
ਬਰਨਾਲਾ, 14 ਦਸੰਬਰ- ਅੱਜ ਜ਼ਿਲ੍ਹੇ ਅੰਦਰ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀਆਂ ਲਈ ਪਈਆਂ ਵੋਟਾਂ ਅਮਨ ਕਾਨੂੰਨ ਦੀ ਸਥਿਤੀ ਤੋਂ ਬਰਕਰਾਰ ਰੱਖਦੇ ਹੋਏ ਭਾਈਚਾਰਕ ਸਾਂਝ ਨਾਲ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹੀਆਂ ਗਈਆਂ । ਜ਼ਿਲ੍ਹਾ ਪਰਿਸ਼ਦ ਬਰਨਾਲਾ ਦੇ 10 ਜ਼ੋਨਾਂ ਅਤੇ ਬਲਾਕ ਸੰਮਤੀ ਦੀਆਂ 65 ਜ਼ੋਨਾਂ ਦੀਆਂ ਆਮ ਚੋਣਾਂ ਲਈ ਅੱਜ ਪਈਆਂ ਵੋਟਾਂ ਦੀ ਪੂਰੀ ਪ੍ਰਕ੍ਰਿਆ ਸਫ਼ਲਤਾਪੂਰਵਕ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ। ਇਨ੍ਹਾਂ ਚੋਣਾਂ ਲਈ ਵੋਟਰਾਂ ਉਤਸ਼ਾਹ ਨਾਲ ਸਵੇਰੇ 8 ਵਜੇ ਤੋਂ ਲੈਕੇ ਸ਼ਾਮ 4 ਵਜੇ ਤੱਕ ਜ਼ਿਲ੍ਹੇ ਦੇ ਪਿੰਡਾਂ 369 ਪੋਲਿੰਗ ਬੂਥਾਂ ਵਿੱਚ ਜਾਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਜ਼ਿਲ੍ਹਾ ਚੋਣ ਅਫਸਰ – ਕਮ- ਡਿਪਟੀ ਕਮਿਸ਼ਨਰ ਸ਼੍ਰੀ ਟੀ ਬੈਨਿਥ ਅਤੇ ਐੱਸ ਐੱਸ ਪੀ ਸ਼੍ਰੀ ਸਰਫਾਰਜ਼ ਆਲਮ ਨੇ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ । ਇਸ ਮੌਕੇ ਉਨ੍ਹਾਂ ਸੁਰੱਖਿਆ ਅਤੇ ਚੋਣ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਉਨ੍ਹਾਂ ਨੇ ਜ਼ਿਲ੍ਹੇ ਦੇ ਵੋਟਰਾਂ, ਚੋਣ ਲੜ੍ਹ ਰਹੇ ਉਮੀਦਵਾਰਾਂ ਅਤੇ ਇਸ ਚੋਣ ਅਮਲ ਨੂੰ ਨੇਪਰੇ ਚਾੜ੍ਹਨ ‘ਚ ਲੱਗੇ ਸਮੂਹ ਰਿਟਰਨਿੰਗ ਅਧਿਕਾਰੀਆਂ ਸਮੇਤ ਹੋਰ ਅਮਲੇ ਫੈਲੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੀ ਪਾਰਦਸ਼ਤਾ ਨਾਲ ਨਿਰਪੱਖ ਰਹਿਕੇ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਇਹ ਚੋਣਾਂ ਕਰਵਾਈਆਂ ਹਨ।
ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀ ਟੀ. ਬੈਨਿਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਪਿੰਡ ਰਾਏਸਰ ਪਟਿਆਲਾ, ਮਹਿਲ ਕਲਾਂ ਵਿਖੇ ਪੰਚਾਇਤ ਸੰਮਤੀ ਜ਼ੋਨ ਦੀ ਚੋਣ ਲਈ ਬੂਥ ਨੰਬਰ 20 ਉੱਤੇ ਮਤਦਾਨ ਮੁਲਤਵੀ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪਰਿਸ਼ਦ ਜ਼ੋਨ ਦਾ ਮਤਦਾਨ ਇਸ ਬੂਥ ‘ਤੇ ਸੁਚਾਰੂ ਢੰਗ ਨਾਲ ਸੰਪੰਨ ਹੋਇਆ।
ਸ਼੍ਰੀ ਬੈਨਿਥ ਨੇ ਦੱਸਿਆ ਕਿ ਬੈਲਟ ਪੇਪਰਾਂ ਦੀ ਗਲਤ ਛਪਾਈ ਹੋਣ ਕਾਰਨ ਮਤਦਾਨ ਰੱਦ ਕੀਤਾ ਗਿਆ ਹੈ। ਪੰਚਾਇਤ ਸੰਮਤੀ (ਜ਼ੋਨ 4 ਚੰਨਣਵਾਲ) ਲਈ ਦੁਬਾਰਾ ਮਤਦਾਨ 16 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਉਸੇ ਥਾਂ ‘ਤੇ ਕਰਵਾਇਆ ਜਾਵੇਗਾ ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਮਿਤੀ 17 ਦਸੰਬਰ ਨੂੰ ਕੀਤੀ ਜਾਵੇਗੀ । ਬਰਨਾਲਾ ਅਤੇ ਸਹਿਣਾ ਦਾ ਗਿਣਤੀ ਕੇਂਦਰ ਐੱਸ ਦੀ ਕਾਲਜ ਬਰਨਾਲਾ ਵਿਖੇ ਹੋਵੇਗਾ ਜਦਕਿ ਮਹਿਲ ਕਲਾਂ ਦਾ ਗਿਣਤੀ ਕੇਂਦਰ ਸੰਘੇੜਾ ਕਾਲਜ ਹੋਵੇਗਾ।