
ਚੰਡੀਗੜ੍ਹ, 18 ਦਸੰਬਰ : ਭਾਰਤ ਦੀ ਅਮੀਰ ਜੰਗਜੂ ਵਿਰਾਸਤ ਨੂੰ ਸੰਸਥਾਗਤ ਰੂਪ ਦੇਣ ਦੀ ਦਿਸ਼ਾ ‘ਚ ਇੱਕ ਇਤਿਹਾਸਕ ਪਹਿਲ ਕਰਦਿਆਂ ਐਨ.ਆਈ.ਆਈ.ਐਲ.ਐਮ. ਯੂਨੀਵਰਸਿਟੀ ਕੈਥਲ ਅਤੇ ਨੇਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ.) ਨੇ ਗੱਤਕੇ ਨੂੰ ਯੋਜਨਾਬੱਧ ਅਤੇ ਮੁਕਾਬਲੇਬਾਜ਼ੀ ਦੀ ਖੇਡ ਵਜੋਂ ਵੱਡੇ ਪੱਧਰ ‘ਤੇ ਵਿਕਸਤ ਕਰਨ ਦੇ ਉਦੇਸ਼ ਨਾਲ ਇੱਕ ਸਹਿਮਤੀ ਪੱਤਰ (ਐਮ.ਓ.ਯੂ.) ‘ਤੇ ਦਸਤਖ਼ਤ ਕੀਤੇ ਹਨ। ਇਹ ਭਾਈਵਾਲੀ ਗੱਤਕੇ ਦੇ ਯੋਜਨਾਬੱਧ ਪ੍ਰਚਾਰ, ਸੰਸਥਾਗਤ ਵਿਕਾਸ ਅਤੇ ਲੋਕਪ੍ਰਿਯਤਾ ਵਿੱਚ ਵਾਧਾ ਕਰਨ ਲਈ ਸਮਰਪਿਤ ਹੈ।
ਇਸ ਮਹੱਤਵਪੂਰਨ ਸਮਝੌਤੇ ‘ਤੇ ਐਨ.ਆਈ.ਆਈ.ਐਲ.ਐਮ. (ਨੀਲਮ) ਯੂਨੀਵਰਸਿਟੀ ਦੇ ਚੇਅਰਮੈਨ ਅਮਿਤ ਚਹਿਲ ਅਤੇ ਐਨ.ਜੀ.ਏ.ਆਈ. ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਦੀ ਤਰਫੋਂ ਉਪ ਪ੍ਰਧਾਨ ਸੁਖਚੈਨ ਸਿੰਘ ਕਲਸਾਣੀ ਨੇ ਦਸਤਖ਼ਤ ਕਰਦਿਆਂ ਇਸ ਕਰਾਰ ਨੂੰ ਰਸਮੀ ਰੂਪ ਦਿੱਤਾ। ਇਸ ਮੌਕੇ ਯੂਨੀਵਰਸਿਟੀ ਦੇ ਡਾਇਰੈਕਟਰ (ਖੇਡਾਂ) ਨਰਿੰਦਰ ਢੁੱਲ੍ਹ ਅਤੇ ਹਰਿਆਣਵੀ ਗੱਤਕਾ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਨਰਿੰਦਰ ਪਾਲ ਸਿੰਘ ਵੀ ਮੌਜੂਦ ਰਹੇ ਜਿਸ ਨਾਲ ਇਸ ਦੂਰਦਰਸ਼ੀ ਪਹਿਲ ਨੂੰ ਖੇਤਰੀ ਪੱਧਰ ‘ਤੇ ਮਜ਼ਬੂਤ ਸਮਰਥਨ ਮਿਲਿਆ।
ਇਸ ਮੌਕੇ ‘ਤੇ ਚੇਅਰਮੈਨ ਅਮਿਤ ਚਹਿਲ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਹ ਦੁਵੱਲੀ ਸਾਂਝ ਵਿਦਿਆਰਥੀਆਂ, ਖਿਡਾਰੀਆਂ ਅਤੇ ਅਕਾਦਮਿਕ ਖੋਜਾਰਥੀਆਂ ਲਈ ਵਾਧੂ ਮੌਕੇ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ ਗੱਤਕੇ ਨੂੰ ਸੁਚੱਜੀ ਮੁਕਾਬਲੇਬਾਜ਼ੀ ਦੀ ਖੇਡ ਅਤੇ ਅਕਾਦਮਿਕ ਖੇਤਰਾਂ ‘ਚ ਵਿਸਥਾਰ ਕਰਨ ਅਤੇ ਖੇਡ ਦੀ ਸਥਾਪਤੀ ਵੱਲ ਇੱਕ ਠੋਸ ਕਦਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਹਿਯੋਗ ਨਾਲ ਨੀਲਮ ਯੂਨੀਵਰਸਿਟੀ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਨਿਰਧਾਰਤ ਨਿਯਮਾਂ ਅਨੁਸਾਰ ਰਸਮੀ ਤੌਰ ‘ਤੇ ਜੁੜਨ ਵਾਲੀਆਂ ਚੋਣਵੀਆਂ ਉੱਚ ਸਿੱਖਿਆ ਸੰਸਥਾਵਾਂ ‘ਚ ਸ਼ੁਮਾਰ ਹੋ ਗਈ ਹੈ ਜਿਸ ਨਾਲ ਰਵਾਇਤੀ ਖੇਡਾਂ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਹਰਿਆਣਾ ਦੀ ਭੂਮਿਕਾ ਹੋਰ ਮਜ਼ਬੂਤ ਹੋਵੇਗੀ।
