
ਮੂਣਕ, 12 ਸਤੰਬਰ (000) – ਪੰਜਾਬ ਵਿੱਚ ਪਏ ਭਾਰੀ ਮੀਂਹ ਕਾਰਨ ਪੈਦਾ ਹੋਏ ਹੜ੍ਹ ਵਰਗੇ ਹਾਲਾਤ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਕਈ ਦਿਨਾਂ ਤੋਂ ਲਗਾਤਾਰ ਘੱਗਰ ਨਾਲ ਲੱਗਦੇ ਇਲਾਕੇ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈ ਰਹੇ ਹਨ। ਅੱਜ ਵੀ ਉਹਨਾਂ ਨੇ ਮੂਣਕ ਅਤੇ ਕੜੈਲ ਬੰਨ੍ਹਾਂ ਦਾ ਦੌਰਾ ਕੀਤਾ ਅਤੇ ਉਥੇ ਬੰਨ੍ਹਾਂ ਨੂੰ ਮਜ਼ਬੂਤ ਕਰ ਰਹੇ ਲੋਕਾਂ ਨੂੰ ਹੱਲਾਸ਼ੇਰੀ ਦਿੱਤੀ।
ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ। ਅੱਜ ਮਿਤੀ 12 ਸਤੰਬਰ ਨੂੰ ਪਾਣੀ ਦਾ ਪੱਧਰ 750.1 ਫੁੱਟ ਹੈ। ਜੋ ਕਿ ਪਿਛਲੇ ਦਿਨਾਂ ਤੋਂ ਕਾਫੀ ਘਟ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਨਹੀਂ ਆ ਜਾਂਦਾ ਉਦੋਂ ਤੱਕ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਇਸੇ ਤਰ੍ਹਾਂ ਚਾਲੂ ਰਹੇਗਾ। ਉਹਨਾਂ ਕੰਮ ਕਰ ਰਹੇ ਸਥਾਨਕ ਲੋਕਾਂ ਦੀ ਸੇਵਾ ਦੀ ਸ਼ਲਾਘਾ ਕੀਤੀ।
ਉਹਨਾਂ ਕਿਹਾ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਅਗਲੇ 2-3 ਦਿਨਾਂ ਵਿੱਚ ਘੱਗਰ ਦਰਿਆ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਆ ਜਾਵੇਗਾ। ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ 18 ਕਿਲੋਮੀਟਰ ਵਿੱਚ ਪੈਂਦੇ ਘੱਗਰ ਖੇਤਰ ਦੀ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਵਿਭਾਗ ਦੇ ਬੇਲਦਾਰ ਤੋਂ ਲੈ ਕੇ ਨਿਗਰਾਨ ਇੰਜੀਨੀਅਰ ਤੱਕ ਦੇ ਅਧਿਕਾਰੀ ਬੰਨ੍ਹ ਉੱਤੇ ਲਗਾਤਾਰ ਡਿਊਟੀ ਉੱਤੇ ਤਾਇਨਾਤ ਹਨ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਵੇਸਲੇ ਨਾ ਹੋਣ ਸਗੋਂ ਦਰਿਆ ਉੱਤੇ ਚੱਲ ਰਹੇ ਹਰ ਤਰ੍ਹਾਂ ਦੇ ਕੰਮ ਦੀ ਖੁਦ ਵੀ ਨਿਗਰਾਨੀ ਕਰਨ। ਇਸ ਮੌਕੇ ਉਹਨਾਂ ਨਾਲ ਐਸ ਡੀ ਐਮ ਮੂਣਕ ਸ੍ਰ ਸੂਬਾ ਸਿੰਘ, ਵੱਡੀ ਗਿਣਤੀ ਵਿੱਚ ਆਮ ਲੋਕ ਅਤੇ ਹੋਰ ਅਧਿਕਾਰੀ ਕਰਮਚਾਰੀ ਵੀ ਹਾਜ਼ਰ ਸਨ।