
ਹੁਸ਼ਿਆਰਪੁਰ, 27 ਅਕਤੂਬਰ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਨਿਰਦੇਸ਼ਾਂ ‘ਤੇ ਉਨ੍ਹਾਂ ਦੇ ਵਿਸ਼ੇਸ਼ ਕਾਰਜ ਅਫਸਰ (ਸ਼ਹਿਰੀ ਮਾਮਲੇ) ਓਇਸ਼ੀ ਮੰਡਲ ਨੇ ਇਸ ਸਾਲ ਦੀਵਾਲੀ ਦੇ ਤਿਉਹਾਰ ਦੌਰਾਨ ਪ੍ਰਚੂਨ ਵਿਚ ਪਟਾਖੇ ਵੇਚਣ ਲਈ ਡਰਾਅ ਰਾਹੀਂ ਜ਼ਿਲ੍ਹੇ ਵਿੱਚ 57 ਆਰਜ਼ੀ ਲਾਇਸੰਸ ਜਾਰੀ ਕੀਤੇ ਹਨ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿਖੇ ਅੱਜ ਵੀਡੀਓਗ੍ਰਾਫੀ ਰਾਹੀਂ ਪੂਰੀ ਡਰਾਅ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ। ਇਸ ਦੌਰਾਨ ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਗੁਰਪ੍ਰੀਤ ਕੌਰ ਵੀ ਮੌਜੂਦ ਸਨ। ਜਿਕਰਯੋਗ ਹੈ ਕਿ ਪੂਰੇ ਜ਼ਿਲ੍ਹੇ ਤੋਂ 1128 ਅਰਜ਼ੀਆਂ ਸੇਵਾ ਕੇਂਦਰਾਂ ਰਾਹੀਂ ਪ੍ਰਾਪਤ ਹੋਈਆਂ ਸਨ ਅਤੇ ਅੱਜ ਡਰਾਅ ਰਾਹੀਂ 57 ਆਰਜ਼ੀ ਲਾਇਸੰਸ ਜਾਰੀ ਕਰਨ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ।
ਓਇਸ਼ੀ ਮੰਡਲ ਨੇ ਦੱਸਿਆ ਕਿ ਜਿਨ੍ਹਾਂ ਬਿਨੈਕਾਰਾਂ ਦੇ ਡਰਾਅ ਨਿਕਲੇ ਹਨ ਉਨ੍ਹਾਂ ਲਈ ਜ਼ਰੂਰੀ ਹੈ ਕਿ ਉਹ ਜੀ.ਐਸ.ਟੀ ਨਾਲ ਸਬੰਧੀ ਆਮ ਰਜਿਸਟ੍ਰੇਸ਼ਨ ਟੈਕਸ ਵਿਭਾਗ ਵਿਚ ਕਰਵਾਉਣ। ਉਨ੍ਹਾਂ ਕਿਹਾ ਕਿ ਇਹ ਅਸਥਾਈ ਲਾਇਸੰਸ ਸਿਰਫ਼ ਪ੍ਰਸ਼ਾਸਨ ਵੱਲੋਂ ਨਿਰਧਾਰਤ ਥਾਵਾਂ ‘ਤੇ ਪਟਾਖੇ ਵੇਚਣ ਲਈ ਜਾਰੀ ਕੀਤੇ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 22 ਸਤੰਬਰ 2023 ਨੂੰ ਜਾਰੀ ਹਦਾਇਤਾਂ ਦੀ ਪੂਰੀ ਪਾਲਣਾ, ਪਟਾਖੇ ਵੇਚਣ ਵਾਲੀਆਂ ਥਾਵਾਂ ‘ਤੇ ਸਟਾਲਾਂ ਦੀ ਬਣਤਰ ਅਤੇ ਸੁਰੱਖਿਆ ਨਿਯਮਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪਟਾਖਾ ਵੇਚਣ ਵਾਲਾ ਅਸਥਾਈ ਲਾਇਸੰਸ ਤੋਂ ਇਲਾਵਾ ਨਿਰਧਾਰਤ ਥਾਵਾਂ ‘ਤੇ ਪਟਾਖੇ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਾਰੇ ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਨੂੰ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੀ ਸਬ-ਡਵੀਜ਼ਨ ਵਿੱਚ ਪਟਾਖੇ ਸਿਰਫ਼ ਨਿਰਧਾਰਤ ਥਾਵਾਂ ‘ਤੇ ਹੀ ਵੇਚੇ ਜਾਣ।
