
ਲੁਧਿਆਣਾ, 8 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ. ਗੁਰਪ੍ਰੀਤ ਕੌਰ ਮਾਨ ਅੱਜ ਲੁਧਿਆਣਾ ਪਹੁੰਚੇ। ਡਾ. ਗੁਰਪ੍ਰੀਤ ਕੌਰ ਨੇ ਲੁਧਿਆਣਾ ਦੇ ਨਵੇਂ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਦੇ ਸ਼ਾਹਪੁਰ ਰੋਡ ਸਥਿਤ ਨਿਵਾਸ ‘ਤੇ ਪਹੁੰਚ ਕੇ ਮੁਲਾਕਾਤ ਕੀਤੀ। ਰਾਕੇਸ਼ ਪਰਾਸ਼ਰ ਦੇ ਨਾਲ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੀ ਮੌਜੂਦ ਸਨ। ਜਿਨ੍ਹਾਂ ਨੇ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਡਾ. ਗੁਰਪ੍ਰੀਤ ਕੌਰ ਨੇ ਪਰਾਸ਼ਰ ਪਰਿਵਾਰ ਨਾਲ ਤਸਵੀਰਾਂ ਵੀ ਖਿੱਚਵਾਈਆਂ। ਉਨ੍ਹਾਂ ਨੇ ਰਾਕੇਸ਼ ਪਰਾਸ਼ਰ ਨੂੰ ਸੀਨੀਅਰ ਡਿਪਟੀ ਮੇਅਰ ਬਣਨ ‘ਤੇ ਵਧਾਈ ਦਿੱਤੀ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਪ੍ਰੇਰਿਤ ਵੀ ਕੀਤਾ। ਡਾ. ਮਾਨ ਕਰੀਬ ਅੱਧਾ ਘੰਟਾ ਪਰਾਸ਼ਰ ਪਰਿਵਾਰ ਦੇ ਨਾਲ ਰਹੇ। ਡਾ. ਗੁਰਪ੍ਰੀਤ ਕੌਰ ਨੇ ਮੀਡੀਆ ਨਾਲ ਕਿਸੇ ਵੀ ਮਾਮਲੇ ‘ਤੇ ਕੋਈ ਗੱਲਬਾਤ ਨਹੀਂ ਕੀਤੀ। ਡਾ. ਗੁਰਪ੍ਰੀਤ ਪੱਖੋਵਾਲ ਰੋਡ ਸਥਿਤ ਮਾਂ ਬਗਲਾਮੁਖੀ ਧਾਮ ਵਿੱਚ ਨਤਮਸਤਕ ਹੋਏ। ਉੱਥੇ ਉਨ੍ਹਾਂ ਨੇ ਚੱਲ ਰਹੇ ਹਵਨ ਯੱਗ ਵਿੱਚ ਆਹੂਤੀਆਂ ਪਾ ਕੇ ਜਨ ਕਲਿਆਣ ਦੀ ਕਾਮਨਾ ਕੀਤੀ। ਡਾ. ਗੁਰਪ੍ਰੀਤ ਕੌਰ ਮਾਨ ਨੇ ਪੱਖੋਵਾਲ ਰੋਡ ਸਥਿਤ ਮਾਂ ਬਗਲਾਮੁਖੀ ਮੰਦਰ ਵਿੱਚ ਹਵਨ ਯੱਗ ਵਿੱਚ ਆਹੂਤੀ ਪਾਈ। ਉਨ੍ਹਾਂ ਨੇ ਕਿਹਾ ਕਿ ਮਾਂ ਬਗਲਾਮੁਖੀ ਹਰ ਦੁੱਖ ਦਾ ਨਾਸ਼ ਕਰਦੀ ਹੈ। ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।