ਇਸ ਸਮਝੌਤੇ ਦੇ ਉਦੇਸ਼ ਸਪੱਸ਼ਟ ਕਰਦਿਆਂ ਗੱਤਕਾ ਪ੍ਰਮੋਟਰ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਐਮ.ਓ.ਯੂ. ਗੱਤਕੇ ਦੀ ਸਿਖਲਾਈ, ਮੁਕਾਬਲਿਆਂ ਅਤੇ ਅਕਾਦਮਿਕ ਅਧਿਐਨ ਨੂੰ ਵਿਦਿਅਕ ਸੰਸਥਾਵਾਂ ਵਿੱਚ ਸਥਾਪਿਤ ਕਰਨ ਦੀ ਇੱਕ ਰਣਨੀਤਕ ਪਹਿਲ ਹੈ। ਉਨ੍ਹਾਂ ਦੱਸਿਆ ਕਿ ਇਸ ਸਮਝੌਤੇ ਅਧੀਨ ਨੀਲਮ ਯੂਨੀਵਰਸਿਟੀ ਰਾਸ਼ਟਰੀ ਪੱਧਰ ਦੀਆਂ ਗੱਤਕਾ ਗਤੀਵਿਧੀਆਂ ਲਈ ਖੇਡ ਲਈ ਆਧੁਨਿਕ ਬੁਨਿਆਦੀ ਢਾਂਚਾ ਅਤੇ ਸਹਿਯੋਗ ਮੁਹੱਈਆ ਕਰੇਗੀ ਜਦਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਤਕਨੀਕੀ ਮਹਾਰਤ, ਪ੍ਰਮਾਣਿਤ ਕੋਚ ਅਤੇ ਤਕਨੀਕੀ ਆਫੀਸ਼ੀਅਲ ਉਪਲਬਧ ਕਰਵਾਏਗੀ। ਇਸ ਤੋਂ ਇਲਾਵਾ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਕਰਵਾਉਣ ਵਿੱਚ ਸਹਿਯੋਗ ਦੇਵੇਗੀ।
ਐਨ.ਜੀ.ਏ.ਆਈ. ਦੇ ਪ੍ਰਧਾਨ ਗਰੇਵਾਲ ਨੇ ਕਿਹਾ ਕਿ ਇਸ ਭਾਈਵਾਲੀ ਰਾਹੀਂ ਖੇਡ ਪ੍ਰਤਿਭਾ ਦੀ ਸੁਚੱਜੀ ਪਛਾਣ, ਤਕਨੀਕੀ ਆਫੀਸ਼ੀਅਲਾਂ ਦੀ ਸਮਰੱਥਾ ਵਧਾਉਣ ਸਮੇਤ ਅਕਾਦਮਿਕ ਅਤੇ ਖੇਡ ਮੁਕਾਬਲਿਆਂ ਰਾਹੀਂ ਗੱਤਕੇ ਦੇ ਵਿਸ਼ਾਲ ਪ੍ਰਚਾਰ-ਪਸਾਰ ਦੀ ਦੂਰਦਰਸ਼ੀ ਯੋਜਨਾ ਤਿਆਰ ਕੀਤੀ ਗਈ ਹੈ।
ਇਸੇ ਭਾਵਨਾ ਨੂੰ ਦੁਹਰਾਉਂਦਿਆਂ ਹਰਿਆਣਵੀ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਕਲਸਾਣੀ ਨੇ ਕਿਹਾ ਕਿ ਐਨ.ਆਈ.ਆਈ.ਐਲ.ਐਮ. ਯੂਨੀਵਰਸਿਟੀ ਨਾਲ ਇਹ ਇਤਿਹਾਸਕ ਸਾਂਝ ਗੱਤਕੇ ਦੀ ਜੰਗਜੂ ਪ੍ਰਦਰਸ਼ਨੀ ਅਤੇ ਆਧੁਨਿਕ ਖੇਡ, ਦੋਵਾਂ ਰੂਪਾਂ ਵਿੱਚ, ਵਧ ਰਹੀ ਮਾਨਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਉਚੇਰੀ ਵਿੱਦਿਅਕ ਸੰਸਥਾਵਾਂ ਰਵਾਇਤੀ ਖੇਡਾਂ ਨੂੰ ਸੰਭਾਲਣ ਅਤੇ ਉਨ੍ਹਾਂ ਦੀ ਮਹੱਤਤਾ ਵਧਾਉਣ ਲਈ ਬਿਹਤਰ ਭੂਮਿਕਾ ਨਿਭਾਉਂਦੀਆਂ ਹਨ ਅਤੇ ਇਹ ਐਮ.ਓ.ਯੂ. ਉਸੇ ਦਿਸ਼ਾ ‘ਚ ਇੱਕ ਫੈਸਲਾਕੁਨ ਕਦਮ ਹੈ।