ਅੱਜ ਕੱਲ ਬਹੁਤ ਸਾਰੇ ਲੋਕ ਮੋਟਾਪੇ ਵਰਗੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਅਤੇ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲੋਕ ਹਮੇਸ਼ਾ ਮੰਨਦੇ ਹਨ ਕਿ ਭਾਰ ਘੱਟ ਕਰਨ ਲਈ ਘੱਟ ਖਾਣਾ ਚਾਹੀਦਾ ਹੈ। ਹਾਲਾਂਕਿ, ਤੁਸੀਂ ਪੋਸ਼ਣ ਨਾਲ ਭਰਪੂਰ ਖੁਰਾਕ ਖਾ ਕੇ ਆਪਣਾ ਭਾਰ ਮੈਨੇਜ ਕਰ ਸਕਦੇ ਹੋ। ਡਰਾਈ ਫਰੂਟਸ ਇਸਦਾ ਇੱਕ ਉਦਾਹਰਣ ਹੈ। ਡਰਾਈ ਫਰੂਟਸ ਸਰੀਰ ਨੂੰ ਜ਼ਰੂਰੀ ਪੋਸ਼ਣ ਦੇ ਕੇ ਭਾਰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਉਦੇ ਹਨ।
ਡਰਾਈ ਫਰੂਟਸ ਵਿੱਚ ਫਾਈਬਰ, ਸਿਹਤਮੰਦ ਫੈਟ, ਪ੍ਰੋਟੀਨ, ਵਿਟਾਮਿਨ ਅਤੇ ਮਿਨਰਲ ਭਰਪੂਰ ਹੁੰਦੇ ਹਨ, ਜਿਸਦੀ ਸਰੀਰ ਨੂੰ ਲੋੜ ਹੁੰਦੀ ਹੈ। ਇਹ ਤੁਹਾਨੂੰ ਜ਼ਿਆਦਾ ਸਮੇਂ ਤੱਕ ਢਿੱਡ ਭਰਿਆ ਮਹਿਸੂਸ ਕਰਵਾਉਦੇ ਹਨ ਅਤੇ ਸਨੈਕ ਖਾਣ ਦੀ ਇੱਛਾ ਨੂੰ ਰੋਕਦੇ ਹਨ। ਡਰਾਈ ਫਰੂਟਸ ਵਿੱਚ ਮੌਜ਼ੂਦ ਫਾਈਬਰ ਪਾਚਨ ਸਬੰਧੀ ਸਮੱਸਿਆਵਾਂ ਨੂੰ ਰੋਕਣ ਵਿੱਚ ਮਦਦ ਕਰਦੇ ਹਨ ਜਦਕਿ ਪ੍ਰੋਟੀਨ ਅਤੇ ਫਾਈਬਰ ਦਾ ਸੁਮੇਲ ਭੁੱਖ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਨ੍ਹਾਂ ਨੂੰ ਖੁਰਾਕ ਵਿੱਚ ਸ਼ਾਮਲ ਕਰਨਾ ਵੀ ਅਸਾਨ ਹੈ।
ਡਰਾਈ ਫਰੂਟਸ ਦਾ ਭਾਰ ਘਟਾਉਣ ਲਈ ਸਹੀ ਇਸਤੇਮਾਲ
