Sunday, September 21Malwa News
Shadow

ਕਿਸਾਨ ਇਨ ਸੀਟੂ ਤਕਨੀਕ ਨਾਲ ਕਰਨ ਪਰਾਲੀ ਦਾ ਪ੍ਰਬੰਧਨ : ਮੁੱਖ ਖੇਤੀਬਾੜੀ ਅਫਸਰ

  ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਨਵਜੋਤ ਕੌਰ ਦੀਆਂ ਹਦਾਇਤਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਦੇ ਦਿਸ਼ਾ—ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਮਾਨਸਾ ਵੱਲੋਂ ਜਿ਼ਲ੍ਹੇ ਦੇ ਵੱਖ—ਵੱਖ ਪਿੰਡਾਂ ਵਿੱਚ ਵੱਡੇ ਪੱਧਰ ਤੇ ਆਈ.ਈ.ਸੀ. ਗਤੀਵਿਧੀਆਂ ਅਧੀਨ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ ਸੀਟੂ ਤਕਨੀਕ ਨਾਲ ਪਰਾਲੀ ਦਾ ਪ੍ਰਬੰਧਨ ਕਰਨ। ਉਨ੍ਹਾਂ ਦੱਸਿਆ ਕਿ ਇਹਨਾਂ ਕੈਂਪਾਂ ਦਾ ਮੰਤਵ ਕਿਸਾਨਾਂ ਨੂ਼ੰ ਫਸਲਾਂ ਦੀ ਰਹਿੰਦ—ਖੂੰਹਦ ਨੂੰ ਅੱਗ ਲਗਾਉਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਹੈ।
            ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਅੱਜ ਪਿੰਡ ਬੀਰੇਵਾਲਾ ਜੱਟਾ, ਭੀਖੀ, ਕਾਸਿਮਪੁਰ ਛੀਨਾ ਆਦਿ ਪਿੰਡਾਂ ਵਿੱਚ ਕਿਸਾਨ ਸਿਖਲਾਈ ਅਤੇ ਜਾਗਰੂਕਤਾ ਕੈਂਪ ਲਗਾਏ ਗਏ। ਇਹਨਾਂ ਕੈਂਪ ਵਿੱਚ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਇਨ ਸਿਟੂ ਤਨਕੀਕ ਨਾਲ ਪਰਾਲੀ ਦਾ ਪ੍ਰਬੰਧ ਕਰਨ ਬਾਰੇ ਦੱਸਿਆ ਗਿਆ।
            ਉਨ੍ਹਾਂ ਕਿਸਾਨਾਂ, ਗਰੁੱਪਾਂ, ਸੁਸਾਇਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਪੱਧਰ ਤੇ ਮਸ਼ੀਨਾਂ ਦੀ ਉਪਲੱਬਧਾ ਬਾਰੇ ਵੇਰਵਾ ਤਿਆਰ ਕਰਕੇ ਰੱਖਣ ਅਤੇ ਆਪਸੀ ਤਾਲਮੇਲ ਬਣਾ ਕੇ ਚੱਲਣ, ਤਾਂ ਜੋ ਪਿੰਡ ਦਾ ਛੋਟਾ ਕਿਸਾਨ ਮਸ਼ੀਨ ਤੋਂ ਵਾਝਾਂ ਨਾ ਰਹਿ ਸਕੇ ਅਤੇ ਉਸ ਨੂੰ ਅਸਾਨੀ ਨਾਲ ਪਰਾਲੀ ਪ੍ਰਬੰਧਨ ਲਈ ਮਸ਼ੀਨ ਉਪਲੱਬਧ ਹੋ ਸਕੇ। ਉਹਨਾਂ ਕਿਸਾਨ ਨੂੰ ਕਿਹਾ ਕਿ ਉਹ ਝੋਨੇ ਦੇ ਨਾੜ ਨੂੰ ਅੱਗ ਲਗਾਏ ਬਿਨਾਂ ਸੁਪਰ ਸੀਡਰ ਨਾਲ ਹੀ ਕਣਕ ਦੀ ਬਿਜਾਈ ਕਰਨ ਤਾਂ ਜੋ ਮਿੱਟੀ ਦੇ ਤੱਤ ਨਸ਼ਟ ਨਾ ਹੋ ਸਕਣ ਅਤੇ ਮਿੱਟੀ ਦੀ ਗੁਣਵੱਤਾ ਬਣੀ ਰਹੇ।
           ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ ਅਤੇ ਝੋਨੇ ਦੀ ਨਮੀ ਦੀ ਮਾਤਰਾ 17 ਫੀਸਦੀ ਹੀ ਰੱਖਣ, ਤਾਂ ਜੋ ਫਸਲ ਵੇਚਣ ਵਿੱਚ ਕਿਸੇ ਵੀ ਤਰ੍ਹਾਂ ਦੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਸਾਨਾਂ ਨੂੰ ਕਣਕ ਦੀ ਅਗੇਤੀ ਬਿਜਾਂਦ ਗਰਮੀ ਵਿੱਚ ਨਾ ਕਰਨ ਲਈ ਕਿਹਾ।ਇਹਨਾਂ ਜਾਗਰੂਕਤਾ ਕੈਂਪਾਂ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ ਕਰਮਚਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਕਿਸਾਨ ਹਾਜਰ ਸਨ।