
ਚੰਡੀਗੜ੍ਹ, 28 ਮਾਰਚ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਅੰਬਾਲਾ ਤੋਂ ਅਯੋਧਿਆ ਲਈ ਤੀਰਥ ਯਾਤਰੀਆਂ ਦੀ ਵਿਸ਼ੇਸ਼ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਅਗਲੇ ਮਹੀਨੇ ਅਪ੍ਰੈਲ ਦੇ ਆਖਰੀ ਹਫ਼ਤੇ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ (ਨੰਦੇੜ, ਮਹਾਰਾਸ਼ਟਰ) ਲਈ ਤੀਰਥ ਯਾਤਰੀਆਂ ਵਾਸਤੇ ਵਿਸ਼ੇਸ਼ ਟ੍ਰੇਨ ਜਾਵੇਗੀ।
ਇਸ ਤੋਂ ਪਹਿਲਾਂ, ਮੁੱਖ ਮੰਤਰੀ ਨੇ ਤੀਰਥ ਯਾਤਰੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਪੂਰੇ ਹਰਿਆਣਾ ਲਈ ਇੱਕ ਇਤਿਹਾਸਕ ਅਤੇ ਭਾਵੁਕ ਪਲ ਹੈ। ਭਗਵਾਨ ਸ੍ਰੀ ਕ੍ਰਿਸ਼ਨ ਦੀ ਇਸ ਪਵਿੱਤਰ ਧਰਤੀ ਤੋਂ ਭਗਵਾਨ ਸ੍ਰੀ ਰਾਮ ਦੀ ਜਨਮ ਭੂਮੀ, ਅਯੁੱਧਿਆ ਧਾਮ ਲਈ ਇਸ ਵਿਸ਼ੇਸ਼ ਤੀਰਥ ਟ੍ਰੇਨ ਨੂੰ ਰਵਾਨਾ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਬਹੁਤ ਮਾਣ ਅਤੇ ਗੌਰਵ ਦਾ ਅਨੁਭਵ ਹੋ ਰਿਹਾ ਹੈ। ਉਨ੍ਹਾਂ ਨੇ ਯਾਤਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਯੋਧਿਆ ਵਿੱਚ ਬਣਿਆ ਭਗਵਾਨ ਸ੍ਰੀ ਰਾਮ ਜੀ ਦਾ ਆਲੀਸ਼ਾਨ, ਵੱਡਾ ਅਤੇ ਨਵਾਂ ਮੰਦਰ ਭਾਰਤ ਦਾ ਮਾਣ ਹੈ। ਇਹ ਸਾਡੇ ਸਾਰਿਆਂ ਦੇ ਪੁੰਨ ਕਰਮਾਂ ਦਾ ਹੀ ਫਲ ਹੈ ਕਿ ਅਸੀਂ ਅਯੋਧਿਆ ਵਿੱਚ ਸ੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਗਵਾਹ ਬਣੇ ਹਾਂ ਅਤੇ ਹੁਣ ਉਨ੍ਹਾਂ ਦੇ ਦਰਸ਼ਨਾਂ ਲਈ ਜਾਣ ਦਾ ਸੁਭਾਗ ਮਿਲਿਆ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਯੋਧਿਆ ਦੀ ਇਹ ਯਾਤਰਾ ਕੇਵਲ ਇੱਕ ਭੌਤਿਕ ਸਫ਼ਰ ਨਹੀਂ ਹੈ, ਇਹ ਇੱਕ ਅਧਿਆਤਮਿਕ ਪਰਿਵਰਤਨ ਦੀ ਯਾਤਰਾ ਹੈ। ਜਦੋਂ ਤੁਸੀਂ ਸਰਯੂ ਨਦੀ ਦੇ ਕੰਢੇ ਖੜ੍ਹੇ ਹੋਵੋਗੇ, ਜਦੋਂ ਤੁਸੀਂ ਹਨੂਮਾਨਗੜ੍ਹੀ ਦੇ ਦਰਸ਼ਨ ਕਰੋਗੇ ਅਤੇ ਜਦੋਂ ਤੁਸੀਂ ਉਸ ਵਿਸ਼ਾਲ ਰਾਮ ਮੰਦਰ ਦੀ ਦਹਿਲੀਜ਼ ਨੂੰ ਛੂਹੋਗੇ, ਤਾਂ ਤੁਹਾਨੂੰ ਉਸ ਊਰਜਾ ਦਾ ਅਨੁਭਵ ਹੋਵੇਗਾ ਜਿਸ ਨੇ ਭਾਰਤ ਨੂੰ ‘ਵਿਸ਼ਵ ਗੁਰੂ’ ਬਣਾਇਆ ਸੀ।
ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਨੇ ਤੀਰਥ ਯਾਤਰਾ ਲਈ ਰੇਲਵੇ ਨਾਲ ਅਨੁਬੰਧ ਕੀਤਾ ਹੈ। ਉਸ ਤੋਂ ਬਾਅਦ ਅੱਜ ਪਹਿਲੀ ਟ੍ਰੇਨ ਰਾਹੀਂ ਸੱਤ ਜ਼ਿਲ੍ਹਿਆਂ ਦੇ 700 ਬਜ਼ੁਰਗਾਂ ਨੂੰ ਭੇਜਿਆ ਜਾ ਰਿਹਾ ਹੈ। ਇਸ ਯਾਤਰਾ ਨੂੰ ਆਰਾਮਦਾਇਕ ਬਣਾਉਣ ਲਈ ਟ੍ਰੇਨ ਵਿੱਚ ਖਾਣ-ਪੀਣ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਲਈ ਉਹ ਰੇਲਵੇ ਵਿਭਾਗ ਦੇ ਅਧਿਕਾਰੀਆਂ ਦਾ ਵੀ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਵਿਸ਼ੇਸ਼ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਤਾਂ ਜੋ ਸਾਡੇ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਸੰਕਲਪ ਹੈ ਕਿ ਸੂਬੇ ਦੇ ਬਜ਼ੁਰਗ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਸ਼ਰਧਾਲੂ, ਪੈਸੇ ਦੀ ਘਾਟ ਕਾਰਨ ਤੀਰਥ ਯਾਤਰਾ ਤੋਂ ਵਾਂਝੇ ਨਾ ਰਹਿਣ। ਇਸੇ ਉਦੇਸ਼ ਨਾਲ ਸਰਕਾਰ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਸ਼ੁਰੂਆਤ ਕੀਤੀ ਹੈ। ਅੱਜ ਦੀ ਇਹ ਟ੍ਰੇਨ ਉਸੇ ਵਾਅਦੇ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕੈਥਲ, ਕਰਨਾਲ, ਅੰਬਾਲਾ ਅਤੇ ਜੀਂਦ ਤੋਂ ਬੱਸਾਂ ਰਾਹੀਂ ਅਯੋਧਿਆ ਵਿੱਚ ਸ੍ਰੀ ਰਾਮ ਲੱਲਾ ਦੇ ਦਰਸ਼ਨ ਕਰਵਾਏ ਗਏ ਸਨ।
ਉਨ੍ਹਾਂ ਕਿਹਾ ਕਿ ਅਯੋਧਿਆ ਵਰਗੇ ਤੀਰਥ ਭਾਰਤੀ ਸੰਸਕ੍ਰਿਤੀ ਦੇ ਜੀਵਨ ਦੀ ਊਰਜਾ ਦੇ ਸਰੋਤ ਹਨ। ਭਾਰਤੀ ਸਭਿਅਤਾ ਦੀ ਪਾਲਕ ਰਹੀ ਮਾਂ ਸਿੰਧੂ ਨਦੀ ਦੇ ਦਰਸ਼ਨਾਂ ਲਈ ਵੀ ‘ਸਵਰਨ ਜਯੰਤੀ ਸਿੰਧੂ ਦਰਸ਼ਨ ਯੋਜਨਾ’ ਚਲਾਈ ਜਾ ਰਹੀ ਹੈ। ਇਸ ਦੇ ਤਹਿਤ 10 ਹਜ਼ਾਰ ਰੁਪਏ ਪ੍ਰਤੀ ਤੀਰਥ ਯਾਤਰੀ (ਵੱਧ ਤੋਂ ਵੱਧ 50 ਯਾਤਰੀਆਂ ਤੱਕ) ਸਾਲਾਨਾ ਵਿੱਤੀ ਸਹਾਇਤਾ ਦੇਣ ਦਾ ਪ੍ਰਾਵਾਧਾਨ ਹੈ। ਇਸੇ ਤਰ੍ਹਾਂ, ‘ਕੈਲਾਸ਼ ਮਾਨਸਰੋਵਰ ਯਾਤਰਾ’ ਯੋਜਨਾ ਤਹਿਤ 50 ਹਜ਼ਾਰ ਰੁਪਏ ਪ੍ਰਤੀ ਤੀਰਥ ਯਾਤਰੀ (ਵੱਧ ਤੋਂ ਵੱਧ 50 ਯਾਤਰੀਆਂ ਤੱਕ) ਸਾਲਾਨਾ ਵਿੱਤੀ ਸਹਾਇਤਾ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਸਵਰਨ ਜਯੰਤੀ ਗੁਰੂ ਦਰਸ਼ਨ ਯਾਤਰਾ ਯੋਜਨਾ ਤਹਿਤ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ (ਨੰਦੇੜ), ਸ੍ਰੀ ਨਨਕਾਣਾ ਸਾਹਿਬ, ਸ੍ਰੀ ਹੇਮਕੁੰਟ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਜਾਣ ਵਾਲੇ ਸੂਬੇ ਦੇ ਤੀਰਥ ਯਾਤਰੀਆਂ ਨੂੰ 6 ਹਜ਼ਾਰ ਰੁਪਏ ਪ੍ਰਤੀ ਤੀਰਥ ਯਾਤਰੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਸਾਰੇ ਤੀਰਥ ਯਾਤਰੀਆਂ ਨੂੰ ਮੰਗਲਮਈ ਯਾਤਰਾ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਸਾਬਕਾ ਮੰਤਰੀ ਸ੍ਰੀ ਅਸੀਮ ਗੋਇਲ, ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੁਰੰਗ, ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਵਿਵੇਕ ਕਾਲੀਆ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ।