Sunday, March 22Malwa News
Shadow

ਅੱਤਵਾਦ ਅਤੇ ਨਕਸਲਵਾਦ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਰਕਾਰ ਵਚਨਬੱਧ – ਮੁੱਖ ਮੰਤਰੀ

ਚੰਡੀਗੜ੍ਹ, 22 ਮਾਰਚ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਦੇਸ਼ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਅੱਤਵਾਦ ਅਤੇ ਨਕਸਲਵਾਦ ਨੂੰ ਜੜ੍ਹੋਂ ਖ਼ਤਮ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਅੱਗੇ ਵਧ ਰਹੀ ਹੈ। ਦੰਤੇਵਾੜਾ ਵਰਗੀਆਂ ਘਟਨਾਵਾਂ ਸਾਨੂੰ ਇਹ ਯਾਦ ਦਿਵਾਉਂਦੀਆਂ ਹਨ ਕਿ ਇਹ ਲੜਾਈ ਅਜੇ ਜਾਰੀ ਹੈ, ਪਰ ਸਾਡੇ ਬਹਾਦਰ ਜਵਾਨ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਹਨ। ਹਰਿਆਣਾ ਵੀਰਾਂ ਦੀ ਧਰਤੀ ਹੈ, ਇੱਥੋਂ ਦੇ ਨੌਜਵਾਨਾਂ ਵਿੱਚ ਦੇਸ਼ ਸੇਵਾ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ।

ਮੁੱਖ ਮੰਤਰੀ ਐਤਵਾਰ ਨੂੰ ਗੁਰੂਗ੍ਰਾਮ ਵਿੱਚ ਹੋਮ ਡਿਵੈਲਪਰਜ਼ ਐਸੋਸੀਏਸ਼ਨ ਵੱਲੋਂ ਛੱਤੀਸਗੜ੍ਹ ਦੇ ਦੰਤੇਵਾੜਾ ਵਿੱਚ ਸੀਆਰਪੀਐਫ (CRPF) ਦੇ ਸ਼ਹੀਦ ਜਵਾਨਾਂ ਦੇ ਸਨਮਾਨ ਵਿੱਚ ਆਯੋਜਿਤ ਸ਼ਹੀਦੀ ਦਿਵਸ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਲੇਜ਼ਰਵੈਲੀ ਪਾਰਕ ਵਿੱਚ ਸ਼ਹੀਦ ਭਗਤ ਸਿੰਘ ਦਾ ਬੁੱਤ ਲਗਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਤਸਵੀਰਾਂ ‘ਤੇ ਫੁੱਲ ਮਾਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ।

ਇਸ ਮੌਕੇ ਹਰਿਆਣਾ ਦੇ ਸੈਨਿਕ ਅਤੇ ਅਰਧ ਸੈਨਿਕ ਭਲਾਈ, ਉਦਯੋਗ, ਜੰਗਲਾਤ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ, ਗੁਰੂਗ੍ਰਾਮ ਦੇ ਵਿਧਾਇਕ ਮੁਕੇਸ਼ ਸ਼ਰਮਾ, ਸੋਹਨਾ ਦੇ ਵਿਧਾਇਕ ਤੇਜਪਾਲ ਤੰਵਰ, ਮੇਅਰ ਰਾਜਰਾਣੀ ਮਲਹੋਤਰਾ ਵੀ ਹਾਜ਼ਰ ਸਨ।

ਮੁੱਖ ਮੰਤਰੀ ਨੇ ਸੀਆਰਪੀਐਫ ਜਵਾਨਾਂ ਦੀ ਭਲਾਈ ਲਈ ਸੀਆਰਪੀਐਫ ਦੇ ਡੀਆਈਜੀ ਸ੍ਰੀ ਪਰਮ ਸ਼ਿਵਮ ਨੂੰ 38.25 ਲੱਖ ਰੁਪਏ ਦੀ ਰਕਮ ਦਾ ਚੈੱਕ ਪ੍ਰਦਾਨ ਕੀਤਾ। ਗੁਰੂਗ੍ਰਾਮ ਹੋਮ ਡਿਵੈਲਪਰਜ਼ ਵੱਲੋਂ ਇਕੱਠੀ ਕੀਤੀ ਗਈ ਇਹ ਰਾਸ਼ੀ ਸੀਆਰਪੀਐਫ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਰਤੀ ਜਾਵੇਗੀ। ਪ੍ਰੋਗਰਾਮ ਵਿੱਚ ਪਹੁੰਚਣ ‘ਤੇ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਯਾਦਵ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕੀਤਾ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਛੱਤੀਸਗੜ੍ਹ ਦੇ ਦੰਤੇਵਾੜਾ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸੱਚਾ ਦੇਸ਼ ਭਗਤ ਉਹੀ ਹੈ, ਜੋ ਰਾਸ਼ਟਰ ਲਈ ਸਭ ਕੁਝ ਕੁਰਬਾਨ ਕਰ ਦੇਵੇ। ਉਨ੍ਹਾਂ ਨੇ ਸੰਗਠਨ ਦੀ ਸੇਵਾ ਦੌਰਾਨ ਛੱਤੀਸਗੜ੍ਹ ਨਾਲ ਜੁੜੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਹ ਦੰਤੇਵਾੜਾ ਦੀਆਂ ਸਮਾਜਿਕ ਅਤੇ ਭੂਗੋਲਿਕ ਸਥਿਤੀਆਂ ਤੋਂ ਜਾਣੂ ਹਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸੰਕਲਪ ਲਿਆ ਹੈ ਕਿ ਉੱਥੋਂ ਅੱਤਵਾਦ ਨੂੰ ਜੜ੍ਹੋਂ ਖ਼ਤਮ ਕਰਾਂਗੇ। ਉਨ੍ਹਾਂ ਭਰੋਸਾ ਦਿੱਤਾ ਕਿ ਰਾਜ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ, ਸੁਰੱਖਿਆ ਅਤੇ ਸਨਮਾਨ ਸਰਕਾਰ ਦੀ ਸਰਵਉੱਚ ਤਰਜੀਹ ਹੈ।

