
ਬਰਨਾਲਾ, 24 ਮਈ- ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਐਲਾਨੀਆਂ ਨਗਰ ਨਿਗਮ ਕੌਂਸਲ ਚੋਣਾਂ 2026 ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਦੇ ਮੰਤਵ ਨਾਲ ਨਿਯੁਕਤ ਪੁਲਿਸ ਆਬਜ਼ਰਵਰ ਸ੍ਰੀ ਵਿਵੇਕਸ਼ੀਲ ਸੋਨੀ, ਆਈ.ਪੀ.ਐਸ. ਵੱਲੋਂ ਅੱਜ ਜ਼ਿਲ੍ਹਾ ਬਰਨਾਲਾ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਜ਼ਿਲ੍ਹੇ ਵਿੱਚ ਕੀਤੇ ਗਏ ਸੁਰੱਖਿਆ ਪ੍ਰਬੰਧਾਂ, ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਚੋਣਾਂ ਸਬੰਧੀ ਪੁਲਿਸ ਪ੍ਰਬੰਧਾਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ ਗਿਆ।
ਇਸ ਮੌਕੇ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਵੱਲੋਂ ਪੁਲਿਸ ਆਬਜ਼ਰਵਰ ਨੂੰ ਜ਼ਿਲ੍ਹੇ ਦੇ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਇਲਾਕਿਆਂ, ਪੋਲਿੰਗ ਸਟੇਸ਼ਨਾਂ ਦੀ ਸੁਰੱਖਿਆ, ਨਾਕਾਬੰਦੀ ਪ੍ਰਬੰਧਾਂ, ਫਲੈਗ ਮਾਰਚ, ਰਾਤਰੀ ਪੈਟਰੋਲਿੰਗ, ਇੰਟਰ ਸਟੇਟ ਅਤੇ ਇੰਟਰ ਡਿਸਟ੍ਰਿਕਟ ਚੈਕਿੰਗ, ਸ਼ਰਾਰਤੀ ਅਨਸਰਾਂ ਦੀ ਨਿਗਰਾਨੀ, ਗੈਂਗਸਟਰ ਅਤੇ ਅਪਰਾਧਿਕ ਤੱਤਾਂ ਵਿਰੁੱਧ ਕੀਤੀਆਂ ਜਾ ਰਹੀਆਂ ਕਾਰਵਾਈਆਂ ਅਤੇ ਚੋਣਾਂ ਦੌਰਾਨ ਅਮਨ ਕਾਨੂੰਨ ਬਣਾਈ ਰੱਖਣ ਲਈ ਤਿਆਰ ਕੀਤੀ ਗਈ ਸਮੁੱਚੀ ਕਾਰਜ ਯੋਜਨਾ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।
ਉਨ੍ਹਾਂ ਵੱਲੋਂ ਇੰਟੈਲੀਜੈਂਸ ਨੈੱਟਵਰਕ ਨੂੰ ਹੋਰ ਸਰਗਰਮ ਕਰਨ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਨਿਗਰਾਨੀ ਵਧਾਉਣ, ਅਫਵਾਹਾਂ ਅਤੇ ਭੜਕਾਊ ਪੋਸਟਾਂ ਖਿਲਾਫ ਤੁਰੰਤ ਕਾਰਵਾਈ ਕਰਨ ਅਤੇ ਲੋਕਾਂ ਵਿੱਚ ਸੁਰੱਖਿਆ ਅਤੇ ਵਿਸ਼ਵਾਸ ਦਾ ਮਾਹੌਲ ਬਣਾਈ ਰੱਖਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਓਹਨਾਂ ਆਮ ਜਨਤਾ ਨੂੰ ਦੱਸਿਆ ਕਿ ਪੁਲਿਸ ਆਬਜ਼ਰਵਰ ਸ੍ਰੀ ਵਿਵੇਕਸ਼ੀਲ ਸੋਨੀ, ਆਈ.ਪੀ.ਐਸ. ਦਾ ਮੋਬਾਇਲ ਨੰਬਰ 91155-52864 ਹੈ ਅਤੇ ਓਹਨਾਂ ਦੇ ਦਫਤਰ ਕਮਰਾ ਨੰਬਰ 101, ਗਰਾਊਂਡ ਫਲੌਰ, ਡੀ.ਪੀ.ਓ ਬਰਨਾਲਾ (ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ) ਵਿਖੇ ਸਥਾਪਿਤ ਕੀਤਾ ਗਿਆ ਹੈ।