ ਪਛੜੇ ਵਰਗਾਂ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਅੰਤਿਮ ਵਿਅਕਤੀ ਤੱਕ ਪਹੁੰਚੇ, ਇਹ ਯਕੀਨੀ ਬਣਾਉਣਾ ਸਰਕਾਰ ਦੀ ਤਰਜੀਹ ਹੈ ਅਤੇ ਸਰਕਾਰ ਵੱਲੋਂ ਇਸ ਨੂੰ ਬਾਖੂਬੀ ਨਿਭਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਪੱਧਰ ‘ਤੇ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਰੱਖਣ ਅਤੇ ਉਨ੍ਹਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਤੋਂ ਬਾਅਦ ਕੈਬਨਿਟ ਮੰਤਰੀ ਸ਼੍ਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਸਥਾਨਕ ਪੈਲੇਸ ਵਿੱਚ ਲਗਾਏ ਗਏ ਖੂਨਦਾਨ ਕੈਂਪ ਦਾ ਵੀ ਉਦਘਾਟਨ ਕੀਤਾ ਅਤੇ ਖੂਨਦਾਨੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਹੋਰ ਦਾਨ ਨਹੀਂ ਹੈ। ਖੂਨਦਾਨੀ ਵੱਲੋਂ ਦਿੱਤੀਆਂ ਗਈਆਂ ਕੀਮਤੀ ਖੂਨ ਦੀਆਂ ਬੂੰਦਾਂ ਕਿਸੇ ਵੀ ਹਾਦਸੇ ਦਾ ਸ਼ਿਕਾਰ ਵਿਅਕਤੀ ਦੀ ਜ਼ਿੰਦਗੀ ਲਈ ਸੰਜੀਵਨੀ ਬਣਦੀਆਂ ਹਨ। ਇਸ ਲਈ ਹਰ ਨੌਜਵਾਨ ਨੂੰ ਆਪਣੇ ਜੀਵਨ ਵਿੱਚ ਖੂਨਦਾਨ ਵਰਗਾ ਨੇਕ ਕਾਰਜ ਕਰਨਾ ਚਾਹੀਦਾ ਹੈ।