Thursday, November 6Malwa News
Shadow

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਕੂਲੀ ਬੱਚਿਆਂ ਦੀ ਭਾਗੀਦਾਰੀ ਵਧਾਈ ਜਾਵੇ-ਡਿਪਟੀ ਕਮਿਸ਼ਨਰ

ਫਰੀਦਕੋਟ 3 ਅਪ੍ਰੈਲ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ, ਸੂਬੇ ਵਿੱਚੋਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਿਲ੍ਹੇ ਵਿੱਚ ਵੱਖ ਵੱਖ ਵਿਭਾਗਾਂ ਵੱਲੋਂ ਕੀਤੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਸਮੂਹ ਵਿਭਾਗਾਂ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਤੱਕ ਕੀਤੀਆਂ ਗਤੀਵਿਧੀਆਂ ਦੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਅਤੇ ਸਮੂਹ ਵਿਭਾਗਾਂ ਨੂੰ ਗਤੀਵਿਧੀਆਂ ਹੋਰ ਤੇਜ਼ ਕਰਨ ਦੀ ਹਦਾਇਤ ਕੀਤੀ ਤਾਂ ਜੋ ਲੋਕਾਂ ਨੂੰ ਹੇਠਲੇ ਪੱਧਰ ਤੇ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਕੂਲੀ ਬੱਚਿਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਦਸਵੀਂ ਅਤੇ ਬਾਰਵੀਂ ਜਮਾਤ ਦੇ ਬੱਚਿਆ ਨੂੰ ਮੋਨੀਟਰ ਬਣਾ ਕੇ ਅਤੇ ਅਧਿਆਪਕਾਂ ਨੂੰ ਨੋਡਲ ਅਫਸਰ ਬਣਾ ਕੇ ਬੱਚਿਆ ਨੂੰ ਇਸ ਮੁਹਿੰਮ ਵਿੱਚ ਭਾਗੀਦਾਰ ਬਣਾਇਆ ਜਾਵੇ ਤਾਂ ਜੋ ਬੱਚੇ ਖੁਦ ਦੇ ਨਾਲ ਨਾਲ ਹੋਰਾਂ ਨੂੰ ਵੀ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਸਹਾਈ ਹੋਣ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਨਸ਼ਿਆਂ ਦੇ ਦੁਰਪ੍ਰਭਾਵਾਂ ਸਬੰਧੀ ਪੇਟਿੰਗ ਮੁਕਾਬਲੇ ਕਰਵਾਏ ਜਾਣ ਅਤੇ ਸਕੂਲਾਂ ਦੀ ਕੰਧਾਂ ਅਤੇ ਹੋਰ ਖਾਲੀ ਥਾਵਾਂ ਤੇ ਇਸ ਮੁਹਿੰਮ ਤਹਿਤ ਪੋਸਟਰ ਵੀ ਲਗਾਏ ਜਾਣ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਪੱਧਰ ਤੇ ਕੈਂਪ ਆਯੋਜਿਤ ਕੀਤੇ ਜਾਣ ਅਤੇ ਇਸ ਤੋਂ ਇਲਾਵਾ ਨੁੱਕੜ ਨਾਟਕ ਖੇਡ ਕੇ ਵੀ ਲੋਕਾਂ ਨੂੰ ਨਸ਼ੇ ਨਾ ਕਰਨ ਪ੍ਰਤੀ ਜਾਗਰੂਕ ਕੀਤਾ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੁਹਿੰਮ ਦੇ ਹੋਰ ਵਧੀਆ ਸਾਰਥਿਕ ਸਿੱਟੇ ਲੈਣ ਲਈ ਵਿਭਾਗਾਂ ਤੋਂ ਸੁਝਾਅ ਵੀ ਮੰਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਚਲਾਈ ਨਸ਼ਿਆਂ ਵਿਰੁੱਧ ਇਸ ਮੁਹਿੰਮ ਨੂੰ ਹਰ ਵਰਗ ਦਾ ਸਹਿਯੋਗ ਲੈ ਕੇ ਨਸ਼ਿਆਂ ਦਾ ਜਿਲ੍ਹੇ ਵਿੱਚੋਂ ਸਫਾਇਆ ਕੀਤਾ ਜਾਵੇਗਾ ਅਤੇ ਨਸ਼ੇ ਛੱਡ ਚੁੱਕੇ ਲੋਕਾਂ ਦੇ ਪੁਨਰਵਾਸ ਲਈ ਵੀ ਠੋਸ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਨਰਭਿੰਦਰ ਸਿੰਘ ਗਰੇਵਾਲ, ਐਸ.ਡੀ.ਐਮ. ਕੋਟਕਪੂਰਾ ਸ੍ਰੀ ਵਰਿੰਦਰ ਸਿੰਘ, ਐਸ.ਡੀ.ਐਮ.ਜੈਤੋ ਸ੍ਰੀ ਸੂਰਜ, ਜੀ.ਏ ਮੈਡਮ ਤੁਸ਼ਿਤਾ ਗੁਲਾਟੀ, ਜਿਲ੍ਹਾ ਖੇਡ ਅਫਸਰ ਸ. ਬਲਜਿੰਦਰ ਸਿੰਘ, ਡੀ.ਐਸ.ਐਸ.ਓ ਸ੍ਰੀ ਨਵੀਨ ਗੜਵਾਲ, ਜਿਲ੍ਹਾ ਸਿੱਖਿਆ ਅਫਸਰ ਮੈਡਮ ਨੀਲਮ ਰਾਣੀ, ਪ੍ਰੋ. ਨਰਿੰਦਰਜੀਤ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।