
ਚੰਡੀਗੜ੍ਹ, 24 ਜੂਨ- ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਲਗਾਤਾਰ ਤਗ਼ਮੇ ਜਿੱਤ ਕੇ ਪੂਰੀ ਦੁਨੀਆ ਵਿੱਚ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸਕੂਲੀ ਵਿਦਿਆਰਥੀਆਂ ਵਿੱਚ ਵੀ ਵਿਲੱਖਣ ਖੇਡ ਪ੍ਰਤਿਭਾ ਲੁਕੀ ਹੋਈ ਹੈ, ਜਿਸ ਨੂੰ ਜ਼ਮੀਨੀ ਪੱਧਰ ‘ਤੇ ਹੋਰ ਤਰਾਸ਼ਣ ਦੀ ਲੋੜ ਹੈ ਤਾਂ ਜੋ ਭਵਿੱਖ ਵਿੱਚ ਤਗ਼ਮਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਕੀਤਾ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਲ 2036 ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣੇ ਤੋਂ ਰਣਨੀਤੀ ਤਿਆਰ ਕੀਤੀ ਜਾਵੇ। ‘ਮਿਸ਼ਨ 2036 ਓਲੰਪਿਕ’ ਵਿੱਚ ਦੇਸ਼ ਦੇ ਖਿਡਾਰੀ ਵੱਧ ਤੋਂ ਵੱਧ ਤਗ਼ਮੇ ਜਿੱਤ ਸਕਣ, ਇਸ ਲਈ ਸਕੂਲਾਂ ਵਿੱਚ ਖੇਡ ਗਤੀਵਿਧੀਆਂ ਨੂੰ ਵਿਸ਼ੇਸ਼ ਤੌਰ ‘ਤੇ ਪ੍ਰੋਤਸਾਹਿਤ ਕੀਤਾ ਜਾਵੇਗਾ।
ਸਿੱਖਿਆ ਮੰਤਰੀ ਅੱਜ ਹਰਿਆਣਾ ਸਿਵਲ ਸਕੱਤਰੇਤ ਵਿਖੇ ਸਿੱਖਿਆ ਵਿਭਾਗ ਅਤੇ ਖੇਡ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਸੰਯੁਕਤ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਮੰਤਰੀ ਨੇ ਕਿਹਾ ਕਿ ਸੂਬੇ ਦੇ ਉੱਭਰਦੇ ਹੋਏ ਖਿਡਾਰੀਆਂ ਨੂੰ ਖੇਡਾਂ ਦਾ ਆਧੁਨਿਕ ਸਮਾਨ, ਬੁਨਿਆਦੀ ਸਹੂਲਤਾਂ ਅਤੇ ਲੋੜੀਂਦੇ ਸਾਧਨ ਮੁਹੱਈਆ ਕਰਵਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੂਬਾ ਸਰਕਾਰ ਦਾ ਉਦੇਸ਼ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਕੁਸ਼ਲ ਬਣਾਉਣਾ ਹੈ।
ਸਮੇਂ ਸਿਰ ਤਿਆਰ ਹੋਵੇ ਖੇਡ ਕੈਲੰਡਰ ਅਤੇ ਲੱਗੇ 10 ਦਿਨਾਂ ਦਾ ਕੈਂਪ
ਖਿਡਾਰੀਆਂ ਦੀ ਤਿਆਰੀ ਨੂੰ ਹੋਰ ਮਜ਼ਬੂਤ ਕਰਨ ਲਈ ਸਿੱਖਿਆ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹਰ ਸਾਲ ਸਕੂਲਾਂ ਦਾ ਖੇਡ ਕੈਲੰਡਰ ਸਮੇਂ ਸਿਰ ਤਿਆਰ ਕੀਤਾ ਜਾਵੇ। ਸਾਰੇ ਸਕੂਲੀ ਖੇਡ ਮੁਕਾਬਲਿਆਂ ਦਾ ਆਯੋਜਨ ਇਸ ਤੈਅ ਕੈਲੰਡਰ ਅਨੁਸਾਰ ਹੀ ਯਕੀਨੀ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਮੁਕਾਬਲਿਆਂ ਤੋਂ ਪਹਿਲਾਂ ਖਿਡਾਰੀਆਂ ਦੇ ਸਕਿਲ ਨੂੰ ਨਿਖਾਰਨ ਲਈ ਘੱਟੋ-ਘੱਟ 10 ਦਿਨਾਂ ਦੇ ਵਿਸ਼ੇਸ਼ ਸਿਖਲਾਈ ਕੈਂਪ ਲਾਜ਼ਮੀ ਤੌਰ ‘ਤੇ ਲਗਵਾਏ ਜਾਣ, ਤਾਂ ਜੋ ਖਿਡਾਰੀ ਮਾਨਸਿਕ ਅਤੇ ਸਰੀਰਕ ਤੌਰ ‘ਤੇ ਆਪਣੀਆਂ ਖੇਡ ਮੁਕਾਬਲਿਆਂ ਲਈ ਪੂਰੀ ਤਰ੍ਹਾਂ ਤਿਆਰ ਹੋ ਸਕਣ।
ਬਜਟ ਦੀ ਸਹੀ ਵਰਤੋਂ ਅਤੇ ਖੁਰਾਕ ਭੱਤੇ ਦਾ ਸਮੇਂ ਸਿਰ ਭੁਗਤਾਨ
ਸਿੱਖਿਆ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖੇਡਾਂ ਦੇ ਵਿਕਾਸ ਲਈ ਅਲਾਟ ਕੀਤੇ ਗਏ ਬਜਟ ਨੂੰ ਸਮੇਂ ਸਿਰ ਅਤੇ ਸਹੀ ਜਗ੍ਹਾ ਖਰਚ ਕੀਤਾ ਜਾਵੇ, ਤਾਂ ਜੋ ਜ਼ਮੀਨੀ ਪੱਧਰ ‘ਤੇ ਖਿਡਾਰੀਆਂ ਨੂੰ ਇਸ ਦਾ ਸਿੱਧਾ ਲਾਭ ਅਤੇ ਬਿਹਤਰ ਸਹੂਲਤਾਂ ਮਿਲ ਸਕਣ। ਨੌਜਵਾਨ ਐਥਲੀਟਾਂ ਦੀ ਸਿਹਤ ਅਤੇ ਪੋਸ਼ਣ ਨਾਲ ਕੋਈ ਸਮਝੌਤਾ ਨਾ ਹੋਵੇ, ਇਸ ਲਈ ਖਿਡਾਰੀਆਂ ਨੂੰ ਮਿਲਣ ਵਾਲਾ ਡਾਇਟ ਮਨੀ (ਖੁਰਾਕ ਭੱਤਾ) ਸਮੇਂ ਸਿਰ ਉਨ੍ਹਾਂ ਤੱਕ ਪਹੁੰਚਣਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਹਰਿਆਣਾ ਸਕੂਲ ਸਿੱਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਵਿਜੇ ਸਿੰਘ ਦਹੀਆ, ਖੇਡ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਸ੍ਰੀ ਅਸ਼ਵਨੀ ਮਲਿਕ, ਸਕੂਲ ਸਿੱਖਿਆ ਦੀ ਡਿਪਟੀ ਸੈਕਰੇਟਰੀ ਡਾ. ਚਿਨਾਰ, ਮੁੱਢਲੀ ਸਿੱਖਿਆ ਵਿਭਾਗ ਦੇ ਵਧੀਕ ਨਿਦੇਸ਼ਕ ਸ੍ਰੀ ਜਤਿੰਦਰ ਜੋਸ਼ੀ ਅਤੇ ਹੋਰ ਅਧਿਕਾਰੀ ਮੌਜੂਦ ਸਨ।