
ਕੋਟਕਪੂਰਾ, 15 ਅਕਤੂਬਰ- ਕੋਟਕਪੂਰਾ ਸਬ-ਡਵੀਜ਼ਨ ਦੇ ਪਿੰਡ ਖਾਰਾ ਅਤੇ ਵਾਂਦਰ ਜਟਾਣਾ ਵਿਖੇ ਤੇਜ਼ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਝੋਨੇ ਦੀ ਖੜ੍ਹੀ ਫ਼ਸਲ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਸ ਸਬੰਧੀ ਸਥਿਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਖ਼ੁਦ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਖੇਤਾਂ ਵਿੱਚ ਜਾ ਕੇ ਨੁਕਸਾਨੀ ਫ਼ਸਲ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਕੋਟਕਪੂਰਾ ਸ੍ਰੀ ਰਜਿੰਦਰ ਸਿੰਘ , ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਪ੍ਰਭਾਵਿਤ ਖੇਤਾਂ ਦਾ ਨਿਰੀਖਣ ਕਰਦਿਆਂ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਝੋਨੇ ਦੀ ਫ਼ਸਲ ਨੂੰ ਹੋਏ ਨੁਕਸਾਨ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਖੇਤਾਂ ਵਿੱਚ ਜਾ ਕੇ ਫ਼ਸਲ ਦੀ ਮੌਜੂਦਾ ਸਥਿਤੀ ਨੂੰ ਦੇਖਿਆ ਅਤੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਿਆ। ਉਨ੍ਹਾਂ ਕਿਹਾ ਕਿ ਅਚਾਨਕ ਬਦਲੇ ਮੌਸਮ ਕਾਰਨ ਖੇਤਾਂ ਵਿੱਚ ਖੜ੍ਹੀ ਫ਼ਸਲ ਦੇ ਪ੍ਰਭਾਵਿਤ ਹੋਣ ਨਾਲ ਕਿਸਾਨਾਂ ਦੀ ਚਿੰਤਾ ਵਧ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੌਸਮ ਕਾਰਨ ਪੈਦਾ ਹੋਈ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ। ਪ੍ਰਭਾਵਿਤ ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਫ਼ਸਲਾਂ ਦੇ ਨੁਕਸਾਨ ਸਬੰਧੀ ਵੇਰਵਿਆਂ ਨੂੰ ਧਿਆਨ ਵਿੱਚ ਰੱਖਦਿਆਂ ਨਿਯਮਾਂ ਅਨੁਸਾਰ ਅਗਲੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਤਹਿਸੀਲਦਾਰ ਪਰਮਿੰਦਰ ਸਿੰਘ, ਜਗਤਾਰ ਸਿੰਘ ਜੱਗਾ ਸਰਪੰਚ ਪਿੰਡ ਖਾਰਾ ਤੋਂ ਇਲਾਵਾ ਕਿਸਾਨ ਅਤੇ ਪਿੰਡ ਵਾਸੀ ਹਾਜ਼ਰ ਸਨ।