
ਚੰਡੀਗੜ੍ਹ, 1 ਅਪ੍ਰੈਲ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ ਰਾਜ ਵਿੱਚ ਕਿਸਾਨਾਂ ਨਾਲ ਜੁੜੀਆਂ ਯੋਜਨਾਵਾਂ ਨੂੰ ਪਾਰਦਰਸ਼ੀ ਅਤੇ ਪ੍ਰਭਾਵੀ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਹਰਿਆਣਾ ਵਿੱਚ ਪੀ.ਐਮ. ਕਿਸਾਨ ਦੇ ਕੁੱਲ 20,82,596 ਕਿਸਾਨ ਲਾਭਪਾਤਰ ਹਨ, ਜਿਨ੍ਹਾਂ ਵਿੱਚੋਂ 16,33,297 ਕਿਸਾਨਾਂ ਦੇ ਖਾਤੇ ਸਰਗਰਮ ਹਨ। ਹੁਣ ਤੱਕ 7,33,083 ਕਿਸਾਨਾਂ ਦੀ ਕਿਸਾਨ ਆਈ.ਡੀ. ਬਣਾਈ ਜਾ ਚੁੱਕੀ ਹੈ, ਜੋ ਕਿ ਕੁੱਲ ਕੰਮ ਦਾ ਲਗਭਗ 45 ਫੀਸਦੀ ਪੂਰਾ ਹੋ ਚੁੱਕਾ ਹੈ।
ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਇਹ ਗੱਲ ਅੱਜ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਵੱਖ-ਵੱਖ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਦੀ ਕਿਸਾਨ ਆਈ.ਡੀ. ਅਤੇ ਖਾਦ ਵਿਸ਼ੇ ਨੂੰ ਲੈ ਕੇ ਆਯੋਜਿਤ ਬੈਠਕ ਵਿੱਚ ਚੰਡੀਗੜ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਕਹੀ।
ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ‘ਮੇਰੀ ਫ਼ਸਲ ਮੇਰਾ ਬਿਓਰਾ’ ਪੋਰਟਲ ਰਾਹੀਂ ਰਾਜ ਵਿੱਚ ਕਿਸਾਨਾਂ ਦਾ ਪੂਰਾ ਰਿਕਾਰਡ ਪਹਿਲਾਂ ਹੀ ਤਿਆਰ ਕੀਤਾ ਜਾ ਚੁੱਕਾ ਹੈ। ਇਸ ਪੋਰਟਲ ‘ਤੇ ਇਹ ਜਾਣਕਾਰੀ ਉਪਲਬਧ ਹੈ ਕਿ ਜ਼ਮੀਨ ਮਾਲਕ ਦੀ ਹੈ ਜਾਂ ਬਟਾਈ (ਹਿੱਸੇ) ‘ਤੇ, ਅਤੇ ਖੇਤ ਵਿੱਚ ਕਿਹੜੀ ਫ਼ਸਲ ਬੀਜੀ ਗਈ ਹੈ।
ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਅਨੁਸਾਰ ਹੀ ਦਿੱਤੀ ਜਾਂਦੀ ਹੈ ਖਾਦ
ਉਨ੍ਹਾਂ ਦੱਸਿਆ ਕਿ ਹੁਣ ਖਾਦ ਦੀ ਸਪਲਾਈ ਨੂੰ ਵੀ ਇਸੇ ਪੋਰਟਲ ਨਾਲ ਜੋੜ ਦਿੱਤਾ ਗਿਆ ਹੈ। ਇਸ ਦੇ ਤਹਿਤ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਅਨੁਸਾਰ ਹੀ ਖਾਦ ਦਿੱਤੀ ਜਾਂਦੀ ਹੈ, ਤਾਂ ਜੋ ਜ਼ਰੂਰਤ ਅਨੁਸਾਰ ਸਹੀ ਮਾਤਰਾ ਵਿੱਚ ਖਾਦ ਮਿਲ ਸਕੇ। ਪਹਿਲਾਂ ਖਾਦ ਆਧਾਰ ਕਾਰਡ ਦੇ ਆਧਾਰ ‘ਤੇ ਦਿੱਤੀ ਜਾਂਦੀ ਸੀ, ਜਿਸ ਨਾਲ ਉਸ ਦੀ ਸਹੀ ਵਰਤੋਂ ਯਕੀਨੀ ਨਹੀਂ ਹੋ ਪਾਉਂਦੀ ਸੀ। ਪਰ ਹੁਣ ਖਾਦ ਸਿਰਫ਼ ਉਸੇ ਕਿਸਾਨ ਨੂੰ ਮਿਲਦੀ ਹੈ ਜਿਸ ਕੋਲ ਜ਼ਮੀਨ ਹੈ, ਜਿਸ ਨਾਲ ਦੁਰਵਰਤੋਂ ‘ਤੇ ਰੋਕ ਲੱਗੀ ਹੈ।