ਨੌਜਵਾਨਾਂ ਨੂੰ ਅਪੀਲਕਿ ਉਹ ਸ਼ਹੀਦਾਂ ਦੇ ਜੀਵਨ ਆਦਰਸ਼ਾਂ ਤੋਂ ਪ੍ਰੇਰਨਾ ਲੈਣ

ਮੁੱਖ ਮੰਤਰੀ ਨੇ ਕਿਹਾ ਕਿ “ਰਾਸ਼ਟਰ ਪ੍ਰਥਮ” ਦਾ ਮੰਤਰ ਅੱਜ ਦੇਸ਼ ਦੀ ਦਿਸ਼ਾ ਤੈਅ ਕਰ ਰਿਹਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ 11 ਸਾਲਾਂ ਵਿੱਚ ਭਾਰਤ ਆਪਣੀਆਂ ਸਰਹੱਦਾਂ ਦੀ ਰੱਖਿਆ ਦੇ ਨਾਲ-ਨਾਲ ਅੰਦਰੂਨੀ ਸੁਰੱਖਿਆ ਦੇ ਖੇਤਰ ਵਿੱਚ ਵੀ ਮਜ਼ਬੂਤ ਹੋਇਆ ਹੈ। ਸੁਰੱਖਿਆ ਬਲਾਂ ਦੇ ਮਨੋਬਲ ਨੂੰ ਵਧਾਉਣ ਲਈ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਸੈਨਿਕਾਂ ਨੂੰ ਪੂਰਾ ਲਾਭ ਮਿਲ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਉਨ੍ਹਾਂ ਵੀਰਾਂਗਣਾਵਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਆਪਣੇ ਜੀਵਨ ਦਾ ਸਭ ਤੋਂ ਵੱਡਾ ਸਹਾਰਾ ਖੋ ਦਿੱਤਾ, ਪਰ ਫਿਰ ਵੀ ਹਿੰਮਤ ਨਾਲ ਅੱਗੇ ਵਧ ਰਹੀਆਂ ਹਨ। ਸ਼ਹੀਦਾਂ ਦੀ ਕੁਰਬਾਨੀ ਸਾਨੂੰ ਸਿਖਾਉਂਦੀ ਹੈ ਕਿ ਜੀਵਨ ਦਾ ਸਰਵਉੱਚ ਉਦੇਸ਼ ਹੀ ਰਾਸ਼ਟਰ ਸੇਵਾ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਕੇਵਲ ਸੈਨਿਕਾਂ ਦੀ ਜ਼ਿੰਮੇਵਾਰੀ ਨਹੀਂ, ਸਗੋਂ 140 ਕਰੋੜ ਭਾਰਤੀਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਸਾਨੂੰ ਆਪਣੇ-ਆਪਣੇ ਖੇਤਰ ਵਿੱਚ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਦੇ ਹੋਏ ਰਾਸ਼ਟਰ ਹਿੱਤ ਨੂੰ ਸਰਵਉੱਚ ਰੱਖਣਾ ਚਾਹੀਦਾ ਹੈ। ਇਹੀ ਸ਼ਹੀਦਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।

