Friday, September 11Malwa News
Shadow

ਨਾਨ-ਸਟਿਕ ਕੁੱਕਵੇਅਰ ਤੋਂ ਲੈ ਕੇ ਡਿਸ਼ਵਾਸ਼ਿੰਗ ਸਕ੍ਰਬਰ ਤੱਕ, ਇਨ੍ਹਾਂ ਚੀਜ਼ਾਂ ਨੂੰ ਕਦੋਂ ਬਦਲਣਾ ਚਾਹੀਦਾ ਹੈ? ਜਾਣੋ

NON STICK PAN EXPIRATION DATE: ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ, ਅਸੀਂ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਜੇਕਰ ਇਹ ਚੀਜ਼ਾਂ ਠੀਕ ਦਿੱਖ ਰਹੀਆਂ ਹਨ, ਤਾਂ ਉਹ ਇਨ੍ਹਾਂ ਨੂੰ ਕੁਝ ਹੋਰ ਸਮੇਂ ਤੱਕ ਇਸਤੇਮਾਲ ਕਰ ਸਕਦੇ ਹਨ ਪਰ ਮਾਹਰਾਂ ਦਾ ਕਹਿਣਾ ਹੈ ਕਿ ਚਾਹੇ ਇਨ੍ਹਾਂ ਚੀਜ਼ਾਂ ਦੀ ਮਿਆਦ ਪੁੱਗਣ ਦੀ ਤਰੀਕ ਸਾਫ ਤੌਰ ‘ਤੇ ਨਾ ਲਿਖੀ ਹੋ, ਫਿਰ ਵੀ ਇਨ੍ਹਾਂ ਦੀ ਇੱਕ ਸੀਮਿਤ ਉਮਰ ਹੁੰਦੀ ਹੈ। ਦੂਜੇ ਸ਼ਬਦਾਂ ਵਿੱਚ, ਘਰ ਦਾ ਸਮਾਨ ਅਤੇ ਨਿੱਜੀ ਕੇਅਰ ਦੀਆਂ ਚੀਜ਼ਾਂ ਇੱਕ ਸੀਮਿਤ ਸਮੇਂ ਤੋਂ ਬਾਅਦ ਖਰਾਬ ਹੋ ਸਕਦੀਆਂ ਹਨ, ਚਾਹੇ ਉਹ ਬਾਹਰ ਤੋਂ ਚੰਗੀ ਹਾਲਾਤ ਵਿੱਚ ਦਿਖਣ। ਮਾਹਰ ਚਿਤਾਵਨੀ ਦਿੰਦੇ ਹਨ ਕਿ ਬਿਨਾਂ ਧਿਆਨ ਦਿੱਤੇ ਇਨ੍ਹਾਂ ਦਾ ਇਸਤੇਮਾਲ ਕਰਦੇ ਰਹਿਣ ਨਾਲ ਅਣਜਾਣੇ ਵਿੱਚ ਸਾਡੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਕਿਹੜੀਆਂ ਚੀਜ਼ਾਂ ਨੂੰ ਬਦਲ ਲੈਣਾ ਚਾਹੀਦਾ ਹੈ?

ਟੁੱਥਬੁਰਸ਼: ਟੁੱਥਬੁਰਸ਼ ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਹੈ। ਬਹੁਤ ਸਾਰੇ ਲੋਕ ਇਸਨੂੰ ਬਦਲਣ ਦੀ ਲੋੜ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਅਤੇ ਲੰਬੇ ਸਮੇਂ ਤੱਕ ਇੱਕ ਹੀ ਬੁਰਸ਼ ਦਾ ਇਸਤੇਮਾਲ ਕਰਦੇ ਰਹਿੰਦੇ ਹਨ। ਮਾਹਰ ਤਿੰਨ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਇੱਕ ਹੀ ਟੁੱਥਬੁਰਸ਼ ਦਾ ਇਸਤੇਮਾਲ ਨਾ ਕਰਨ ਦੀ ਸਲਾਹ ਦਿੰਦੇ ਹਨ, ਨਹੀਂ ਤਾਂ ਇਸਦੇ ਰੇਸ਼ੇ ਆਪਣਾ ਅਕਾਰ ਖੋਹ ਦਿੰਦੇ ਹਨ, ਜਿਸ ਨਾਲ ਠੀਕ ਤਰ੍ਹਾਂ ਸਫਾਈ ਨਹੀਂ ਹੋ ਪਾਉਦੀ। ਇਸ ਨਾਲ ਦੰਦਾਂ ‘ਤੇ ਲੱਖਾਂ ਬੈਕਟੀਰੀਆ ਜਮ੍ਹਾਂ ਹੋ ਜਾਂਦੇ ਹਨ, ਜਿਸ ਨਾਲ ਮੂੰਹ ਤੋਂ ਬਦਬੂ ਆਉਦੀ ਹੈ ਅਤੇ ਦੰਦਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਤੈਅ ਸਮੇਂ ਦੇ ਅੰਦਰ ਟੁੱਥਬੁਰਸ਼ ਨੂੰ ਬਦਲਣਾ ਜ਼ਰੂਰੀ ਹੈ।

ਵਾਲਾਂ ਲਈ ਕੰਘੀ: ਵਾਲਾਂ ਲਈ ਇਸਤੇਮਾਲ ਹੋਣ ਵਾਲੀ ਕੰਘੀ ਨੂੰ ਹਰ ਛੇ ਮਹੀਨੇ ਵਿੱਚ ਬਦਲ ਦੇਣਾ ਚਾਹੀਦਾ ਹੈ। ਜੇਕਰ ਇਨ੍ਹਾਂ ਨੂੰ ਬਦਲਿਆ ਨਾ ਜਾਵੇ, ਤਾਂ ਹਰ ਵਾਰ ਇਸਤੇਮਾਲ ਕਰਨ ‘ਤੇ ਕੰਘੀ ‘ਤੇ ਵਾਲਾਂ ਦਾ ਤੇਲ, ਚਮੜੀ ਸੈੱਲ ਅਤੇ ਰੂਸੀ ਜਮ੍ਹਾਂ ਹੋ ਜਾਂਦੀ ਹੈ। ਇਸ ਲਈ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਨ੍ਹਾਂ ਨੂੰ ਰੋਜ਼ਾਨਾ ਸਾਫ ਨਾ ਕੀਤਾ ਜਾਵੇ ਜਾਂ ਮਿਆਦ ਪੁੱਗਣ ਦੀ ਤਰੀਕ ਤੋਂ ਬਾਅਦ ਬਦਲਿਆ ਨਾ ਜਾਵੇ, ਤਾਂ ਖੋਪੜੀ ਵਿੱਚ ਇਨਫੈਕਸ਼ਨ ਅਤੇ ਵਾਲ ਝੜਨ ਦੀ ਸਮੱਸਿਆ ਹੋ ਸਕਦੀ ਹੈ।

ਨਾਨ-ਸਟਿਕ ਕੁਕਵੇਅਰ: ਅੱਜ ਕੱਲ ਬਹੁਤ ਸਾਰੇ ਲੋਕ ਨਾਨ-ਸਟਿਕ ਕੁਕਵੇਅਰ ਦਾ ਇਸਤੇਮਾਲ ਕਰਦੇ ਹਨ। ਹਾਲਾਂਕਿ, ਮਾਹਰ ਸਲਾਹ ਦਿੰਦੇ ਹਨ ਕਿ ਜੇਕਰ ਇਸਦੀ ਕੋਟਿੰਗ ਖਰਾਬ ਹੋ ਜਾਵੇ, ਤਾਂ ਇਸਨੂੰ ਕੁਝ ਸਮੇਂ ਬਾਅਦ ਬਦਲ ਲੈਣਾ ਚਾਹੀਦਾ ਹੈ। ਚਾਹੇ ਕੋਟਿੰਗ ਠੀਕ ਰਹੇ, ਫਿਰ ਵੀ ਹਰ ਤਿੰਨ ਸਾਲ ਵਿੱਚ ਨਵਾਂ ਕੁਕਵੇਅਰ ਖਰੀਦੋ, ਕਿਉਂਕਿ ਨਾਨ-ਸਟਿਕ ਕੁਕਵੇਅਰ ‘ਤੇ ਖਰੋਚ ਆਉਣ ਨਾਲ ਟੈਫਲੋਨ ਪਰਤ ਦਾ ਛਿੱਲ ਭੋਜਨ ਵਿੱਚ ਮਿਲ ਸਕਦਾ ਹੈ, ਜਿਸ ਨਾਲ ਲੀਵਰ ਅਤੇ ਸਿਹਤ ਨਾਲ ਜੁੜੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।