ਚੀਆ ਬੀਜ: ਹਾਰਵਰਡ ਦੀ ਖੋਜ ਅਨੁਸਾਰ, ਚੀਆ ਬੀਜ ਪਾਣੀ ਸੋਖ ਕੇ ਜੈੱਲ ਵਿੱਚ ਬਦਲ ਜਾਂਦੇ ਹਨ। ਸਿਰਫ਼ ਦੋ ਵੱਡੇ ਚਮਚ ਚੀਆ ਬੀਜ ਵਿੱਚ ਲਗਭਗ 10 ਗ੍ਰਾਮ ਫਾਈਬਰ ਦੇ ਨਾਲ-ਨਾਲ ਪ੍ਰੋਟੀਨ, ਓਮੇਗਾ-3 ਫੈਟੀ ਐਸਿਡ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵੀ ਹੁੰਦਾ ਹੈ। ਇਹ ਭਾਰ ਘਟਾਉਣ ਵਿੱਚ ਮਦਦਗਾਰ ਹੈ।
ਚੀਆ ਬੀਜ ਨੂੰ ਕਿਵੇਂ ਖਾਣਾ?: 2 ਵੱਡੇ ਚਮਚ ਚੀਆ ਬੀਜ, 1 ਕੱਪ ਬਦਾਮ ਜਾਂ ਸੋਇਆ ਦੁੱਧ, ਬੈਰੀ ਅਤੇ ਇੱਕ ਚੁਟਕੀ ਦਾਲਚੀਨੀ ਪਾਊਡਰ ਲਓ। ਚੀਆ ਬੀਜ ਨੂੰ ਦੁੱਧ ਵਿੱਚ ਮਿਲਾਓ ਅਤੇ ਰਾਤ ਭਰ ਲਈ ਫਰਿੱਜ਼ ਵਿੱਚ ਰੱਖ ਦਿਓ। ਸਵੇਰੇ ਇਸ ਵਿੱਚ ਬੇਰੀ ਅਤੇ ਦਾਲਚੀਨੀ ਪਾਊਡਰ ਮਿਲਾਓ। ਇਸਨੂੰ ਤੁਸੀਂ ਨਾਸ਼ਤੇ ਵਿੱਚ ਖਾ ਸਕਦੇ ਹੋ।
ਅਲਸੀ ਦੇ ਬੀਦ: ਨੈਸ਼ਨਲ ਲਾਈਬ੍ਰੇਰੀ ਆਫ ਮੈਡੀਸਨ ਵਿੱਚ ਛਪੀ ਇੱਕ ਸਟੱਡੀ ਅਨੁਸਾਰ, ਅਲਸੀ ਦੇ ਬੀਜਾਂ ਵਿੱਚ ਘੁਲਣਸ਼ੀਲ ਫਾਈਬਰ ਹੁੰਦਾ ਹੈ। ਇਹ ਅੰਤੜੀਆਂ ਵਿੱਚ ਜੈੱਲ ਵਰਗੀ ਪਰਤ ਬਣਾਉਦਾ ਹੈ ਅਤੇ ਪਾਚਨ ਨੂੰ ਹੌਲੀ ਕਰਦਾ ਹੈ, ਜਿਸ ਨਾਲ ਤੁਹਾਡਾ ਢਿੱਡ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਹੁੰਦਾ ਹੈ। ਜਦੋ ਅਲਸੀ ਦੇ ਬੀਜਾਂ ਨੂੰ ਪੀਸ ਦੇ ਖਾਇਆ ਜਾਂਦਾ ਹੈ, ਤਾਂ ਸਰੀਰ ਪੋਸ਼ਟਿਕ ਤੱਤਾਂ ਨੂੰ ਜ਼ਿਆਦਾ ਅਸਾਨੀ ਨਾਲ ਸੋਖ ਲੈਂਦਾ ਹੈ।
