Tuesday, July 15Malwa News
Shadow

ਗੱਤਕਾ ਪੀਥੀਅਨ ਖੇਡਾਂ ਚ ਸ਼ਾਮਲ – ਕੌਮਾਂਤਰੀ ਮੁਕਾਬਲੇ ਹੋਣਗੇ ਅਗਲੇ ਸਾਲ : ਬਿਜੇਂਦਰ ਗੋਇਲ

ਨਵੀਂ ਦਿੱਲੀ 13 ਜੂਨ : ਗੱਤਕਾ ਖੇਡ ਨੂੰ ਬਾਕਾਇਦਾ ਪੀਥੀਅਨ ਸੱਭਿਆਚਾਰਕ ਖੇਡਾਂ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਅਤੇ ਅਗਲੇ ਸਾਲ ਮਾਸਕੋ ਵਿੱਚ ਹੋਣ ਵਾਲੀਆਂ ਕੌਮਾਂਤਰੀ ਪੀਥੀਅਨ ਖੇਡਾਂ ਵਿੱਚ ਵੱਖ-ਵੱਖ ਮੁਲਕਾਂ ਦੀਆਂ ਗੱਤਕਾ ਟੀਮਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਹ ਪ੍ਰਗਟਾਵਾ ਤਾਲਕਟੋਰਾ ਸਟੇਡੀਅਮ ਨਵੀਂ ਦਿੱਲੀ ਵਿਖੇ ਕਰਵਾਈ ਜਾ ਰਹੀ ਤਿੰਨ ਰੋਜ਼ਾ 12ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਦੂਜੇ ਦਿਨ ਦੇ ਮੁਕਾਬਲਿਆਂ ਦੇ ਉਦਘਾਟਨ ਮੌਕੇ ਬੋਲਦਿਆਂ ਪੀਥੀਅਨ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਅਤੇ ਪੀਥੀਅਨ ਖੇਡਾਂ ਦੇ ਫਾਊਂਡਰ ਬਿਜੇਂਦਰ ਗੋਇਲ ਨੇ ਕੀਤਾ।
ਗੱਤਕੇ ਦੇ ਇੰਨਾਂ ਕੌਮੀ ਪੱਧਰੀ ਦੇ ਮੁਕਾਬਲਿਆਂ ਮੌਕੇ ਗੋਇਲ ਨੇ ਇਸ ਵਿਰਾਸਤੀ ਖੇਡ ਨੂੰ ਕੌਮਾਂਤਰੀ ਪੱਧਰ ਉੱਤੇ ਪ੍ਰਫੁੱਲਿਤ ਕਰਨ ਲਈ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਸਮੇਤ ਨੈਸ਼ਨਲ ਗੱਤਕਾ ਐਸੋਸੀਏਸ਼ਨ ਨੂੰ ਹਰ ਕਿਸਮ ਦਾ ਸਮਰਥਨ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਪੀਥੀਅਨ ਕੌਂਸਲ ਦੇ ਪ੍ਰਧਾਨ ਸ੍ਰੀ ਸ਼ਾਤਨੂੰ ਅਗਰਹਰੀ ਨੇ ਵੀ ਸੰਬੋਧਨ ਕੀਤਾ ਅਤੇ ਪੀਥੀਅਨ ਖੇਡਾਂ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਆਖਿਆ ਕਿ ਗੱਤਕੇ ਦੀ ਦੇਸ਼ ਦੀਆਂ ਵੱਡੀਆਂ ਖੇਡਾਂ ਵਿੱਚ ਸ਼ਮੂਲੀਅਤ ਹੋਣ ਅਤੇ ਸਵੈ-ਰੱਖਿਆ ਲਈ ਬਿਹਤਰ ਖੇਡ ਹੋਣ ਕਾਰਨ ਇਸ ਵਿਰਾਸਤੀ ਖੇਡ ਦਾ ਭਵਿੱਖ ਬਹੁਤ ਉੱਜਲ ਹੈ ਜਿਸ ਕਰਕੇ ਲੜਕੇ ਅਤੇ ਲੜਕੀਆਂ ਨੂੰ ਇਹ ਖੇਡ ਸਿੱਖ ਕੇ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਵੰਡੇ।