ਉਨ੍ਹਾਂ ਕਿਹਾ ਕਿ ਐਸ.ਡੀ.ਐਮਜ਼ ਨਿਯਮਤ ਜਾਂਚ ਕਰਨਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿਰਫ਼ ਉਹੀ ਵਿਅਕਤੀ ਜਿਨ੍ਹਾਂ ਨੇ ਆਰਜ਼ੀ ਲਾਇਸੰਸ ਲਿਆ ਹੈ, ਨਿਰਧਾਰਤ ਥਾਵਾਂ ‘ਤੇ ਪਟਾਖੇ ਵੇਚਣ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਬੰਧਤ ਐਸ.ਡੀ.ਐਮ ਅਤੇ ਡੀ.ਐਸ.ਪੀ ਇਸ ਲਈ ਜ਼ਿੰਮੇਵਾਰ ਹੋਣਗੇ।
ਅੱਜ ਹੋਏ ਡਰਾਅ ਵਿੱਚ ਸਬ ਡਵੀਜ਼ਨ ਹੁਸ਼ਿਆਰਪੁਰ ਵਿੱਚ ਦੁਸਹਿਰਾ ਗਰਾਊਂਡ (ਨਵੀਂ ਆਬਾਦੀ) ਲਈ 18, ਜ਼ਿਲ੍ਹਾ ਪ੍ਰੀਸ਼ਦ ਮਾਰਕੀਟ (ਅੱਡਾ ਮਾਹਿਲਪੁਰ) ਲਈ 5, ਰੋਸ਼ਨ ਗਰਾਊਂਡ ਹੁਸ਼ਿਆਰਪੁਰ ਲਈ 5,ਰਾਮਲੀਲਾ ਗਰਾਊਂਡ ਹਰਿਆਣਾ ਲਈ 5, ਬੁੱਲੋਵਾਲ ਖੁੱਲ੍ਹੀ ਜਗ੍ਹਾ ਲਈ 1, ਅਤੇ ਚੱਬੇਵਾਲ ਖੁੱਲ੍ਹੀ ਜਗ੍ਹਾ ਲਈ 1 ਡਰਾਅ ਕੱਢਿਆ ਗਿਆ, ਸਬ-ਡਿਵੀਜ਼ਨ ਗੜ੍ਹਸ਼ੰਕਰ ਵਿੱਚ ਮਿਲਟਰੀ ਗਰਾਊਂਡ ਲਈ 5, ਸ਼ਹੀਦਾਂ ਰੋਡ (ਦਾਣਾ ਮੰਡੀ), ਮਾਹਿਲਪੁਰ ਲਈ 3 ਅਤੇ ਕੋਟ ਫਤੂਹੀ ਤੋਂ ਬਿੰਜੋ ਰੋਡ ‘ਤੇ ਖਾਲੀ ਸਥਾਨ ਲਈ 1 ਡਰਾਅ ਕੱਢਿਆ ਗਿਆ, ਸਬ-ਡਿਵੀਜ਼ਨ ਦਸੂਹਾ ਵਿੱਚ ਮਹਾਰਿਸ਼ੀ ਵਾਲਮੀਕਿ ਪਾਰਕ ਲਈ 2, ਬਲਾਕ ਸੰਮਤੀ ਸਟੇਡੀਅਮ ਦਸੂਹਾ ਲਈ 1 ਅਤੇ ਦੁਸਹਿਰਾ ਗਰਾਊਂਡ ਗੜ੍ਹਦੀਵਾਲਾ ਲਈ 2 ਡਰਾਅ ਕੱਢੇ ਗਏ। ਸਬ-ਡਵੀਜ਼ਨ ਟਾਂਡਾ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਟਾਂਡਾ ਦੀ ਗਰਾਉਂਡ ਵਿਖੇ 2 ਅਤੇ ਸ਼ਿਮਲਾ ਪਹਾੜੀ ਪਾਰਕ, ਟਾਂਡਾ ਲਈ 2 ਡਰਾਅ ਕੱਢੇ ਗਏ। ਸਬ-ਡਵੀਜ਼ਨ ਮੁਕੇਰੀਆਂ ਵਿੱਚ ਦੁਸਹਿਰਾ ਗਰਾਊਂਡ ਮੁਕੇਰੀਆਂ ਲਈ 3, ਦੁਸਹਿਰਾ ਗਰਾਊਂਡ ਦਾਤਾਰਪੁਰ ਲਈ 1 ਲਾਇਸੈਂਸ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮਾਂ ਅਨੁਸਾਰ ਦੀਵਾਲੀ ਵਾਲੇ ਦਿਨ 8 ਨਵੰਬਰ 2026 ਨੂੰ ਰਾਤ 8:00 ਵਜੇ ਤੋਂ ਰਾਤ 10 ਵਜੇ ਤੱਕ ਮਨਜ਼ੂਰਸ਼ੁਦਾ ਪਟਾਕੇ ਚਲਾਏ ਜਾ ਸਕਣਗੇ। ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ 24 ਨਵੰਬਰ ਨੂੰ ਸਵੇਰੇ 4:00 ਵਜੇ ਤੋਂ ਸਵੇਰੇ 5:00 ਵਜੇ ਤੱਕ ਅਤੇ ਰਾਤ 9:00 ਵਜੇ ਤੋਂ ਰਾਤ 10:00 ਵਜੇ ਤੱਕ ਪਟਾਕੇ ਚਲਾਏ ਜਾਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਜਾਰੀ ਹੁਕਮਾਂ ਅਨੁਸਾਰ ਕ੍ਰਿਸਮਸ ਵਾਲੇ ਦਿਨਾਂ 25 ਅਤੇ 26 ਦਸੰਬਰ ਨੂੰ ਰਾਤ 11:55 ਵਜੇ ਤੋਂ ਰਾਤ 12:30 ਵਜੇ ਤੱਕ ਪਟਾਕੇ ਚਲਾਏ ਜਾ ਸਕਣਗੇ। ਨਵੇਂ ਸਾਲ ਦੀ ਪੂਰਬਲੀ ਸ਼ਾਮ ਮੌਕੇ 31 ਦਸੰਬਰ ਨੂੰ ਰਾਤ 11:55 ਵਜੇ ਤੋਂ ਰਾਤ 12:30 ਵਜੇ ਤੱਕ ਹੀ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।