ਕੇਂਦਰ ਸਰਕਾਰ ਦੀ ਖਾਦ ਸਬਸਿਡੀ ਵਿੱਚ ਹਰਿਆਣਾ ਨੂੰ ਕਰੀਬ 500 ਕਰੋੜ ਰੁਪਏ ਤੋਂ ਵੱਧ ਦੀ ਹੋਈ ਬਚਤ
ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ ਇਸ ਨਵੀਂ ਵਿਵਸਥਾ ਨਾਲ ਖਾਦ ਦੀ ਸਹੀ ਵਰਤੋਂ ਨੂੰ ਹੁਲਾਰਾ ਮਿਲਿਆ ਹੈ ਅਤੇ ਬੇਲੋੜੀ ਖਪਤ ਘਟੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜੇਕਰ ਫ਼ਸਲ ਅਤੇ ਉਸ ਦੀ ਖਾਦ ਦੀ ਜ਼ਰੂਰਤ ਦਾ ਪੂਰਾ ਪੁਰਾਣਾ ਰਿਕਾਰਡ ਤਿਆਰ ਹੋ ਜਾਵੇ, ਤਾਂ ਖਾਦ ਦਾ ਹੋਰ ਬਿਹਤਰ ਪ੍ਰਬੰਧਨ ਕੀਤਾ ਜਾ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਕੇਂਦਰ ਸਰਕਾਰ ਦੀ ਖਾਦ ਸਬਸਿਡੀ ਵਿੱਚ ਹਰਿਆਣਾ ਨੂੰ ਕਰੀਬ 500 ਕਰੋੜ ਰੁਪਏ ਤੋਂ ਵੱਧ ਦੀ ਬਚਤ ਹੋਈ ਹੈ, ਜੋ ਇਸ ਨਵੀਂ ਵਿਵਸਥਾ ਦੀ ਸਫਲਤਾ ਨੂੰ ਦਰਸਾਉਂਦੀ ਹੈ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਜਲਦੀ ਹੀ ਕਿਸਾਨਾਂ ਦੀ ਭਲਾਈ ਲਈ ਜਨ ਜਾਗਰਣ ਮੁਹਿੰਮ ਚਲਾਈ ਜਾਵੇਗੀ। ਜਿਸ ਵਿੱਚ ਯੂਨੀਵਰਸਿਟੀ ਦੇ ਵਿਗਿਆਨੀ, ਆਈ.ਸੀ.ਏ.ਆਰ. ਦੇ ਵਿਗਿਆਨੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਪਿੰਡ-ਪਿੰਡ ਜਾ ਕੇ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਖੇਤਰਾਂ ਦੀਆਂ ਜੋ ਵੀ ਯੋਜਨਾਵਾਂ ਅਤੇ ਖੇਤੀਬਾੜੀ ਵਿੱਚ ਨਵੀਨਤਮ ਤਕਨੀਕਾਂ ਹਨ, ਉਨ੍ਹਾਂ ਬਾਰੇ ਜਾਣਕਾਰੀ ਦੇਣਗੇ ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ।
ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੂੰ ਦਿੱਤੀ ਵਧਾਈ
ਇਸ ਮੌਕੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਰਿਆਣਾ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ‘ਮੇਰੀ ਫ਼ਸਲ ਮੇਰਾ ਬਿਓਰਾ’ ਇੱਕ ਮਿਸਾਲੀ ਪਹਿਲ ਹੈ। ਇਸ ਨਾਲ ਖਾਦ ਦੀ ਸੰਤੁਲਿਤ ਵਰਤੋਂ ਅਤੇ ਸਰਕਾਰੀ ਸਰੋਤਾਂ ਦੀ ਬਚਤ ਦਾ ਰਸਤਾ ਦਿਖਾਈ ਦਿੰਦਾ ਹੈ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਅਤੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੂੰ ਇਸ ਪਹਿਲ ਲਈ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਇਸ ਮਾਡਲ ਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾ ਸਕਦਾ ਹੈ।