Thursday, January 15Malwa News
Shadow

ਵਿਦਿਅਕ ਖੇਤਰ ਵਿੱਚ ਉਪਲਬਧੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਸਰਕਾਰ ਦੀ ਪਹਿਲ – ਸਪੀਕਰ ਸੰਧਵਾਂ

ਫ਼ਰੀਦਕੋਟ, 14 ਜਨਵਰੀ 2026:-ਵਿਦਿਅਕ ਖੇਤਰ ਵਿੱਚ ਹੋਣਹਾਰ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਮਾਣ ਦੇਣ ਅਤੇ ਉਨ੍ਹਾਂ ਦਾ ਮਨੋਬਲ ਵਧਾਉਣ ਦੇ ਉਦੇਸ਼ ਨਾਲ, ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਵਾੜਾ ਦਰਾਕਾ ਦੇ 12ਵੀਂ ਜਮਾਤ ਦੇ ਵਿਦਿਆਰਥੀ ਸੁਖਪਿੰਦਰ ਸਿੰਘ ਦੀ ਰਾਸ਼ਟਰੀ ਯੁਵਾ ਸੰਵਾਦ’ ਲਈ ਰਾਸ਼ਟਰੀ ਮੰਚ ’ਤੇ ਜ਼ਿਲ੍ਹਾ ਫ਼ਰੀਦਕੋਟ ਤੋਂ ਇਕਲੌਤੇ ਵਿਦਿਆਰਥੀ ਵਜੋਂ ਚੋਣ ਹੋਣ ਤੇ ਉਸ ਦੀ ਵਿਸ਼ੇਸ਼ ਉਪਲਬਧੀ ਲਈ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਵਿਦਿਆਰਥੀ ਸੁਖਪਿੰਦਰ ਸਿੰਘ ਦੀ ‘ਰਾਸ਼ਟਰੀ ਯੁਵਾ ਸੰਵਾਦ’ ਲਈ ਰਾਸ਼ਟਰੀ ਮੰਚ ’ਤੇ ਜ਼ਿਲ੍ਹਾ ਫ਼ਰੀਦਕੋਟ ਤੋਂ ਇਕਲੌਤੇ ਵਿਦਿਆਰਥੀ ਵਜੋਂ ਚੋਣ ਹੋਣਾ ਪੂਰੇ ਇਲਾਕੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਵਿਦਿਆਰਥੀ ਸੁਖਪਿੰਦਰ ਸਿੰਘ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ।

ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਵਿਦਿਅਕ ਖੇਤਰ ਵਿੱਚ ਬੁਲੰਦੀਆਂ ਛੂਹ ਰਹੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਨਾ ਉਨ੍ਹਾਂ ਦੀ ਸੋਚ ਅਤੇ ਸੰਕਲਪ ਦਾ ਅਟੂਟ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਚਾਹੇ ਗੱਲ ਸਰਕਾਰੀ ਸਕੂਲਾਂ ਲਈ ਲੋੜੀਂਦੇ ਫੰਡ ਉਪਲਬਧ ਕਰਵਾਉਣ ਦੀ ਹੋਵੇ ਜਾਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਅਖਤਿਆਰੀ ਕੋਟੇ ਵਿੱਚੋਂ 31,000 ਰੁਪਏ ਦੀ ਗ੍ਰਾਂਟ ਦੇਣ ਦੀ, ਹਰ ਪੱਧਰ ’ਤੇ ਵਿਦਿਆਰਥੀਆਂ ਦਾ ਮਨੋਬਲ ਵਧਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਸਦਾ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਵੀ ਹੋਣਹਾਰ ਵਿਦਿਆਰਥੀ ਦੀ ਪ੍ਰਤਿਭਾ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਅਤੇ ਹਰ ਯੋਗ ਬੱਚੇ ਨੂੰ ਅੱਗੇ ਵਧਣ ਲਈ ਸਮਾਨ ਅਤੇ ਪੂਰੇ ਮੌਕੇ ਪ੍ਰਦਾਨ ਕੀਤੇ ਜਾਣ। ਸਪੀਕਰ ਸ. ਸੰਧਵਾਂ ਨੇ ਦੱਸਿਆ ਕਿ ਵਿਦਿਆਰਥੀ ਸੁਖਪਿੰਦਰ ਸਿੰਘ ਦੀ ‘ਰਾਸ਼ਟਰੀ ਯੁਵਾ ਸੰਵਾਦ’ ਲਈ ਚੋਣ ਹੋਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਜੇ ਪਿੰਡਾਂ ਦੇ ਬੱਚਿਆਂ ਨੂੰ ਯੋਗ ਮੌਕੇ ਅਤੇ ਸਹੀ ਦਿਸ਼ਾ ਮਿਲੇ ਤਾਂ ਉਹ ਰਾਸ਼ਟਰੀ ਪੱਧਰ ’ਤੇ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਹਿਤ ਦੇਸ਼ ਦੀਆਂ ਅਹਿਮ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਇਸ ਸੰਵਾਦ ਵਿੱਚ ਭਾਗ ਲੈਣਾ ਬੱਚੇ, ਉਸਦੇ ਮਾਪਿਆਂ ਅਤੇ ਪੂਰੇ ਪਿੰਡ ਲਈ ਗੌਰਵ ਦੀ ਉਪਲਬਧੀ ਹੈ।

ਇਸ ਮੌਕੇ ਮੇਜਰ ਅਜਾਇਬ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਮੈਂਬਰ, ਪਿੰਡ ਦੀ ਪੰਚਾਇਤ, ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਸਰਪੰਚ ਅੰਗਰੇਜ਼ ਸਿੰਘ, ਮਨਪ੍ਰੀਤ ਸਿੰਘ ਨੰਬਰਦਾਰ, ਡਾ. ਸੁਖਪਾਲ ਸਿੰਘ, ਵਿੱਕੀ ਬਰਾੜ, ਵਿੱਕੀ ਸਹੋਤਾ, ਗੁਰਤੇਜ ਸਿੰਘ ਬਰਾੜ, ਗੁਰਦਿਆਲ ਸਿੰਘ, ਗੁਰਸੇਵਕ ਸਿੰਘ, ਵਕੀਲ ਸਿੰਘ, ਬਲਤੇਜ ਸਿੰਘ, ਰਾਮ ਸਿੰਘ, ਹਰਮਨ ਸਿੰਘ, ਬਲਜੀਤ ਸਿੰਘ ਮੈਂਬਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।