Saturday, July 4Malwa News
Shadow

ਸੀਏ ਦੇਸ਼ ਦੀ ਆਰਥਿਕ ਮਜ਼ਬੂਤੀ ਦੇ ਪ੍ਰਮੁੱਖ ਥੰਮ੍ਹ, ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਨਿਭਾਉਣਗੇ ਅਹਿਮ ਭੂਮਿਕਾ – ਮੁੱਖ ਮੰਤਰੀ

ਚੰਡੀਗੜ੍ਹ, 4 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ। ਅੱਜ ਦੇਸ਼ ਵਿੱਚ ਹਰ ਮਹੀਨੇ ਰਿਕਾਰਡ ਜੀ.ਐਸ.ਟੀ. ਕਲੈਕਸ਼ਨ ਹੋ ਰਿਹਾ ਹੈ, ਜੋ ਦੇਸ਼ ਦੀ ਵਧ ਰਹੀ ਆਰਥਿਕ ਤਾਕਤ ਦਾ ਪ੍ਰਤੀਕ ਹੈ। ਇਸ ਟੈਕਸ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵਿੱਚ ਚਾਰਟਰਡ ਅਕਾਊਂਟੈਂਟਸ (ਸੀਏ) ਦਾ ਵੱਡਾ ਯੋਗਦਾਨ ਹੈ। ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਵੱਲੋਂ ਪੰਚਕੂਲਾ ਵਿੱਚ ਸੈਂਟਰ ਆਫ ਐਕਸੀਲੈਂਸ ਸਥਾਪਿਤ ਕਰਨ ਲਈ 5 ਏਕੜ ਜ਼ਮੀਨ ਦੀ ਮੰਗ ‘ਤੇ ਮੁੱਖ ਮੰਤਰੀ ਨੇ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ਨੀਵਾਰ ਨੂੰ ਪੰਚਕੂਲਾ ਸਥਿਤ ਇੰਦਰਧਨੁਸ਼ ਆਡੀਟੋਰੀਅਮ ਵਿੱਚ ਸੀਏ ਵਿਦਿਆਰਥੀਆਂ ਦੇ ਰਾਸ਼ਟਰੀ ਸੰਮੇਲਨ ‘‘ਪ੍ਰਗਿਆਨ 2026‘‘ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਦੀਪ ਜਗਾ ਕੇ ਸੰਮੇਲਨ ਦੀ ਸ਼ੁਰੂਆਤ ਕੀਤੀ।

ਸੀਏ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਦੇ ਸੰਕਲਪ ਵਿੱਚ ਸੀਏ ਦਾ ਯੋਗਦਾਨ ਮਹੱਤਵਪੂਰਨ ਹੈ। ਵਿਕਸਿਤ ਭਾਰਤ ਦੀ ਜੋ ਆਰਥਿਕ ਇਮਾਰਤ ਖੜ੍ਹੀ ਹੋਵੇਗੀ, ਉਸਦਾ ਨਕਸ਼ਾ ਅਤੇ ਉਸਦਾ ਬਲੂਪ੍ਰਿੰਟ ਤੁਸੀਂ ਨੌਜਵਾਨ ਸਾਥੀ ਹੀ ਤਿਆਰ ਕਰੋਗੇ। ਪ੍ਰਧਾਨ ਮੰਤਰੀ ਦੀ ਇੱਕ ਪ੍ਰੇਰਨਾਦਾਇਕ ਗੱਲ ਦਾ ਵਰਨਣ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਨੇ ਦ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਦੇ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਇੱਕ ਚਾਰਟਰਡ ਅਕਾਊਂਟੈਂਟ ਦੇ ਦਸਤਖਤ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਸਤਖਤਾਂ ਨਾਲੋਂ ਵੀ ਵੱਧ ਸ਼ਕਤੀਸ਼ਾਲੀ ਹੁੰਦੇ ਹਨ। ਇਹ ਤੁਹਾਡੀ ਕਲਮ, ਇਮਾਨਦਾਰੀ ਅਤੇ ਸੱਚਾਈ ਨੂੰ ਦਿੱਤਾ ਗਿਆ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਹੈ। ਸਰਕਾਰਾਂ ਨੀਤੀਆਂ, ਯੋਜਨਾਵਾਂ ਅਤੇ ਪ੍ਰੋਗਰਾਮ ਬਣਾ ਸਕਦੀਆਂ ਹਨ, ਪਰ ਇੱਕ ਚਾਰਟਰਡ ਅਕਾਊਂਟੈਂਟ ਦੇ ਦਸਤਖਤ ਨਾਲ ਪੂਰੀ ਅਰਥਵਿਵਸਥਾ ਦੀ ਦਿਸ਼ਾ ਅਤੇ ਦਸ਼ਾ ਤੈਅ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਇਸ ਸੰਮੇਲਨ ਦਾ ਵਿਸ਼ਾ ‘ਪ੍ਰਗਿਆਨ ਯਸ਼’ ਦਾ ਰਾਹ ਸਾਨੂੰ ਸਿਖਾਉਂਦਾ ਹੈ ਕਿ ਸਫਲਤਾ ਸਿਰਫ ਪ੍ਰਤਿਭਾ ਨਾਲ ਨਹੀਂ ਮਿਲਦੀ, ਸਗੋਂ ਮਿਹਨਤ, ਇਮਾਨਦਾਰੀ, ਅਨੁਸ਼ਾਸਨ ਅਤੇ ਲਗਾਤਾਰ ਸਿੱਖਦੇ ਰਹਿਣ ਦੀ ਭਾਵਨਾ ਨਾਲ ਮਿਲਦੀ ਹੈ। ਇਸ ਸੰਮੇਲਨ ਵਿੱਚ ਦੇਸ਼ ਦੇ ਮੰਨੇ-ਪ੍ਰਮੰਨੇ ਬੁਲਾਰਿਆਂ ਦੇ ਪ੍ਰੇਰਨਾਦਾਇਕ ਭਾਸ਼ਣ, ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ, ਸਾਰਥਕ ਚਰਚਾਵਾਂ, ਨੈਟਵਰਕਿੰਗ ਦੇ ਮੌਕੇ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਦੁਨੀਆ ਲਈ ਸੀ.ਏ. ਸਿਰਫ਼ ਦੋ ਅੱਖਰ ਹੋ ਸਕਦੇ ਹਨ ਪਰੰਤੂ ਸੀ.ਏ. ਦੀ ਪੜ੍ਹਾਈ ਕੋਈ ਸਾਧਾਰਨ ਕੋਰਸ ਨਹੀਂ ਹੈ। ਇਹ ਇੱਕ ਕਠਿਨ ਸਾਧਨਾ ਅਤੇ ਤਪੱਸਿਆ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੀਏ ਵਿਦਿਆਰਥੀਆਂ ਨਾਲ ਸੰਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਸਾਹਮਣੇ ਅੱਜ ਜੋ ਚੁਣੌਤੀਆਂ ਹਨ, ਉਨ੍ਹਾਂ ਤੋਂ ਕਿਤੇ ਵੱਡੀ ਜ਼ਿੰਮੇਵਾਰੀ ਉਨ੍ਹਾਂ ਦੀ ਵਪਾਰਕ ਨੈਤਿਕਤਾ ਦੀ ਹੈ। ਜਦੋਂ ਉਹ ਡਿਗਰੀ ਲੈ ਕੇ ਬਾਹਰ ਨਿਕਲਣਗੇ, ਤਾਂ ਉਨ੍ਹਾਂ ਦੇ ਹੱਥਾਂ ਵਿੱਚ ਦੇਸ਼ ਦੇ ਭਰੋਸੇ ਦੀ ਚਾਬੀ ਹੋਵੇਗੀ। ਉਨ੍ਹਾਂ ਦੀ ਇੱਕ ਸਹੀ ਸਲਾਹ ਅਤੇ ਇੱਕ ਇਮਾਨਦਾਰ ਰਿਪੋਰਟ ਦੇਸ਼ ਦੇ ਖਜ਼ਾਨੇ ਨੂੰ ਭਰ ਸਕਦੀ ਹੈ, ਜਿਸ ਨਾਲ ਸਰਹੱਦ ‘ਤੇ ਖੜ੍ਹੇ ਜਵਾਨ ਲਈ ਚੰਗੇ ਉਪਕਰਣ ਆਉਂਦੇ ਹਨ ਅਤੇ ਦੇਸ਼ ਦੇ ਗਰੀਬ ਦੀ ਥਾਲੀ ਵਿੱਚ ਰਾਸ਼ਨ ਪਹੁੰਚਦਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵਿਦਿਆਰਥੀਆਂ ਦਾ ਹਰਿਆਣਾ ਵਿੱਚ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਉਹ ਰਾਜ ਹੈ ਜੋ ਦੇਸ਼ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ। ਹਰਿਆਣਾ ਅੱਜ ਨਵੇਂ ਕਾਰੋਬਾਰਾਂ ਅਤੇ ਸਟਾਰਟਅੱਪਸ ਦਾ ਵੱਡਾ ਹੱਬ ਬਣ ਰਿਹਾ ਹੈ। ਇੱਥੇ ਵਪਾਰ ਨੂੰ ਹੋਰ ਆਸਾਨ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ ਅਤੇ ਤੁਹਾਡੇ ਵਰਗੇ ਨੌਜਵਾਨਾਂ ਲਈ ਇੱਥੇ ਮੌਕਿਆਂ ਦਾ ਇੱਕ ਪੂਰਾ ਅਸਮਾਨ ਖੁੱਲ੍ਹਾ ਹੋਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤਕਨੀਕ ਦੀ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਹਰ ਪਾਸੇ ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ ਏ.ਆਈ. ਦੀ ਚਰਚਾ ਹੋ ਰਹੀ ਹੈ। ਕੁਝ ਲੋਕ ਡਰਾਉਂਦੇ ਹਨ ਕਿ ਏ.ਆਈ. ਨਾਲ ਚਾਰਟਰਡ ਅਕਾਊਂਟੈਂਟਸ ਦੀਆਂ ਨੌਕਰੀਆਂ ਖ਼ਤਰੇ ਵਿੱਚ ਪੈ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਪੂਰੇ ਵਿਸ਼ਵਾਸ ਨਾਲ ਕਹਿੰਦੇ ਹਨ ਕਿ ਕੋਈ ਵੀ ਏ.ਆਈ., ਕੋਈ ਵੀ ਕੰਪਿਊਟਰ ਸਾਫਟਵੇਅਰ ਇੱਕ ਇਨਸਾਨ ਦੇ ਵਿਵੇਕ, ਉਸਦੇ ਤਜਰਬੇ ਅਤੇ ਉਸਦੀ ਫੈਸਲਾ ਲੈਣ ਦੀ ਸਮਰੱਥਾ ਦਾ ਬਦਲ ਕਦੇ ਨਹੀਂ ਬਣ ਸਕਦਾ। ਤਕਨੀਕ ਕੰਮ ਨੂੰ ਆਸਾਨ ਬਣਾ ਸਕਦੀ ਹੈ, ਡੇਟਾ ਨੂੰ ਜਲਦੀ ਪ੍ਰੋਸੈਸ ਕਰ ਸਕਦੀ ਹੈ ਪਰੰਤੂ ਉਹ ਤੁਹਾਡੀ ਨੈਤਿਕਤਾ, ਤੁਹਾਡੀ ਇਮਾਨਦਾਰੀ ਅਤੇ ਤੁਹਾਡੇ ਮਾਨਵੀ ਦ੍ਰਿਸ਼ਟੀਕੋਣ ਦਾ ਬਦਲ ਨਹੀਂ ਹੋ ਸਕਦੀ।