ਏਸ਼ੀਅਨ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਡਾਕਟਰ ਤੇਜਿੰਦਰਪਾਲ ਸਿੰਘ ਨਲਵਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨਜੀਏਆਈ) ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਕਾਰਜਕਾਰੀ ਪ੍ਰਧਾਨ ਸੁਖਚੈਨ ਸਿੰਘ ਕਲਸਾਣੀ ਨੇ ਕਿਹਾ ਕਿ ਨੈਸ਼ਨਲ ਖੇਡਾਂ, ਖੇਲੋ ਇੰਡੀਆ ਯੂਥ ਗੇਮਜ, ਨੈਸ਼ਨਲ ਗੇਮਜ, ਨੈਸ਼ਨਲ ਸਕੂਲ ਗੇਮਸ ਅਤੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਗੇਮਸ ਤੋਂ ਬਾਅਦ ਗੱਤਕੇ ਦਾ ਪੀਥੀਅਨ ਖੇਡਾਂ ਵਿੱਚ ਸ਼ਾਮਲ ਹੋਣਾ ਬਹੁਤ ਵੱਡੀ ਪ੍ਰਾਪਤੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਚੇਅਰਮੈਨ ਕੁਲਵਿੰਦਰ ਸਿੰਘ, ਛੱਤੀਸਗੜ ਤੋਂ ਇੰਦਰਜੀਤ ਸਿੰਘ, ਮਲਕੀਤ ਸਿੰਘ, ਜਸਵੰਤ ਸਿੰਘ ਖਾਲਸਾ, ਕਲਪਨਾ ਸਵਾਮੀ, ਤਿਲੰਗਾਨਾ ਤੋਂ ਵਿਸ਼ਾਲ ਸਿੰਘ, ਮਹਾਰਾਸ਼ਟਰ ਤੋਂ ਪਾਂਡੂਰੰਗ ਅੰਬੂਰੇ, ਮੱਧ ਪ੍ਰਦੇਸ਼ ਤੋਂ ਪਰਮਜੀਤ ਸਿੰਘ, ਝਾਰਖੰਡ ਤੋਂ ਪ੍ਰਿੰਸ ਮਿਸ਼ਰਾ, ਆਂਧਰਾ ਪ੍ਰਦੇਸ਼ ਤੋਂ ਸੁਰਿੰਦਰਾ ਰੈਡੀ, ਦਿੱਲੀ ਤੋਂ ਗੁਰਮੀਤ ਸਿੰਘ ਰਾਣਾ ਅਤੇ ਅੰਗਦ ਸਿੰਘ ਆਦਿ ਹਾਜ਼ਰ ਸਨ।

Gatka

ਨਵੀਂ ਦਿੱਲੀ ਵਿਖੇ 12ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਦੌਰਾਨ ਮੁਕਾਬਲਿਆਂ ਦਾ ਉਦਘਾਟਨ ਕਰਦੇ ਹੋਏ ਪੀਥੀਅਨ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਬਿਜੇਂਦਰ ਗੋਇਲ, ਪ੍ਰਧਾਨ ਸ਼ਾਤਨੂੰ ਅਗਰਹਰੀ, ਹਰਜੀਤ ਸਿੰਘ ਗਰੇਵਾਲ ਤੇ ਹੋਰ।

Gatka

ਨਵੀਂ ਦਿੱਲੀ ਵਿਖੇ 12ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੌਰਾਨ ਜੇਤੂਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਵਿਧਾਇਕ ਜਰਨੈਲ ਸਿੰਘ, ਹਰਜੀਤ ਸਿੰਘ ਗਰੇਵਾਲ, ਤੇਜਿੰਦਰਪਾਲ ਸਿੰਘ ਨਲਵਾ, ਜਸਵੰਤ ਸਿੰਘ ਖਾਲਸਾ ਤੇ ਹੋਰ।

Basmati Rice Advertisment