ਅਲਸੀ ਦੇ ਬੀਜ ਕਿਵੇਂ ਖਾਣੇ?: 1 ਕੱਪ ਦਹੀ ਵਿੱਚ 1 ਵੱਡਾ ਚਮਚ ਅਲਸੀ ਦੇ ਬੀਜ ਦਾ ਪਾਊਡਰ, ਕੇਲੇ ਦੇ ਟੁੱਕੜੇ ਅਤੇ ਕੁਝ ਸੁੱਕੇ ਡਰਾਈ ਫਰੂਟਸ ਮਿਲਾ ਕੇ ਇੱਕ ਸਿਹਤਮੰਦ ਨਾਸ਼ਤਾ ਤਿਆਰ ਕਰਕੇ ਖਾਓ।
ਸੂਰਜਮੁਖੀ ਦੇ ਬੀਜ: ScienceDirect ਵਿੱਚ ਛਪੀ ਇੱਕ ਸਟੱਡੀ ਅਨੁਸਾਰ, ਸੂਰਜਮੁਖੀ ਦੇ ਬੀਜਾਂ ਵਿੱਚ ਸਿਹਤਮੰਦ ਫੈਟ ਅਤੇ ਪ੍ਰੋਟੀਨ ਹੁੰਦਾ ਹੈ। ਇਹ ਭੁੱਖ ਨੂੰ ਕੰਟਰੋਲ ਕਰਨ ਅਤੇ ਤੁਹਾਨੂੰ ਜੰਕ ਫੂਡ ਖਾਣ ਤੋਂ ਰੋਕਣ ਵਿੱਚ ਮਦਦ ਕਰ ਸਕਦਾ ਹੈ। ਇਨ੍ਹਾਂ ਵਿੱਚ ਵਿਟਾਮਿਨ-ਈ, ਸਿਹਤਮੰਦ ਅਨਸੈਚੁਰੇਟਿਡ ਫੈਟ, ਮੈਗਨੀਸ਼ੀਅਮ ਅਤੇ ਸੇਲੇਨੀਅਮ ਵਰਗੇ ਪੋਸ਼ਟਿਕ ਤੱਤ ਹੁੰਦੇ ਹਨ।
ਸੂਰਜਮੁਖੀ ਦੇ ਬੀਜਾਂ ਦਾ ਇਸਤੇਮਾਲ: 2-2 ਵੱਡੇ ਚਮਚ ਸੂਰਜਮੁਖੀ ਦੇ ਬੀਜ, ਬਦਾਮ, ਅਖਰੋਟ ਅਤੇ ਸੌਗੀ ਜਾਂ ਖਜੂਰ ਲਓ। ਇਨ੍ਹਾਂ ਸਾਰਿਆਂ ਨੂੰ ਇਕੱਠੇ ਮਿਲਾਓ ਅਤੇ ਇਸ ਮਿਸ਼ਰਣ ਨੂੰ ਏਅਰਟਾਈਟ ਡੱਬੇ ਵਿੱਚ ਰੱਕੋ, ਤਾਂਕਿ ਜਦੋ ਵੀ ਭੁੱਖ ਲੱਗੇ, ਤੁਸੀਂ ਮੁੱਠੀ ਭਰ ਬੀਜ ਖਾ ਸਕੋ।
ਸਬਜ਼ਾ ਬੀਜ: ਨੈਸ਼ਨਲ ਲਾਈਬ੍ਰੇਰੀ ਆਫ ਮੈਡੀਸਨ ਦੀ ਇੱਕ ਰਿਪੋਰਟ ਅਨੁਸਾਰ, ਸਬਜ਼ਾ ਦੇ ਬੀਜ ਨੂੰ ਪਾਣੀ ਵਿੱਚ ਭਿਓ ਦਿਓ। ਉਸ ਤੋਂ ਬਾਅਦ ਇਹ ਫੁੱਲ ਕੇ ਜੈੱਲ ਵਰਗੇ ਹੋ ਜਾਣਗੇ। ਇਹ ਨਾ ਸਿਰਫ਼ ਸਰੀਰ ਨੂੰ ਠੰਢਕ ਦਿੰਦੇ ਹਨ ਸਗੋਂ ਇਨ੍ਹਾਂ ਵਿੱਚ ਕੈਲੋਰੀ ਵੀ ਘੱਟ ਹੁੰਦੀ ਹੈ ਅਤੇ ਢਿੱਡ ਨੂੰ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਕਰਵਾਉਣ ਵਿੱਚ ਮਦਦ ਕਰਦੇ ਹਨ। ਇਨ੍ਹਾਂ ਵਿੱਚ ਖੁਰਾਕੀ ਫਾਈਬਰ, ਪ੍ਰੋਟੀਨ, ਆਈਰਨ, ਕੈਲਸ਼ੀਅਮ ਅਤੇ ਐਂਟੀਆਕਸੀਡੈਂਟ ਵਰਗੇ ਪੋਸ਼ਟਿਕ ਤੱਤ ਹੁੰਦੇ ਹਨ।
ਸਬਜ਼ਾ ਬੀਜਾਂ ਦਾ ਇਸਤੇਮਾਲ: 1 ਚਮਚ ਸਬਜ਼ਾ ਜਾਂ ਤੁਲਸੀ ਦੇ ਬੀਜ, 1 ਗਲਾਸ ਪਾਣੀ, ਅੱਧੇ ਨਿੰਬੂ ਦਾ ਰਸ ਅਤੇ ਬਰਫ ਦੇ ਟੁੱਕੜੇ ਲਓ। ਸਬਜ਼ਾ ਦੇ ਬੀਜਾਂ ਨੂੰ 15-20 ਮਿੰਟ ਲਈ ਪਾਣੀ ਵਿੱਚ ਭਿਓ ਦਿਓ। ਜਦੋ ਇਹ ਫੁੱਲ ਜਾਣ, ਤਾਂ ਨਿੰਬੂ ਦਾ ਰਸ ਪਾਓ ਅਤੇ ਫਿਰ ਪੀ ਲਓ।
ਧਿਆਨ ਦੇਣ ਵਾਲੀ ਗੱਲ
ਧਿਆਨ ਰੱਖੋ ਕਿ ਡਰਾਈ ਫਰੂਟਸ ਅਤੇ ਬੀਜ ਸਿਹਤ ਲਈ ਫਾਇਦੇਮੰਦ ਤਾਂ ਹੁੰਦੇ ਹਨ ਪਰ ਇਨ੍ਹਾਂ ਵਿੱਚ ਕੈਲੋਰੀ ਜ਼ਿਆਦਾ ਹੁੰਦੀ ਹੈ। ਇਸ ਲਈ ਦਿਨ ਵਿੱਚ 1-2 ਚਮਚ ਤੋਂ ਜ਼ਿਆਦਾ ਨਾ ਖਾਓ। ਹਾਈ-ਫਾਈਬਰ ਵਾਲੀਆਂ ਚੀਜ਼ਾਂ ਖਾਣ ਤੋਂ ਬਾਅਦ ਭਰਪੂਰ ਮਾਤਰਾ ਵਿੱਚ ਪਾਣੀ ਪੀਣਾ ਜ਼ਰੂਰੀ ਹੈ, ਨਹੀਂ ਤਾਂ ਕਬਜ਼ ਅਤੇ ਬਲੋਟਿੰਗ ਵਰਗੀ ਸਮੱਸਿਆ ਹੋ ਸਕਦੀ ਹੈ। ਡਰਾਈ ਫਰੂਟਸ ਅਤੇ ਬੀਜ ਭਾਰ ਘਟਾਉਣ ਵਿੱਚ ਮਦਦ ਕਰ ਸਕਦੇ ਹਨ ਪਰ ਉਹ ਇਕੱਲੇ ਹੱਲ ਨਹੀਂ ਹਨ। ਸੰਤੁਲਿਤ ਖੁਰਾਕ, ਰੋਜ਼ਾਨਾ ਕਸਰਤ ਅਤੇ ਪੂਰੀ ਨੀਂਦ ਵੀ ਜ਼ਰੂਰੀ ਹੈ। ਅਲਸੀ ਦੇ ਬੀਜਾਂ ਨੂੰ ਹਮੇਸ਼ਾ ਭੁੰਨ ਕੇ ਅਤੇ ਪੀਸ ਕੇ ਖਾਣਾ ਚਾਹੀਦਾ।