Tuesday, August 18Malwa News
Shadow

ਡਿਪਟੀ ਕਮਿਸ਼ਨਰ ਵੱਲੋਂ ਵਪਾਰ ਮੰਡਲ ਨਾਲ ਮੀਟਿੰਗ, ਵਪਾਰਕ ਮੁਸ਼ਕਲਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ

ਮਾਲੇਰਕੋਟਲਾ, 18 ਅਗਸਤ:

              ਸ਼ਹਿਰ ਵਿੱਚ ਵਪਾਰਕ ਗਤੀਵਿਧੀਆਂ ਲਈ ਸੁਚਾਰੂ ਅਤੇ ਸੁਵਿਧਾਜਨਕ ਮਾਹੌਲ ਯਕੀਨੀ ਬਣਾਉਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਵੱਲੋਂ ਵਪਾਰ ਮੰਡਲ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਪਾਰੀਆਂ ਵੱਲੋਂ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ, ਟਰੈਫਿਕ ਪ੍ਰਬੰਧ, ਸਫ਼ਾਈ, ਬਿਜਲੀ, ਗੈਰ-ਕਾਨੂੰਨੀ ਕਬਜ਼ਿਆਂ ਅਤੇ ਹੋਰ ਵਪਾਰਕ ਸਮੱਸਿਆਵਾਂ ਸਬੰਧੀ ਮੁੱਦੇ ਵਿਸਥਾਰ ਨਾਲ ਰੱਖੇ ਗਏ।

ਇਸ ਮੌਕੇ ਪੰਜਾਬ ਟਰੇਡਰਜ਼ ਕਮਿਸ਼ਨ ਦੇ ਜ਼ਿਲ੍ਹਾ ਚੇਅਰਮੈਨ ਆਜਮ ਦਾਰਾ, ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਚੇਅਰਮੈਨ ਇਮਤਿਆਜ਼ ਅਲੀ, ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਚੇਅਰਮੈਨ ਅਸ਼ਵਨੀ ਕੁਮਾਰ ਅਤੇ ਵਪਾਰ ਮੰਡਲ ਦੇ ਹੋਰ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।

               ਡਿਪਟੀ ਕਮਿਸ਼ਨਰ ਨੇ ਵਪਾਰੀਆਂ ਵੱਲੋਂ ਉਠਾਏ ਗਏ ਮਾਮਲਿਆਂ ਨੂੰ ਗੰਭੀਰਤਾ ਨਾਲ ਸੁਣਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ, ਪ੍ਰਭਾਵਸ਼ਾਲੀ ਅਤੇ ਸਮਾਂਬੱਧ ਢੰਗ ਨਾਲ ਕਾਰਵਾਈ  ਕਰਨ ਦੇ ਸਪਸ਼ਟ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਵਪਾਰੀਆਂ ਅਤੇ ਆਮ ਲੋਕਾਂ ਨੂੰ ਦਰਪੇਸ਼ ਜਾਇਜ਼ ਸਮੱਸਿਆਵਾਂ ਦੇ ਹੱਲ ਵਿੱਚ ਕਿਸੇ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸ਼ਹਿਰ ਦੀ ਸੀਵਰੇਜ ਪ੍ਰਣਾਲੀ ਵਿੱਚ ਸੁਧਾਰ, ਜਨਤਕ ਵਾਸ਼ਰੂਮਾਂ ਦੀ ਸਫ਼ਾਈ ਅਤੇ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਉਣ, ਪਲਾਸਟਿਕ ਦੇ ਲਿਫ਼ਾਫ਼ਿਆਂ ’ਤੇ ਪਾਬੰਦੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ, ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਨਿਪਟਾਰੇ ਅਤੇ ਗੈਰ-ਕਾਨੂੰਨੀ ਕਬਜ਼ਿਆਂ ਨੂੰ ਹਟਾਉਣ ਲਈ ਲੋੜੀਂਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ। ਇਸੇ ਤਰ੍ਹਾਂ ਬਿਜਲੀ ਵਿਭਾਗ ਨੂੰ ਸ਼ਹਿਰ ਵਿੱਚ ਲਟਕਦੀਆਂ ਤਾਰਾਂ ਦੀ ਸੁਚੱਜੀ ਵਿਵਸਥਾ, ਬਿਜਲੀ ਦੀ ਉਚਿਤ ਵੋਲਟੇਜ ਸਪਲਾਈ ਅਤੇ ਸਟ੍ਰੀਟ ਲਾਈਟਾਂ ਨੂੰ ਨਿਰੰਤਰ ਚਾਲੂ ਰੱਖਣ ਲਈ ਕਿਹਾ ਗਿਆ, ਤਾਂ ਜੋ ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਲੋਕਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ।

