Saturday, September 19Malwa News
Shadow

ਅੰਤਰ ਕਾਲਜ ਜੋਨ ‘ਸੀ’ ਕ੍ਰਿਕਟ ਮੁਕਾਬਲੇ ਵਿੱਚ ਸਰਕਾਰੀ ਕਾਲਜ ਰੋਪੜ ਨੇ ਜਿੱਤਿਆ ਪਹਿਲਾ ਸਥਾਨ

ਰੂਪਨਗਰ, 19 ਸਤੰਬਰ 2026: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਡ ਵਿਭਾਗ ਦੇ ਡਾਇਰੈਕਟਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੰਤਰ ਕਾਲਜ ਜੋਨ ‘ਸੀ’ ਦੇ ਕ੍ਰਿਕਟ ਮੁਕਾਬਲੇ ਪ੍ਰਿੰਸੀਪਲ ਸ੍ਰੀਮਤੀ ਗੁਨਜੀਤ ਕੌਰ ਦੀ ਸਰਪ੍ਰਸਤੀ ਹੇਠ ਸਰਕਾਰੀ ਕਾਲਜ ਰੋਪੜ ਦੇ ਖੇਡ ਮੈਦਾਨ ਵਿਖੇ 14 ਤੋਂ 19 ਸਤੰਬਰ 2026 ਤੱਕ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ 7 ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ।

ਮੁਕਾਬਲਿਆਂ ਦੇ ਪਹਿਲੇ ਦਿਨ ਪ੍ਰਿੰਸੀਪਲ ਸ੍ਰੀਮਤੀ ਗੁਨਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵੱਖ-ਵੱਖ ਕਾਲਜਾਂ ਤੋਂ ਪਹੁੰਚੀਆਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਸਬੰਧਤ ਕਾਲਜਾਂ ਦੇ ਪ੍ਰਿੰਸੀਪਲਾਂ, ਟੀਮ ਇੰਚਾਰਜਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਖੇਡ ਭਾਵਨਾ ਅਤੇ ਮਿਹਨਤ ਨਾਲ ਆਪਣੇ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

ਵਾਈਸ ਪ੍ਰਿੰਸੀਪਲ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਕਾਲਜ ਰੋਪੜ ਦੀ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਮੁਕਾਬਲੇ ਵਿੱਚ ਸਰਕਾਰੀ ਰਣਬੀਰ ਕਾਲਜ, ਸੰਗਰੂਰ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।

ਮੁਕਾਬਲਿਆਂ ਦੇ ਆਖਰੀ ਦਿਨ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਗੁਨਜੀਤ ਕੌਰ ਨੇ ਇਨਾਮ ਵੰਡ ਸਮਾਰੋਹ ਵਿੱਚ ਸ਼ਿਰਕਤ ਕਰਦਿਆਂ ਜੇਤੂ ਟੀਮ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ। ਫਾਈਨਲ ਮੁਕਾਬਲੇ ਵਿੱਚ ਸਰਕਾਰੀ ਕਾਲਜ ਰੋਪੜ ਦੇ ਜਸਕਰਨ ਸਿੰਘ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 23 ਗੇਂਦਾਂ ਵਿੱਚ 82 ਦੌੜਾਂ ਬਣਾਈਆਂ, ਜਿਸ ਲਈ ਉਸ ਨੂੰ ‘ਮੈਨ ਆਫ਼ ਦਾ ਮੈਚ’ ਐਲਾਨਿਆ ਗਿਆ। ਇਸੇ ਤਰ੍ਹਾਂ ਕਾਲਜ ਦੇ ਖਿਡਾਰੀ ਅਨੁਸ਼ ਪ੍ਰਾਸ਼ਰ ਨੇ ਪੂਰੇ ਟੂਰਨਾਮੈਂਟ ਦੌਰਾਨ 60 ਦੌੜਾਂ ਬਣਾਉਣ ਦੇ ਨਾਲ-ਨਾਲ 12 ਵਿਕਟਾਂ ਹਾਸਲ ਕੀਤੀਆਂ, ਜਿਸ ਲਈ ਉਸ ਨੂੰ ‘ਮੈਨ ਆਫ਼ ਦਾ ਸੀਰੀਜ਼’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਟੀਮ ਦੇ ਕੋਚ ਅਵਨੀਪ ਸੈਣੀ ਨੇ ਟੀਮ ਦੀ ਸ਼ਾਨਦਾਰ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਮੁਕਾਬਲਿਆਂ ਦੌਰਾਨ ਰੈਫਰੀ ਦੀ ਭੂਮਿਕਾ ਸ੍ਰੀ ਜ਼ੋਰਾਵਰ ਸਿੰਘ ਅਤੇ ਸ੍ਰੀ ਹਰਸ਼ਦੀਪ ਸਿੰਘ ਨੇ ਨਿਭਾਈ।

ਇਸ ਮੌਕੇ ਕਾਲਜ ਕੌਂਸਲ ਦੇ ਮੈਂਬਰ ਪ੍ਰੋ. ਮੀਨਾ ਕੁਮਾਰੀ, ਡਾ. ਨਿਰਮਲ ਸਿੰਘ, ਡਾ. ਦਲਵਿੰਦਰ ਸਿੰਘ, ਪ੍ਰੋ. ਸ਼ਮਿੰਦਰ ਕੌਰ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਸ੍ਰੀ ਬੁੱਧੀ ਰਾਜਾ ਵੀ ਹਾਜ਼ਰ ਸਨ। ਮੁਕਾਬਲਿਆਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਡਾ. ਜਤਿੰਦਰ ਕੁਮਾਰ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਧਰਮਿੰਦਰ ਸਿੰਘ, ਪ੍ਰੋ. ਹਰਮਨਦੀਪ ਸਿੰਘ, ਪ੍ਰੋ. ਹਰਮਨਦੀਪ ਕੌਰ, ਪ੍ਰੋ. ਗੁਰਮਖ ਸਿੰਘ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਰਾਜਵਿੰਦਰ ਸਿੰਘ, ਪ੍ਰੋ. ਡਿੰਪਲ, ਪ੍ਰੋ. ਰਵਨੀਤ ਕੌਰ, ਪ੍ਰੋ. ਤੇਜਿੰਦਰ ਕੌਰ ਅਤੇ ਪ੍ਰੋ. ਤਰਨਜੋਤ ਕੌਰ ਵੱਲੋਂ ਅਹਿਮ ਸਹਿਯੋਗ ਦਿੱਤਾ ਗਿਆ।