ਇਸ ਮੌਕੇ ਚੇਅਰਮੈਨ ਬੋਰਡ ਆਫ ਸਟੱਡੀਜ਼ ਸੀਏ ਸ੍ਰੀ ਰਾਜੇਸ਼ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਸੀਏ ਦਾ ਅਹਿਮ ਯੋਗਦਾਨ ਹੈ। ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਦਾ ਵਰਨਣ ਕਰਦਿਆਂ ਉਨ੍ਹਾਂ ਦੱਸਿਆ ਕਿ ਇੰਸਟੀਚਿਊਟ ਦੀਆਂ ਦੇਸ਼ ਭਰ ਵਿੱਚ 185 ਬ੍ਰਾਂਚਾਂ ਹਨ। ਵਿਸ਼ਵ ਵਿੱਚ 154 ਓਵਰਸੀਜ਼ ਚੈਪਟਰ ਅਤੇ 31 ਪ੍ਰਤੀਨਿਧੀ ਦਫ਼ਤਰ ਹਨ। ਇਹ ਇੰਸਟੀਚਿਊਟ 5 ਲੱਖ 30 ਹਜ਼ਾਰ ਮੈਂਬਰਾਂ ਅਤੇ 12 ਲੱਖ ਵਿਦਿਆਰਥੀਆਂ ਦੇ ਨਾਲ ਵਿਸ਼ਵ ਦੀ ਸਭ ਤੋਂ ਵੱਡੀ ਅਕਾਊਂਟਿੰਗ ਬਾਡੀ ਹੈ। ਨਿਕਾਸਾ ਚੰਡੀਗੜ੍ਹ ਦੇ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਲਖਾਤਿਆ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ।

ਇਸ ਮੌਕੇ ਵਾਈਸ ਚੇਅਰਮੈਨ ਚੰਡੀਗੜ੍ਹ ਬ੍ਰਾਂਚ ਸੀਏ ਸ੍ਰੀ ਰਚਿਤ ਗੋਇਲ, ਪ੍ਰੋਗਰਾਮ ਡਾਇਰੈਕਟਰ ਸੀਏ ਸ੍ਰੀ ਹੰਸਰਾਜ ਚੁੱਘ, ਚੇਅਰਮੈਨ ਆਈਸੀਏਆਈ ਚੰਡੀਗੜ੍ਹ ਸੀਏ ਸ੍ਰੀ ਸਾਹਿਲ ਗਰਗ, ਵਾਈਸ ਚੇਅਰਮੈਨ ਬੋਰਡ ਆਫ ਸਟੱਡੀਜ਼ ਸੀਏ ਸ੍ਰੀ ਗਿਆਨਚੰਦ ਮਿਸ਼ਰਾ, ਵਾਈਸ ਚੇਅਰਮੈਨ ਐਨਆਈਆਰਸੀ ਸੀਏ ਸ੍ਰੀ ਅਜੀਤ ਸਿੰਘ, ਸਕੱਤਰ ਆਈਸੀਏਆਈ ਚੰਡੀਗੜ੍ਹ ਸੀਏ ਸ੍ਰੀ ਸਾਹਿਲ ਮਿੱਤਲ, ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਸ੍ਰੀ ਸੰਜੇ ਟੰਡਨ, ਪੰਚਕੂਲਾ ਦੇ ਮੇਅਰ ਸ੍ਰੀ ਸ਼ਿਆਮ ਲਾਲ ਬਾਂਸਲ, ਸ਼ਿਵਾਲਿਕ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਓਮਪ੍ਰਕਾਸ਼ ਦੇਵੀਨਗਰ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਤਰੁਣ ਭੰਡਾਰੀ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਰਾਕੇਸ਼ ਸੰਧੂ, ਮੀਡੀਆ ਸਕੱਤਰ ਸ੍ਰੀ ਪ੍ਰਵੀਨ ਅੱਤਰੇ, ਸੀਏ ਵਿਦਿਆਰਥੀ ਅਤੇ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਅਤੇ ਨਿਕਾਸਾ ਦੇ ਹੋਰ ਪ੍ਰਤੀਨਿਧੀ ਮੌਜੂਦ ਸਨ।