ਘਰ ਅੰਦਰ ਪਹਿਣਨ ਵਾਲੀਆਂ ਚੱਪਲਾਂ: ਬਹੁਤ ਸਾਰੇ ਲੋਕ ਚੱਪਲਾਂ ਨੂੰ ਸਿਰਫ਼ ਬਾਹਰ ਹੀ ਨਹੀਂ ਸਗੋਂ ਘਰ ਅੰਦਰ ਵੀ ਪਾਉਦੇ ਹਨ। ਹਾਲਾਂਕਿ, ਘਰ ਦੇ ਅੰਦਰ ਇਸਤੇਮਾਲ ਹੋਣ ਦੀ ਵਜ੍ਹਾਂ ਨਾਲ ਲੋਕ ਹਮੇਸ਼ਾ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ ਨਹੀਂ ਕਰਦੇ। ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਫੰਗਲ ਇਨਫੈਕਸ਼ਨ ਹੋ ਸਕਦੀ ਹੈ। ਲੰਬੇ ਸਮੇਂ ਤੱਕ ਇਸਤੇਮਾਲ ਕਰਨ ਨਾਲ ਚੱਪਲਾਂ ਦੇ ਸੋਲ ਘਿਸ ਜਾਂਦੇ ਹਨ, ਜਿਸ ਨਾਲ ਰੀੜ ਦੀ ਹੱਡੀ ‘ਤੇ ਦਬਾਅ ਪੈਂਦਾ ਹੈ। ਇਸ ਲਈ ਹਰ ਛੇ ਮਹੀਨੇ ਵਿੱਚ ਚੱਪਲਾਂ ਬਦਲ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।

ਤੌਲੀਆ ਅਤੇ ਸਿਰਹਾਣੇ ਦੇ ਕਵਰ: ਤੌਲੀਆ ਅਤੇ ਸਿਰਹਾਣੇ ਦੇ ਕਵਰ ਦਾ ਇਸਤੇਮਾਲ ਇੱਕ-ਦੋ ਸਾਲ ਤੋਂ ਜ਼ਿਆਦਾ ਨਹੀਂ ਕਰਨਾ ਚਾਹੀਦਾ। ਨਮੀ ਦੀ ਵਜ੍ਹਾਂ ਨਾਲ ਪੁਰਾਣੇ ਤੌਲੀਏ ਅਤੇ ਸਿਰਹਾਣੇ ਦੇ ਕਵਰ ਵਿੱਚ ਫੰਗਸ ਪੈਂਦਾ ਹੋ ਸਕਦੇ ਹਨ। ਇਸ ਤੋਂ ਇਲਾਵਾ, ਸਮੇਂ ਦੇ ਨਾਲ ਸਿਰਹਾਣੇ ‘ਤੇ ਤੇਲ, ਗ੍ਰੀਸ ਅਤੇ ਡੈੱਡ ਚਮੜੀ ਸੈੱਲ ਜਮ੍ਹਾਂ ਹੋ ਜਾਂਦੇ ਹਨ, ਜਿਸ ਨਾਲ ਛਿੱਕ ਆਉਣਾ, ਐਲਰਜੀ, ਚਮੜੀ ਦੀਆਂ ਸਮੱਸਿਆਵਾਂ ਅਤੇ ਸਾਹ ਲੈਣ ਵਿੱਚ ਸਮੱਸਿਆ ਹੋ ਸਕਦੀ ਹੈ।

ਭਾਂਡੇ ਧੋਣ ਵਾਲੇ ਸਕ੍ਰਬਰ: ਭਾਂਡੇ ਧੋਣ ਵਾਲੇ ਸਕ੍ਰਬਰਾਂ ਨੂੰ ਮਾਹਰ ਸਭ ਤੋਂ ਗੰਦੀਆਂ ਚੀਜ਼ਾਂ ਵਿੱਚੋ ਇੱਕ ਮੰਨਦੇ ਹਨ। ਚਾਹੇ ਇਹ ਸਾਫ ਦਿਖਣ, ਫਿਰ ਵੀ ਇਨ੍ਹਾਂ ਨੂੰ ਹਰ ਇੱਕ-ਦੋ ਹਫਤੇ ਵਿੱਚ ਬਦਲ ਲੈਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ‘ਤੇ E.coli ਵਰਗੇ ਖਤਰਨਾਕ ਬੈਕਟੀਰੀਆ ਤੇਜ਼ੀ ਨਾਲ ਪੈਂਦਾ ਹੁੰਦੇ ਹਨ। ਨਤੀਜੇ ਵਜੋਂ ਭਾਂਡੇ ਧੋਦੇ ਸਮੇਂ ਇਹ ਕਿਟਾਣੂ ਭੋਜਨ ਵਿੱਚ ਜਾ ਸਕਦੇ ਹਨ, ਜਿਸ ਨਾਲ ਢਿੱਡ ਦਰਦ ਅਤੇ ਫੂਡ ਪੁਆਇਜਨਿੰਗ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਪਲਾਸਟਿਕ ਦੀਆਂ ਬੋਤਲਾਂ: ਪਾਣੀ ਪੀਣ ਲਈ ਪਲਾਸਟਿਕ ਦੀਆਂ ਬੋਤਲਾਂ ਦਾ ਇਸਤੇਮਾਲ ਤਿੰਨ ਮਹੀਨੇ ਤੋਂ ਜ਼ਿਆਦਾ ਨਾ ਕਰੋ। ਚਾਹੇ ਇਹ ਬੋਤਲ ਦੇਖਣ ਵਿੱਚ ਸਹੀ ਲੱਗੇ ਪਰ ਇਨ੍ਹਾਂ ਦੇ ਲਗਾਤਾਰ ਇਸਤੇਮਾਲ ਨਾਲ ਖਤਰਾ ਹੋ ਸਕਦਾ ਹੈ। ਵਾਰ-ਵਾਰ ਇਸਤੇਮਾਲ ਨਾਲ ਇਨ੍ਹਾਂ ਵਿੱਚ ਦਰਾਰ ਆ ਸਕਦੀ ਹੈ, ਜਿਸ ਨਾਲ ਬੈਕਟੀਰੀਆਂ ਅੰਦਰ ਜਾ ਸਕਦੇ। ਪਾਣੀ ਵਿੱਚ ਮਾਈਕ੍ਰੋਪਲਾਸਟਿਕ ਅਤੇ ਕੈਮੀਕਲ ਘੁਲਣ ਨਾਲ ਹਾਰਮੋਨਲ ਸੰਤੁਲਨ ਵਿਗੜ ਸਕਦਾ ਹੈ। ਮਾਹਰ ਇਹ ਵੀ ਦੱਸਦੇ ਹਨ ਕਿ ਇਸ ਨਾਲ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਕੁਝ ਲੋਕ ਪਲਾਸਟਿਕ ਦੇ ਕੰਟੈਨਰ ਵਿੱਚ ਗਰਮ ਖਾਣਾ ਰੱਖਦੇ ਹਨ, ਜਿਸ ਨਾਲ ਹਾਨੀਕਾਰਕ ਕੈਮੀਕਲ ਖਾਣੇ ਵਿੱਚ ਮਿਲ ਸਕਦੇ ਹਨ। ਇਹ ਵੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ।

ਮਾਹਰਾਂ ਦਾ ਕੀ ਕਹਿਣਾ ਹੈ?

ਜਿਵੇਂ ਅਸੀਂ ਘਰ ਦਾ ਸਮਾਨ ਖਰੀਦਦੇ ਸਮੇਂ ਸਾਵਧਾਨੀ ਵਰਤਦੇ ਹਾਂ, ਉਸੇ ਤਰ੍ਹਾਂ ਹੀ ਇਸਤੇਮਾਲ ਦੀ ਵੈਧਤਾ ਅਤੇ ਉਨ੍ਹਾਂ ਨੂੰ ਹਟਾਉਣ ਦੇ ਸਮੇਂ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਗੰਦਗੀ ਹਮੇਸ਼ਾ ਖੁੱਲੀ ਅੱਖਾਂ ਨਾਲ ਦਿਖਾਈ ਨਹੀਂ ਦਿੰਦੀ। ਘਰ ਵਿੱਚ ਹੋਣ ਵਾਲੀਆਂ ਅੱਧੀਆਂ ਬਿਮਾਰੀਆਂ ਪੁਰਾਣੀ ਅਤੇ ਮਿਆਦ ਪੁੱਗ ਚੁੱਕੀਆਂ ਚੀਜ਼ਾਂ ਦੇ ਇਸਤੇਮਾਲ ਨਾਲ ਹੁੰਦੀਆਂ ਹਨ। ਇਸ ਲਈ ਚਾਹੇ ਕੋਈ ਚੀਜ਼ ਠੀਕ ਦਿਖੇ, ਜੇਕਰ ਉਸਦੀ ਮਿਆਦ ਡੇਟ ਨਿਕਲ ਗਈ ਹੈ, ਤਾਂ ਉਸਨੂੰ ਤਰੁੰਤ ਬਦਲ ਦੇਣਾ ਚਾਹੀਦਾ ਹੈ।-ਡਾ. ਵਿਜੇਭਾਸਕਰ ਪੋਲਾਵਰਾਪੂ