
ਹੁਸ਼ਿਆਰਪੁਰ, 13 ਸਤੰਬਰ : – ਡਾਇਰੈਕਟਰ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਅਤੇ ਸੀ.ਡੀ.ਪੀ.ਓ ਹੁਸ਼ਿਆਰਪੁਰ-1 ਰਵਿੰਦਰ ਕੌਰ ਦੀ ਅਗਵਾਈ ਹੇਠ ਅੱਜ ਸ਼੍ਰੀ ਰਵਿਦਾਸ ਨਗਰ ਸਥਿਤ ਆਂਗਨਵਾੜੀ ਕੇਂਦਰ ਵਿਖੇ ਈ.ਸੀ.ਸੀ.ਈ ਦਿਵਸ ਮਨਾਇਆ ਗਿਆ।
ਇਸ ਪ੍ਰੋਗਰਾਮ ਵਿਚ ਮਿਸ਼ਨ ਆਰੰਭ ਦੇ ਪ੍ਰੋਗਰਾਮ ਮੈਨੇਜਰ ਸੁਖਚੈਨ ਸਿੰਘ, ਸੁਪਰਵਾਈਜ਼ਰ, ਤਿੰਨ ਤੋਂ ਛੇ ਸਾਲ ਦੀ ਉਮਰ ਦੇ ਬੱਚੇ, ਉਨ੍ਹਾਂ ਦੀਆਂ ਮਾਵਾਂ ਅਤੇ ਇਲਾਕੇ ਦੇ ਪਤਵੰਤੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ। ਇਸ ਮੌਕੇ ਮਾਰਕੀਟ ਕਮੇਟੀ ਹੁਸ਼ਿਆਰਪੁਰ ਦੇ ਚੇਅਰਮੈਨ ਜਸਪਾਲ ਸਿੰਘ ਚੇਚੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਪ੍ਰੋਗਰਾਮ ਦੌਰਾਨ ਬੱਚਿਆਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਈ.ਸੀ.ਸੀ.ਈ ਗਤੀਵਿਧੀਆਂ ਕਰਵਾਈਆਂ ਗਈਆਂ। ਸੁਪਰਵਾਈਜ਼ਰ ਰਜਿੰਦਰ ਕੌਰ ਨੇ ਬੱਚਿਆਂ ਨਾਲ ਕਵਿਤਾਵਾਂ ਗਾਈਆਂ ਅਤੇ ਹੱਥਾਂ ਦੀ ਸਫ਼ਾਈ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਬੱਚਿਆਂ ਅਤੇ ਮਾਵਾਂ ਨੂੰ ਹੱਥ ਧੋਣ ਦਾ ਸਹੀ ਤਰੀਕਾ ਦੱਸਿਆ ਗਿਆ।
ਸੀ.ਡੀ.ਪੀ.ਓ ਰਵਿੰਦਰ ਕੌਰ ਨੇ ਮਾਵਾਂ ਨੂੰ ਅਪੀਲ ਕੀਤੀ ਕਿ ਉਹ ਹੜ੍ਹ ਤੋਂ ਬਾਅਦ ਦੀ ਸਥਿਤੀ ਦੇ ਮੱਦੇਨਜ਼ਰ ਬੱਚਿਆਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਨੇ ਉਨ੍ਹਾਂ ਨੂੰ ਉਬਾਲ ਕੇ ਪਾਣੀ ਪੀਣ ਅਤੇ ਡੇਂਗੂ ਤੋਂ ਬਚਾਅ ਲਈ ਉਪਾਅ ਅਪਣਾਉਣ ਦੀ ਸਲਾਹ ਦਿੱਤੀ।
ਇਸ ਮੌਕੇ ਜਸਪਾਲ ਸਿੰਘ ਚੇਚੀ ਨੇ ਬੱਚਿਆਂ ਨੂੰ ਕਾਪੀਆਂ, ਪੈਨਸਿਲਾਂ ਅਤੇ ਚਾਕਲੇਟ ਵੰਡੇ ਅਤੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਆਂਗਣਵਾੜੀ ਕੇਂਦਰ ਵਿਚ ਬੱਚਿਆਂ ਨੂੰ ਪਕਾਇਆ ਹੋਇਆ ਪੌਸ਼ਟਿਕ ਭੋਜਨ ਵੀ ਮੁਹੱਈਆ ਕਰਵਾਇਆ ਗਿਆ।
ਪ੍ਰੋਗਰਾਮ ਦੇ ਅਖੀਰ ਵਿਚ ਸਰਕਲ ਸੁਪਰਵਾਈਜ਼ਰ ਗੀਤਾ ਰਾਣੀ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਆਂਗਨਵਾੜੀ ਵਰਕਰ ਪ੍ਰੀਤੀ, ਆਂਗਨਵਾੜੀ ਸਹਾਇਕ, ਸੁਪਰਵਾਈਜ਼ਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।