
ਹੁਸ਼ਿਆਰਪੁਰ, 21 ਮਾਰਚ : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਥਾਨਕ ਜਲ ਸ਼ਕਤੀ ਕੇਂਦਰ ਪੰਡਿਤ ਜਗਤ ਰਾਮ ਮੈਮੋਰੀਅਲ ਫੋਰਸ ਟਰੱਸ ਅਤੇ ਲੁਧਿਆਣਾ ਬੈਵਰੇਜ ਕੰਪਨੀ ਦੇ ਸਹਿਯੋਗ ਨਾਲ ਵਿਸ਼ਵ ਜਲ ਦਿਵਸ ਮਨਾਇਆ ਗਿਆ ਜਿਸ ਦੌਰਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਸਾਨਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਪਾਣੀ ਦੀ ਵੱਧ ਤੋਂ ਵੱਧ ਬੱਚਤ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇ ਅਤੇ ਘੱਟ ਪਾਣੀ ਦੀ ਖਪਤ ਵਾਲੀਆਂ ਫ਼ਸਲਾਂ ਦੀ ਪੈਦਾਵਾਰ ਨੂੰ ਤਰਜੀਹ ਦਿੱਤੀ ਜਾਵੇ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਭਾਰੀ ਗਿਣਤੀ ਕਿਸਾਨਾਂ ਦੀ ਮੌਜੂਦਗੀ ਵਿਚ ਮਨਾਏ ਗਏ ਵਿਸ਼ਵ ਜਲ ਦਿਵਸ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਪਾਣੀ ਦੀ ਲੋੜ ਅਨੁਸਾਰ ਵਰਤੋਂ ‘ਤੇ ਧਿਆਨ ਕੇਂਦਰਿਤ ਕਰਨਾ ਸਮੇਂ ਦੀ ਮੁੱਖ ਮੰਗ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨਾਲ ਪਾਣੀ ਦੀ ਸੰਭਾਲ ਅਤੇ ਬੱਚਤ ਦਾ ਗੂੜਾ ਸਬੰਧ ਹੈ ਜਿਸ ਲਈ ਕਿਸਾਨਾਂ ਨੂੰ ਘੱਟ ਪਾਣੀ ਦੀ ਖਪਤ ਵਾਲੀਆਂ ਫ਼ਸਲਾਂ ਦੀ ਬਿਜਾਈ ਅਤੇ ਪੈਦਾਵਾਰ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਖੇਤਰਾਂ ਵਿਚ ਕਿਸਾਨਾਂ ਵਲੋਂ ਪਾਣੀ ਦੀ ਬੱਚਤ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਕਿ ਬੇਹੱਦ ਸ਼ਲਾਘਾਯੋਗ ਉਪਰਾਲਾ ਹੈ।
ਵਿਸ਼ਵ ਜਲ ਦਿਵਸ ਮਨਾਉਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਖੇਤੀਬਾੜੀ ਅਧਿਕਾਰੀ ਦੁਪਿੰਦਰ ਸਿੰਘ, ਬਾਗਬਾਨੀ ਵਿਭਾਗ ਦੇ ਡਾ. ਵਿਕਰਮ ਵਰਮਾ, ਐਸ.ਡੀ.ਓ ਮੀਨਾਕਸ਼ੀ ਭੱਲਾ, ਗੁੱਡ ਗਰੋਅ ਫਗਵਾੜਾ ਦੇ ਸੰਸਥਾਪਕ ਡਾ. ਅਵਤਾਰ ਸਿੰਘ ਅਤੇ ਫੋਰਸ ਟਰੱਸਟ ਦੇ ਡਾਇਰੈਕਟਰ ਸੰਜੀਵ ਸ਼ਰਮਾ ਦੀ ਮੌਜੂਦਗੀ ਵਿਚ ਬੈਡ ਤਕਨੀਕ ਨਾਲ ਖੇਤਾਂ ਵਿਚ ਫ਼ਸਲਾਂ ਨੂੰ ਪਾਣੀ ਲਾਉਣ ਵਾਲੇ ਕਿਸਾਨਾਂ ਨਾਲ ਵਿਸਥਾਰ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਦੀ ਹਰ ਸੰਭਵ ਮਦਦ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਮੇਂ-ਸਮੇਂ ਸਿਰ ਖੇਤੀ ਲਈ ਸਮੇਂ ਦੀਆਂ ਹਾਣੀ ਤਕਨੀਕਾਂ ਬਾਰੇ ਜਾਗਰੂਕਤਾ ਸਰਗਰਮੀਆਂ ਕਰਦਾ ਰਹਿੰਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਵਲੋਂ ਇਨ੍ਹਾਂ ਅਗਾਂਹਵਧੂ ਕਿਸਾਨਾਂ ਦੇ ਖੇਤਾਂ ਦਾ ਦੌਰਾ ਵੀ ਕੀਤਾ ਜਾਵੇਗਾ ਤਾਂ ਜੋ ਪਾਣੀ ਦੀ ਸਾਂਭ-ਸੰਭਾਲ ਦੇ ਉਪਰਾਲਿਆਂ ਬਾਰੇ ਵੱਧ ਤੋਂ ਵੱਧ ਕਿਸਾਨਾਂ ਨੂੰ ਦੱਸਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਵਾਤਾਵਰਣ ਅਤੇ ਪਾਣੀ ਦੀ ਸਾਂਭ-ਸੰਭਾਲ ਕਰਨ ਵਾਲੇ ਕਿਸਾਨਾਂ ਨੂੰ ਮੌਕੇ ‘ਤੇ ਜ਼ਿਲ੍ਹੇ ਦੇ 26 ਕਿਸਾਨਾਂ ਨੂੰ ਹੌਂਸਲਾਅਫਜਾਈ ਵਜੋਂ ਚੈਕ ਵੀ ਸੌਂਪੇ।
ਡਾ. ਅਵਤਾਰ ਸਿੰਘ ਨੇ ਕਿਹਾ ਕਿ ਕੁਦਰਤੀ ਖੇਤੀ ਨੂੰ ਅਪਣਾ ਕੇ ਫ਼ਸਲਾਂ ਦੀ ਸਿਹਤਮੰਦ ਪੈਦਾਵਾਰ ਨੂੰ ਤਰਜੀਹ ਦੇਣੀ ਸਾਰਿਆਂ ਦਾ ਸਾਂਝਾ ਫਰਜ਼ ਬਣਦਾ ਹੈ ਤਾਂ ਜੋ ਕੁਦਰਤੀ ਸੋਮਿਆਂ ਦੀ ਸੰਭਾਲ ਕੀਤੀ ਜਾ ਸਕੇ। ਉਨ੍ਹਾਂ ਨੇ ਆਧੁਨਿਕ ਸੰਚਾਈ ਤਕਨੀਕਾਂ ਅਤੇ ਪਾਣੀ ਦੀ ਸੰਭਾਲ ਲਈ ਕਮਿਊਨਿਟੀ ਹਿੱਸੇਦਾਰੀ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਕਿਸਾਨਾਂ ਨੇ ਭਰੋਸਾ ਦਿੱਤਾ ਕਿ ਉਹ ਆਪਣੇ ਲਾਗਲੇ ਖੇਤਰਾਂ ਦੇ ਕਿਸਾਨਾਂ ਨੂੰ ਵੀ ਪਾਣੀ ਦੀ ਸੰਭਾਲ ਲਈ ਜਾਗਰੂਕ ਕਰਨਗੇ।