ਮੁੱਖ ਮੰਤਰੀ ਨੇ ਹਰਿਆਣਾ ਨੂੰ ਵੀਰਾਂ ਦੀ ਧਰਤੀ ਦੱਸਦਿਆਂ ਕਿਹਾ ਕਿ ਪ੍ਰਦੇਸ਼ ਦਾ ਹਰ ਘਰ ਦੇਸ਼ ਭਗਤੀ ਦੀ ਭਾਵਨਾ ਨਾਲ ਓਤਪੋਤ ਹੈ, ਅਤੇ ਦੇਸ਼ ਦੀਆਂ ਸੈਨਾਵਾਂ ਵਿੱਚ ਹਰ ਦਸਵਾਂ ਜਵਾਨ ਹਰਿਆਣਾ ਤੋਂ ਹੈ। ਅੱਜ ਵੀ ਅਣਗਿਣਤ ਨੌਜਵਾਨ ਸੈਨਿਕ ਅਤੇ ਅਰਧ ਸੈਨਿਕ ਬਲਾਂ ਵਿੱਚ ਸੇਵਾਵਾਂ ਦੇ ਰਹੇ ਹਨ।

ਸ਼ਹੀਦਾਂ ਦੇ ਆਸ਼ਰਿਤਾਂ ਦੀ ਭਲਾਈ ਲਈ ਰਾਜ ਸਰਕਾਰ ਸੁਚੇਤ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਨੇ ਪ੍ਰਦੇਸ਼ ਵਿੱਚ ਸਾਬਕਾ ਸੈਨਿਕ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੀ ਭਲਾਈ ਲਈ ਸੈਨਿਕ ਅਤੇ ਅਰਧ ਸੈਨਿਕ ਭਲਾਈ ਵਿਭਾਗ ਦਾ ਗਠਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਮੌਜੂਦਾ ਸਰਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਤਰਸ ਦੇ ਅਧਾਰ ‘ਤੇ ਹਰ ਆਸ਼ਰਿਤ ਨੂੰ ਸਰਕਾਰੀ ਨੌਕਰੀ ਦੇਣ ਦਾ ਕੰਮ ਕੀਤਾ ਹੈ। ਹੁਣ ਤੱਕ 418 ਆਸ਼ਰਿਤਾਂ ਨੂੰ ਤਰਸ ਦੇ ਅਧਾਰ ‘ਤੇ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉੱਥੇ ਹੀ ਜੰਗ ਅਤੇ ਆਈ.ਈ.ਡੀ. (IED) ਬਲਾਸਟ ਦੌਰਾਨ ਸ਼ਹੀਦ ਹੋਏ ਸੈਨਾ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਜਵਾਨਾਂ ਦੀ ਸਹਾਇਤਾ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ ਇੱਕ ਕਰੋੜ ਰੁਪਏ ਕੀਤੀ ਗਈ ਹੈ। ਦੂਜੀ ਵਿਸ਼ਵ ਜੰਗ ਦੇ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਨੂੰ 10 ਹਜ਼ਾਰ ਰੁਪਏ ਮਹੀਨਾਵਾਰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

ਜੰਗ ਅਤੇ ਅੱਤਵਾਦ ਅਤੇ ਹੋਰ ਘਟਨਾਵਾਂ ਦੌਰਾਨ ਜ਼ਖ਼ਮੀ ਹੋਏ ਫ਼ੌਜੀ ਕਰਮੀਆਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੇ ਜਵਾਨਾਂ ਲਈ ਅਪੰਗਤਾ ਦੇ ਅਧਾਰ ‘ਤੇ ਸਹਾਇਤਾ ਰਾਸ਼ੀ ਕ੍ਰਮਵਾਰ 35 ਲੱਖ ਰੁਪਏ, 25 ਲੱਖ ਰੁਪਏ ਅਤੇ 15 ਲੱਖ ਰੁਪਏ ਕੀਤੀ ਗਈ ਹੈ। ਪ੍ਰੋਗਰਾਮ ਦੇ ਅੰਤ ਵਿੱਚ ਗੁਰੂਗ੍ਰਾਮ ਦੇ ਵਿਧਾਇਕ ਸ੍ਰੀ ਮੁਕੇਸ਼ ਸ਼ਰਮਾ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਸਾਬਕਾ ਏਡੀਜੀਪੀ ਅਨਿਲ ਰਾਓ, ਭਾਜਪਾ ਜ਼ਿਲ੍ਹਾ ਪ੍ਰਧਾਨ ਸਰਵ ਪ੍ਰਿਯ ਤਿਆਗੀ, ਡੀਸੀ ਅਜੇ ਕੁਮਾਰ, ਸੀਪੀ ਵਿਕਾਸ ਅਰੋੜਾ, ਨਿਗਮ ਕਮਿਸ਼ਨਰ ਪ੍ਰਦੀਪ ਦਹੀਆ ਸਮੇਤ ਹੋਰ ਮਾਣਯੋਗ ਵਿਅਕਤੀ ਮੌਜ਼ਦ ਸਨ।