
ਚੰਡੀਗੜ੍ਹ, 1 ਜੂਨ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਯੋਗ ਸਿਰਫ਼ ਇੱਕ ਅਭਿਆਸ ਨਹੀਂ, ਸਗੋਂ ਭਾਰਤ ਦੀ ਮਹਾਨ ਸੱਭਿਆਚਾਰਕ ਵਿਰਾਸਤ ਦਾ ਉਤਸਵ ਹੈ, ਜਿਸ ਨੇ ਹਜ਼ਾਰਾਂ ਸਾਲਾਂ ਤੋਂ ਮਨੁੱਖਤਾ ਨੂੰ ਸੰਤੁਲਿਤ, ਸਿਹਤਮੰਦ ਅਤੇ ਅਧਿਆਤਮਿਕ ਜੀਵਨ ਦਾ ਰਾਹ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਯੋਗ ਨੂੰ ਵਿਸ਼ਵ ਪੱਧਰ ‘ਤੇ ਸਥਾਪਿਤ ਕੀਤਾ ਅਤੇ ਅੱਜ ਪੂਰੀ ਦੁਨੀਆ ਇਸ ਨੂੰ ਅਪਣਾ ਰਹੀ ਹੈ। ਯੋਗ ਸਾਡੇ ਰਿਸ਼ੀ-ਮੁਨੀਆਂ ਅਤੇ ਸਾਧਕਾਂ ਦੀ ਅਮੂਲ੍ਹ ਦੇਣ ਹੈ, ਜਿਸ ਦਾ ਵਿਸ਼ਵ ਪੱਧਰ ‘ਤੇ ਸਨਮਾਨ ਅਤੇ ਅਭਿਨੰਦਨ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਸੋਮਵਾਰ ਨੂੰ ਗੁਰੂਗ੍ਰਾਮ ਦੇ ਸੈਕਟਰ-29 ਸਥਿਤ ਮਹਾਰਾਣਾ ਪ੍ਰਤਾਪ ਸਵਰਨ ਜਯੰਤੀ ਪਾਰਕ (ਲੇਜ਼ਰ ਵੈਲੀ) ਵਿੱਚ ਅੰਤਰਰਾਸ਼ਟਰੀ ਯੋਗ ਦਿਵਸ-2026 ਦੇ ਉਪਲਕਸ਼ ਵਿੱਚ ਆਯੋਜਿਤ ਸੂਬਾ ਪੱਧਰੀ ਯੋਗ ਅਭਿਆਸ ਮੁਹਿੰਮ ਦੇ ਸ਼ੁਭਾਰੰਭ ਮੌਕੇ ‘ਤੇ ਮੌਜ਼ੂਦ ਯੋਗ ਸਾਧਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ‘ਤੇ ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਪਟੌਦੀ ਦੀ ਵਿਧਾਇਕ ਸ੍ਰੀਮਤੀ ਬਿਮਲਾ ਚੌਧਰੀ, ਗੁਰੂਗ੍ਰਾਮ ਦੇ ਵਿਧਾਇਕ ਸ੍ਰੀ ਮੁਕੇਸ਼ ਸ਼ਰਮਾ, ਨਲਵਾ ਦੇ ਵਿਧਾਇਕ ਸ੍ਰੀ ਰਣਬੀਰ ਪਨਿਹਾਰ ਮੌਜ਼ੂਦ ਸਨ।
ਮੁੱਖ ਮੰਤਰੀ ਨੇ ਦੀਪ ਜਲਾ ਕੇ ਮੁਹਿੰਮ ਦਾ ਸ਼ੁਭਾਰੰਭ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੋਗ ਕਿਸੇ ਧਰਮ ਜਾਂ ਸੰਪਰਦਾ ਨਾਲ ਜੁੜਿਆ ਵਿਸ਼ਾ ਨਹੀਂ, ਸਗੋਂ ਮਨੁੱਖਤਾ ਦੀ ਇੱਕ ਵਿਗਿਆਨਕ ਅਤੇ ਅਧਿਆਤਮਿਕ ਧਰੋਹਰ ਹੈ। ਸਾਲ 2014 ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਰੱਖੇ ਗਏ ਪ੍ਰਸਤਾਵ ਨੂੰ ਰਿਕਾਰਡ 177 ਦੇਸ਼ਾਂ ਦਾ ਸਮਰਥਨ ਮਿਲਿਆ ਅਤੇ 21 ਜੂਨ, 2015 ਨੂੰ ਪਹਿਲੀ ਵਾਰ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਉਦੋਂ ਤੋਂ ਯੋਗ ਦਾ ਵਿਸ਼ਵ ਵਿਆਪੀ ਵਿਸਤਾਰ ਲਗਾਤਾਰ ਵਧ ਰਿਆ ਹੈ ਅਤੇ ਕਰੋੜਾਂ ਲੋਕ ਇਸ ਨਾਲ ਜੁੜ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ “ਖੇਡੇਗਾ ਭਾਰਤ ਤਾਂ ਖਿੜੇਗਾ ਭਾਰਤ” ਅਤੇ “ਯੋਗ ਦੀ ਡੋਜ਼, ਅੱਧਾ ਘੰਟਾ ਰੋਜ਼” ਵਰਗੇ ਸੰਦੇਸ਼ ਅੱਜ ਦੇ ਸਮੇਂ ਦੀ ਲੋੜ ਹਨ। ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਕੇ ਅਸੀਂ ਸਿਹਤਮੰਦ, ਊਰਜਾਵਾਨ ਅਤੇ ਸਕਾਰਾਤਮਕ ਜੀਵਨ ਜੀਅ ਸਕਦੇ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਇਸ ਸਾਲ 12ਵੇਂ ਕੌਮਾਂਤਰੀ ਯੋਗ ਦਿਵਸ ਨੂੰ ਵਿਸ਼ਾਲ ਅਤੇ ਵਿਆਪਕ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ ਹੈ। 1 ਜੂਨ ਤੋਂ 21 ਜੂਨ ਤੱਕ ਸੂਬੇ ਭਰ ਵਿੱਚ ਜ਼ਿਲ੍ਹਾ, ਉਪ-ਮੰਡਲ, ਬਲਾਕ, ਵਾਰਡ ਅਤੇ ਗ੍ਰਾਮ ਪੰਚਾਇਤ ਪੱਧਰ ‘ਤੇ ਯੋਗ ਕੈਂਪ ਆਯੋਜਿਤ ਕੀਤੇ ਜਾਣਗੇ। ਸੂਬਾ ਪੱਧਰੀ ਮੁੱਖ ਪ੍ਰੋਗਰਾਮ 21 ਜੂਨ ਨੂੰ ਪੰਚਕੂਲਾ ਵਿੱਚ ਆਯੋਜਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਕੌਮਾਂਤਰੀ ਯੋਗ ਦਿਵਸ ਦਾ ਵਿਸ਼ਾ ‘ਸਿਹਤਮੰਦ ਬੁਢਾਪੇ ਲਈ ਯੋਗ’ ਹੈ, ਜੋ ਅੱਜ ਦੀ ਸਭ ਤੋਂ ਵੱਡੀ ਲੋੜ ਹੈ। ਆਧੁਨਿਕ ਜੀਵਨ ਸ਼ੈਲੀ ਨੇ ਜਿੱਥੇ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਹਨ, ਉੱਥੇ ਹੀ ਤਣਾਅ, ਨੀਂਦ ਨਾ ਆਉਣਾ, ਅਨਿਯਮਿਤ ਖਾਣ-ਪੀਣ ਅਤੇ ਮਾਨਸਿਕ ਅਸ਼ਾਂਤੀ ਵਰਗੀਆਂ ਸਮੱਸਿਆਵਾਂ ਵੀ ਵਧੀਆਂ ਹਨ। ਅਜਿਹੇ ਸਮੇਂ ਵਿੱਚ ਯੋਗ ਸਰੀਰ ਨੂੰ ਨਿਰੋਗ, ਮਨ ਨੂੰ ਸਥਿਰ ਅਤੇ ਜੀਵਨ ਨੂੰ ਸੰਤੁਲਿਤ ਬਣਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਵਿਸ਼ਾ ‘ਯੋਗ ਯੁਕਤ, ਨਸ਼ਾ ਮੁਕਤ ਹਰਿਆਣਾ’ ਹੈ। ਸੂਬੇ ਦੇ ਨੌਜਵਾਨਾਂ ਨੂੰ ਯੋਗ ਦੇ ਮਾਧਿਅਮ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਯੋਗ ਅਪਣਾਉਣ ਅਤੇ ਨਸ਼ੇ ਤੋਂ ਦੂਰ ਰਹਿਣ ਦਾ ਸੱਦਾ ਵੀ ਦਿੱਤਾ।
ਮੁੱਖ ਮੰਤਰੀ ਨੇ ਸਾਰੇ ਨਾਗਰਿਕਾਂ ਨੂੰ ਸੱਦਾ ਦਿੱਤਾ ਕਿ ਉਹ 21 ਜੂਨ ਤੱਕ ਆਯੋਜਿਤ ਹੋਣ ਵਾਲੇ ਯੋਗ ਪ੍ਰੋਗਰਾਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਹਰਿਆਣਾ ਨੂੰ ਦੇਸ਼ ਦਾ ਸਭ ਤੋਂ ਸਿਹਤਮੰਦ, ਜਾਗਰੂਕ ਅਤੇ ਖੁਸ਼ਹਾਲ ਰਾਜ ਬਣਾਉਣ ਦੇ ਸੰਕਲਪ ਵਿੱਚ ਭਾਗੀਦਾਰ ਬਣਨ। ਇਸ ਮੌਕੇ ‘ਤੇ ਹਰਿਆਣਾ ਯੋਗ ਕਮਿਸ਼ਨ ਦੇ ਚੇਅਰਮੈਨ ਡਾ. ਜੈਦੀਪ ਆਰੀਆ ਨੇ ਵੱਖ-ਵੱਖ ਯੋਗ ਕਿਰਿਆਵਾਂ ਦੇ ਲਾਭ ਦੱਸਦਿਆਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਅਤੇ ਹਜ਼ਾਰਾਂ ਯੋਗ ਸਾਧਕਾਂ ਨੂੰ ਸਮੂਹਿਕ ਯੋਗ ਅਭਿਆਸ ਕਰਵਾਇਆ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਮੰਡਲ ਕਮਿਸ਼ਨਰ ਰਵੀ ਪ੍ਰਕਾਸ਼ ਗੁਪਤਾ, ਸੀਪੀ ਸ਼ਿਵਾਸ ਕਵੀਰਾਜ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਜੇਤਲੀ ਸਮੇਤ ਵੱਖ-ਵੱਖ ਜਨ ਪ੍ਰਤੀਨਿਧੀ, ਪ੍ਰਸ਼ਾਸਨਿਕ ਅਧਿਕਾਰੀ, ਯੋਗ ਟ੍ਰੇਨਰ ਅਤੇ ਵੱਡੀ ਗਿਣਤੀ ਵਿੱਚ ਯੋਗ ਸਾਧਕ ਮੌਜ਼ੂਦ ਸਨ।