ਟਰੈਫਿਕ ਪੁਲਿਸ ਨੂੰ ਸ਼ਹਿਰ ਵਿੱਚ ਟਰੈਫਿਕ ਪ੍ਰਬੰਧਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ, ਭੀੜ-ਭੜੱਕੇ ਵਾਲੇ ਖੇਤਰਾਂ ਵਿੱਚ ਲੋੜ ਅਨੁਸਾਰ ਵਨ-ਵੇ ਪ੍ਰਣਾਲੀ ਲਾਗੂ ਕਰਨ, ਨਾਜਾਇਜ਼ ਪਾਰਕਿੰਗ ’ਤੇ ਸਖ਼ਤੀ ਕਰਨ ਅਤੇ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੇ ਨਿਰਦੇਸ਼ ਦਿੱਤੇ ਗਏ।

               ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੇ ਵਪਾਰੀਆਂ ਦੀ ਸਹੂਲਤ ਅਤੇ ਵਪਾਰਕ ਮਾਹੌਲ ਵਿੱਚ ਸੁਧਾਰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਪਾਰ ਮੰਡਲ ਵੱਲੋਂ ਉਠਾਏ ਗਏ ਮਾਮਲਿਆਂ ’ਤੇ ਕੀਤੀ ਜਾਣ ਵਾਲੀ ਕਾਰਵਾਈ ਦੀ ਨਿਯਮਿਤ ਸਮੀਖਿਆ ਕੀਤੀ ਜਾਵੇ ਅਤੇ ਵਪਾਰੀਆਂ ਨੂੰ ਕਾਰਵਾਈ ਦੀ ਪ੍ਰਗਤੀ ਬਾਰੇ ਵੀ ਜਾਣੂ ਕਰਵਾਇਆ ਜਾਵੇ।

               ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਵਪਾਰਕ ਵਰਗ ਵਿਚਕਾਰ ਨਿਰੰਤਰ ਸੰਵਾਦ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਦਾ ਵਿਹਾਰਕ ਹੱਲ ਸੰਭਵ ਹੈ। ਵਪਾਰੀਆਂ ਦੀਆਂ ਜਾਇਜ਼ ਮੰਗਾਂ ਅਤੇ ਸੁਝਾਵਾਂ ਨੂੰ ਵਿਕਾਸ ਕਾਰਜਾਂ ਨਾਲ ਜੋੜਦਿਆਂ ਸ਼ਹਿਰ ਨੂੰ ਹੋਰ ਸੁੰਦਰ, ਸਾਫ਼-ਸੁਥਰਾ ਅਤੇ ਵਪਾਰ-ਅਨੁਕੂਲ ਬਣਾਉਣ ਲਈ ਸਾਂਝੇ ਤੌਰ ’ਤੇ ਯਤਨ ਕੀਤੇ ਜਾਣਗੇ।

              ਇਸ ਮੌਕੇ ਸਹਾਇਕ ਕਮਿਸ਼ਨਰ ਮਨਦੀਪ ਕੌਰ, ਡੀ.ਐਸ.ਪੀ. ਮਾਲੇਰਕੋਟਲਾ ਮਾਨਵਜੀਤ ਸਿੰਘ, ਡੀ.ਐਸ.ਪੀ. (ਐਨ.ਡੀ.ਪੀ.ਐਸ.) ਯਾਦਵਿੰਦਰ ਸਿੰਘ, ਕਾਰਜ ਸਾਧਕ ਅਫ਼ਸਰ ਅਹਿਮਦਗੜ੍ਹ/ਅਮਰਗੜ੍ਹ ਆਸ਼ੀਸ਼ ਕੁਮਾਰ, ਏ.ਐਮ.ਈ. ਇੰਜ. ਨਰਿੰਦਰ ਕੁਮਾਰ, ਵਣ ਰੇਂਜ ਅਫ਼ਸਰ ਦਵਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।