
ਤਰਨ ਤਾਰਨ, 19 ਦਸੰਬਰ ( ) – ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ, ਤਰਨ ਤਾਰਨ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ, ਪੰਜਾਬ ਅਤੇ ਉਦਯੋਗ ਅਤੇ ਵਣਜ ਵਿਭਾਗ ਦੇ ਸਹਿਯੋਗ ਨਾਲ ਦੁਸ਼ਿਹਰਾ ਗਰਾਊਂਡ, ਤਰਨ ਤਾਰਨ ਵਿਖੇ ਲਗਾਏ ਗਏ ਪੰਜਾਬ ਸਖੀ ਸ਼ਕਤੀ ਮੇਲੇ ਦੇ ਦੂਜੇ ਦਿਨ ਗਰਾਕਾਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ ਅਤੇ ਗ੍ਰਾਹਕਾਂ ਵੱਲੋਂ ਵੱਖ-ਵੱਖ ਸਟਾਲਾਂ ਤੋਂ ਆਪਣੀ ਪਸੰਦੀਦਾ ਸਮਾਨ ਖਰੀਦਿਆ ਗਿਆ।
ਅੱਜ ਮੇਲੇ ਦੌਰਾਨ ਤਰਨ ਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਦੇ ਭਰਾਤਾ ਰਾਜਬੀਰ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਦੀ ਹੌਸਲਾ ਅਫ਼ਜਾਈ ਕੀਤੀ।
ਸ. ਰਾਜਬੀਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ, ਤਰਨ ਤਾਰਨ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ, ਪੰਜਾਬ ਅਤੇ ਉਦਯੋਗ ਅਤੇ ਵਣਜ ਵਿਭਾਗ ਦੇ ਸਹਿਯੋਗ ਨਾਲ ਦੁਸ਼ਿਹਰਾ ਗਰਾਊਂਡ, ਤਰਨ ਤਾਰਨ ਵਿਖੇ ਲਗਾਇਆ ਗਿਆ ਇਹ ਤਿੰਨ ਰੋਜ਼ਾ ਪੰਜਾਬ ਸਖੀ ਸ਼ਕਤੀ ਮੇਲਾ- ਮਹਿਲਾ ਉੱਦਮੀਆਂ ਦੇ ਸਸ਼ਕਤੀਕਰਨ ਵਿੱਚ ਅਹਿਮ ਰੋਲ ਅਦਾ ਕਰੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਇਸ ਮੇਲੇ ਵਿੱਚ ਪਹੁੰਚ ਕੇ ਖਰੀਦਦਾਰੀ ਕਰਨ ਤਾਂ ਜੋ ਸਾਡੀਆਂ ਭੈਣਾਂ ਨੂੰ ਇਸ ਦਾ ਆਰਥਿਕ ਲਾਭ ਮਿਲ ਸਕੇ।
ਪੰਜਾਬ ਸਖੀ ਸ਼ਕਤੀ ਮੇਲੇ ਵਿਚ ਜ਼ਿਲ੍ਹੇ ਦੇ 60 ਦੇ ਕਰੀਬ ਸਵੈ ਸਹਾਇਤਾ ਸਮੂਹਾਂ ਨੇ ਆਪਣੇ ਸਟਾਲ ਲਗਾਏ ਹੋਏ ਹਨ, ਜਿਨ੍ਹਾਂ ਵਿੱਚ ਘਰੇਲੂ ਵਰਤੋਂ ਦਾ ਸਮਾਨ, ਔਰਤਾਂ, ਬੱਚਿਆਂ ਦੇ ਸੂਟ, ਫ਼ੁਲਕਾਰੀਆਂ, ਖਿਡੌਣੇ, ਸਜ਼ਾਵਟ ਦਾ ਸਮਾਨ, ਅਚਾਰ, ਮੁਰੱਬੇ, ਚਟਨੀਆਂ, ਗੁੜ, ਸ਼ਹਿਦ ਅਤੇ ਹੋਰ ਰੋਜ਼ਾਨਾਂ ਵਰਤੋਂ ਦਾ ਸਮਾਨ ਵੇਚਿਆ ਜਾ ਰਿਹਾ ਹੈ। ਮੇਲੇ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਵੀ ਸਟਾਲ ਲਗਾਏ ਗਏ ਹਨ ਜਿੱਥੇ ਲੋਕਾਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਮੇਲੇ ਦੌਰਾਨ ਸਿਹਤ ਵਿਭਾਗ ਵੱਲੋਂ ਸਟਾਲ ਲਗਾ ਕੇ ਲੋਕਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੇਲੇ ਵਿੱਚ ਖਾਣ-ਪੀਣ ਦੇ ਸਟਾਲ ਵੀ ਲਗਾਏ ਗਏ ਹਨ।
ਇਸ ਤੋਂ ਬਾਅਦ ਨਾਇਬ ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ ਵੱਲੋਂ ਵੀ ਇਸ ਮੇਲੇ ਵਿੱਚ ਹਾਜ਼ਰੀ ਭਰੀ ਗਈ। ਉਹਨਾਂ ਨੇ ਸਟਾਲਾਂ ਦਾ ਵਿਜਿਟ ਕਰਨ ਦੇ ਨਾਲ ਇਥੋਂ ਖ਼ਰੀਦਦਾਰੀ ਵੀ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਸਵੈ-ਸਹਾਇਤਾ ਸਮੂਹਾਂ ਵੱਲੋਂ ਆਪਣੇ ਹੱਥੀਂ ਬਣਾਇਆ ਜੋ ਸਮਾਨ ਬਣਾ ਕੇ ਵੇਚਿਆ ਜਾ ਰਿਹਾ ਹੈ ਉਹ ਉੱਚ ਮਿਆਰੀ ਤੇ ਬਜ਼ਾਰ ਦੇ ਮੁਕਾਬਲੇ ਬਹੁਤ ਕਿਫ਼ਾਇਤੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਹੈ ਕਿ ਉਹ ਇਸ ਮੇਲੇ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਖ਼ਰੀਦਦਾਰੀ ਕਰਨ ਤਾਂ ਜੋ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਸਵਾਣੀਆਂ ਨੂੰ ਲਾਭ ਪਹੁੰਚ ਸਕੇ। ਉਹਨਾਂ ਕਿਹਾ ਕਿ 20 ਦਸੰਬਰ ਨੂੰ ਮੇਲੇ ਦਾ ਆਖਰੀ ਦਿਨ ਹੋਵੇਗਾ।
ਇਸ ਮੌਕੇ ਸੈਲਫ ਹੈਲਪ ਗਰੁੱਪ ਦੀ ਜ਼ਿਲ੍ਹਾ ਮੈਨੇਜਰ ਸ੍ਰੀਮਤੀ ਗੁਰਪ੍ਰੀਤ ਕੌਰ ਆਏ ਹੋਏ ਵਿਸ਼ੇਸ਼ ਮਹਿਮਾਨਾਂ ਨਾਲ ਸਵੈ-ਸਹਾਇਤਾ ਸਮੂਹਾਂ ਦੀ ਕਾਰਜ ਪ੍ਰਣਾਲੀ ਅਤੇ ਮਹਿਲਾ ਸਸ਼ਕਤੀਕਰਨ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਇਸ ਮੌਕੇ ਪੰਚਾਇਤ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।